ਕਪਾਲ ਮੋਚਨ ਤੋਂ ਪਰਤਦੇ ਸ਼ਰਧਾਲੂਆਂ ਦੀ ਬੱਸ ਪਲਟੀ; ਚਾਰ ਮੌਤਾਂ


ਯਮੁਨਾਨਗਰ - ਕਪਾਲ ਮੋਚਨ ਮੇਲੇ ਤੋਂ ਮੰਡੀ ਗੋਨੇਆਣਾ (ਬਠਿੰਡਾ) ਆ ਰਹੀ ਸ਼ਰਧਾਲੂਆਂ ਵਾਲੀ ਬੱਸ ਪਲਟਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਤਕਰੀਬਨ ਇੱਕ ਦਰਜਨ ਵਿਅਕਤੀ ਫੱਟੜ ਹੋਏ ਹਨ।  ਇਹ ਹਾਦਸਾ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ  ਬਚਾਉਣ ਦੇ ਚੱਕਰ ਵਿੱਚ ਹੋਇਆ।   ਇਸ ਹਾਦਸੇ ’ਚ ਮਾਰੇ ਗਏ ਤਿੰਨ ਮੋਟਰਸਾਈਕਲ ਸਵਾਰ ਯਮੁਨਾਨਗਰ ਦੇ ਹੀ ਸਨ।  ਮੇਲਾ ਪ੍ਰਬੰਧਕ ਐਸਡੀਐਮ ਨਵੀਨ ਅਹੂਜਾ, ਡੀਐਸਪੀ ਊਸ਼ਾ ਕੁੰਡੂ ਅਤੇ ਡੀਐਸਪੀ ਰਣਧੀਰ ਸਿੰਘ ਦੁਰਘਟਨਾ ਸਥਾਨ ’ਤੇ ਪਹੁੰਚੇ। ਪੁਲੀਸ ਨੇ ਪੋਸਟਮਾਰਟਮ ਬਾਅਦ ਚਾਰੇ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।
ਪਿੰਡ ਲੇਦਾਖਾਸ ਵਾਸੀ ਰਾਜੇਸ਼ ਨੇ ਬਿਲਾਸਪੁਰ ਪੁਲੀਸ ਨੂੰ ਦੱਸਿਆ ਕਿ ਉਸ ਦਾ ਚਾਚਾ ਰਾਜ ਕੁਮਾਰ (34) ਆਪਣੀ ਭੂਆ ਦੇ ਮੁੰਡੇ ਰਾਹੁਲ (21) ਅਤੇ ਰਿੰਕੂ (35)  ਨਾਲ ਮੋਟਰਸਾਈਕਲ ’ਤੇ ਬਿਲਾਸਪੁਰ ਜਾ ਰਿਹਾ ਸੀ। ਜਗਾਧਰੀ-ਬਿਲਾਸਪੁਰ ਰੋਡ ’ਤੇ ਪਿੰਡ ਪੀਰੂਵਾਲਾ ਨੇੜੇ ਮੋਟਰਸਾਈਕਲ ਸ਼ਰਧਾਲੂਆਂ ਵਾਲੀ ਬੱਸ ਨਾਲ ਟਕਰਾ ਗਿਆ।  ਮੋਟਰਸਾਈਕਲ ਸਵਾਰਾਂ ਨੂੰ ਬਚਾਉਣ ਦੇ ਚੱਕਰ ’ਚ ਬੱਸ ਚਾਲਕ ਸੂਰਤ ਸਿੰਘ ਤੋਂ ਸੰਤੁਲਨ ਵਿਗੜ ਗਿਆ ਅਤੇ ਬੱਸ ਖੇਤਾਂ ਵਿੱਚ ਪਲਟ ਗਈ।  ਬੱਸ ਹੇਠ ਆਉਣ ਕਾਰਨ ਮੋਟਰਸਾਈਕਲ ਸਵਾਰ ਤਿੰਨੇ ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ। ਬੱਸ ’ਚ ਸਵਾਰ ਪਿੰਡ ਹਰਰਾਏਪੁਰ (ਬਠਿੰਡਾ) ਵਾਸੀ 45 ਸਾਲਾ ਚਰਨਜੀਤ ਸਿੰਘ ਦੀ ਵੀ ਮੌਕੇ ’ਤੇ ਮੌਤ ਹੋ ਗਈ।  ਇਸ ਹਾਦਸੇ ’ਚ ਸੂਰਜ, ਕੁਲਵੰਤ ਕੌਰ, ਪਵਨ, ਧਰਮਜੀਤ, ਤੇਜਵੀਰ ਤੇ ਬਲਜਿੰਦਰ ਸਮੇਤ ਤਕਰੀਬਨ ਇੱਕ ਦਰਜਨ ਵਿਅਕਤੀ ਫੱਟੜ ਹੋਏ ਹਨ। ਇਹ ਯਮੁਨਾਨਗਰ ਦੇ ਟਰੌਮਾ ਸੈਂਟਰ ’ਚ ਜ਼ੇਰੇ ਇਲਾਜ ਹਨ।  ਹਰਰਾਏਪੁਰ ਦੇ ਸਰਪੰਚ ਗੁਰਸੇਵਕ ਸਿੰਘ ਨੇ ਦੱਸਿਆ ਕਿ ਇਸ ਹਾਦਸੇ ’ਚ ਉਨ੍ਹਾਂ ਦੇ ਪਿੰਡ ਦਾ ਬਿੰਦਰ ਸਿੰਘ, ਰੇਸ਼ਮ ਸਿੰਘ ਤੇ ਰਾਜੂ ਸਿੰਘ ਫੱਟੜ ਹੋਏ ਹਨ।
ਮੇਲੇ ਦੌਰਾਨ ਪੰਜਾਬ ਦੇ ਮਾਲੇਰਕੋਟਲਾ ਵਾਸੀ ਮਦਨ ਲਾਲ ਦੀ ਤਬੀਅਤ ਵਿਗੜ ਗਈ। ਉਸ ਨੂੰ ਬਿਲਾਸਪੁਰ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

 

 

fbbg-image

Latest News
Magazine Archive