ਨਿਊਯਾਰਕ ’ਚ ਦਹਿਸ਼ਤ ਦੀ ਵਾਪਸੀ


ਨਿਊਯਾਰਕ - ਇਥੇ ਵਰਲਡ ਟਰੇਡ ਸੈਂਟਰ ਨੇੜੇ ਅੱਜ ਭੀੜ-ਭੜੱਕੇ ਵਾਲੇ ਸਾਈਕਲ ਟਰੈਕ ’ਤੇ ਉਜ਼ਬੇਕ ਵਿਅਕਤੀ ਨੇ ‘ਅੱਲਾ-ਹੂ-ਅਕਬਰ’ ਦੇ ਨਾਅਰੇ ਲਾਉਂਦਿਆਂ ਪਿਕਅੱਪ ਟਰੱਕ ਚਾੜ੍ਹ ਦਿੱਤਾ, ਜਿਸ ਕਾਰਨ ਅੱਠ ਵਿਅਕਤੀ ਦਰੜੇ ਗਏ ਅਤੇ 11 ਜਣੇ ਫੱਟੜ ਹੋਏ ਹਨ। ਆਈਐਸਆਈਐਸ ਤੋਂ ਪ੍ਰੇਰਿਤ ਇਸ ਹਮਲੇ ਨੂੰ 9/11 ਬਾਅਦ ਇਸ ਸ਼ਹਿਰ ’ਚ ਸਭ ਤੋਂ ਮਾਰੂ ਅਤਿਵਾਦੀ ਹਮਲਾ ਕਰਾਰ ਦਿੱਤਾ ਗਿਆ ਹੈ। 29 ਸਾਲਾ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਇਕ ਪੁਲੀਸ ਅਫ਼ਸਰ ਨੇ ਉਸ ਦੇ ਢਿੱਡ ’ਚ ਗੋਲੀ ਮਾਰੀ। ਮੀਡੀਆ ਮੁਤਾਬਕ ਇਸ ਉਜ਼ਬੇਕ ਵਿਅਕਤੀ ਦਾ ਨਾਂ ਸੈਫੁੱਲਾ ਹਬੀਬੁਲਾਵਿਚ ਸਾਇਪੋਵ ਹੈ, ਜੋ ਪਰਵਾਸੀ ਹੈ ਤੇ 2010 ਵਿੱਚ ਕਾਨੂੰਨੀ ਤੌਰ ’ਤੇ ਅਮਰੀਕਾ ਆਇਆ ਸੀ।
ਪੁਲੀਸ ਨੇ ਦੱਸਿਆ ਕਿ ਪੈਦਲ ਤੇ ਸਾਈਕਲ ਟਰੈਕ ’ਚ ਦਾਖ਼ਲ ਹੋਣ ਬਾਅਦ ਹਮਲਾਵਰ ਨੇ ਟਰੱਕ ਦੱਖਣ ਵੱਲ ਦੌੜਾ ਦਿੱਤਾ ਅਤੇ ਉਸ ਨੇ ਅੱਧਾ ਕਿਲੋਮੀਟਰ ਤਕ ਅੱਗੇ ਆਉਣ ਵਾਲੇ ਲੋਕਾਂ ਨੂੰ ਦਰੜਦਾ ਗਿਆ। ਮੌਕੇ ’ਤੇ ਹੀ ਛੇ ਵਿਅਕਤੀਆਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਦੋ ਜਣੇ ਹਸਪਤਾਲ ’ਚ ਪਹੁੰਚ ਕੇ ਦਮ ਤੋੜ ਗਏ। ਇਸ ਹਮਲੇ ’ਚ ਅਰਜਨਟੀਨਾ ਦੇ ਪੰਜ ਤੇ ਬੈਲਜੀਅਮ ਦਾ ਇਕ ਨਾਗਰਿਕ ਮਾਰਿਆ ਗਿਆ ਜਦੋਂ ਕਿ ਦੋ ਲਾਸ਼ਾਂ ਦੀ ਅਜੇ ਸ਼ਨਾਖ਼ਤ ਨਹੀਂ ਹੋਈ ਹੈ। ਇਸ ਹਮਲੇ ਵਿੱਚ ਮਾਰੇ ਗਏ ਪੰਜ ਅਰਜਨਟੀਨਾ ਦੇ ਨਾਗਰਿਕਾਂ ਦੀ ਇਸ ਮੁਲਕ ਦੇ ਵਿਦੇਸ਼ ਮੰਤਰਾਲੇ ਨੇ ਪੁਸ਼ਟੀ ਕਰ ਦਿੱਤੀ ਹੈ। ਇਹ ਦਸ ਦੋਸਤ ਇਕੱਠੇ ਹੋ ਕੇ ਆਪਣੀ ਗਰੈਜੂਏਸ਼ਨ ਦੀ 30ਵੀਂ ਵਰ੍ਹੇਗੰਢ ਦਾ ਨਿਊ ਯਾਰਕ ਵਿੱਚ ਜਸ਼ਨ ਮਨਾਉਣ ਆਏ ਸਨ।
ਨਿਊ ਯਾਰਕ ਪੁਲੀਸ ਵਿਭਾਗ ਮੁਤਾਬਕ ਸਕੂਲ ਬੱਸ ’ਚ ਟੱਕਰ ਮਾਰਨ, ਜਿਸ ਕਾਰਨ ਦੋ ਬੱਚਿਆਂ ਸਮੇਤ ਚਾਰ ਜਣੇ ਫੱਟੜ ਹੋ ਗਏ, ਬਾਅਦ ਇਹ ਸ਼ੱਕੀ ਟਰੱਕ ਵਿੱਚੋਂ ਬਾਹਰ ਨਿਕਲਿਆ ਅਤੇ ‘ਹਥਿਆਰ ਹੋਣ’ ਦਾ ਸਵਾਂਗ ਰਚਾਉਣ ਲੱਗਾ। ਇਸ ਬਾਅਦ ਪੁਲੀਸ ਅਧਿਕਾਰੀ ਨੇ ਉਸ ਨੂੰ ਗੋਲੀ ਮਾਰ ਦਿੱਤੀ। ਸੀਐਨਐਨ ਨੇ ਦੱਸਿਆ ਕਿ ਸਾਈਪੋਵ ਦੇ ਅਪਰੇਸ਼ਨ ਤੋਂ ਪਹਿਲਾਂ ਪੁਲੀਸ ਅਧਿਕਾਰੀਆਂ ਵੱਲੋਂ ਉਸ ਨਾਲ ਗੱਲਬਾਤ ਕੀਤੀ ਗਈ ਪਰ ਇਹ ਪਤਾ ਨਹੀਂ ਲੱਗਾ ਕਿ ਉਸ ਨੇ ਅਧਿਕਾਰੀਆਂ ਨੂੰ ਕੁੱਝ ਦੱਸਿਆ ਹੈ ਜਾਂ ਨਹੀਂ।
ਇਕ ਚਸ਼ਮਦੀਦ ਨੇ ਏਬੀਸੀ ਚੈਨਲ 7 ਨੂੰ ਦੱਸਿਆ ਕਿ ਉਸ ਨੇ ਦੇਖਿਆ ਕਿ ਵੈਸਟ ਸਾਈਡ ਹਾਈਵੇਅ ਨਾਲ ਸਾਈਕਲ ਟਰੈਕ ’ਤੇ ਇਕ ਤੇਜ਼ ਰਫ਼ਤਾਰ ਟਰੱਕ ਆ ਚੜ੍ਹਿਆ ਅਤੇ ਉਹ ਲੋਕਾਂ ਨੂੰ ਕੁਚਲਦਾ ਜਾ ਰਿਹਾ ਸੀ। ਉਸ ਨੇ 9 ਜਾਂ 10 ਗੋਲੀਆਂ ਚੱਲਣ ਦੀ ਆਵਾਜ਼ ਵੀ ਸੁਣੀ। ਮੀਡੀਆ ਰਿਪੋਰਟਾਂ ਮੁਤਾਬਕ ਇਸ ਟਰੱਕ ਵਿੱਚੋਂ ਇਕ ਅੰਗਰੇਜ਼ੀ ’ਚ ਲਿਖਿਆ ਪੱਤਰ ਮਿਲਿਆ ਹੈ, ਜਿਸ ’ਚ ਇਸਲਾਮਿਕ ਸਟੇਟ ਦਾ ਜ਼ਿਕਰ ਹੈ। ਮੌਕੇ ਤੋਂ ਇਕ ਪੈਲੇਟ ਬੰਦੂਕ ਤੇ ਪੇਂਟਬਾਲ ਗੰਨ ਮਿਲੀ ਹੈ। ਨਿਊ ਯਾਰਕ ਸਿਟੀ ਮੇਅਰ ਬਿਲ ਡੀ ਬਲੈਸਿਓ ਨੇ ਕਿਹਾ ਕਿ ਇਸ ਘਟਨਾ ਨੂੰ ਅਤਿਵਾਦੀ ਕਾਰਵਾਈ, ‘ਖਾਸ ਤੌਰ ’ਤੇ ਕਾਇਰਤਾ ਵਾਲੀ ਕਾਰਵਾਈ’ ਮੰਨਿਆ ਜਾ ਰਿਹਾ ਹੈ।
ਇਸ ਦੌਰਾਨ ‘ਉਬਰ’ ਦੀ ਤਰਜਮਾਨ ਨੇ ਦੱਸਿਆ ਕਿ ਸਾਈਪੋਵ ਉਨ੍ਹਾਂ ਦੀ ਕੰਪਨੀ ਲਈ ਵੀ ਗੱਡੀ ਚਲਾਉਂਦਾ ਰਿਹਾ ਹੈ ਪਰ ਉਨ੍ਹਾਂ ਵੱਲੋਂ ਅਧਿਕਾਰੀਆਂ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਸ ਹਮਲੇ ਦੀ ਨਿੰਦਾ ਕਰਦਿਆਂ ਕਿਹਾ, ‘ਸਾਨੂੰ ਆਈਐਸਆਈਐਸ ਨੂੰ ਪਰਤਣ ਦੀ ਆਗਿਆ ਨਹੀਂ ਦੇਣੀ ਚਾਹੀਦੀ। ਨਿਊ ਯਾਰਕ ’ਚ ਬਿਮਾਰ ਤੇ ਪਾਗਲ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ ਹੈ। ਕਾਨੂੰਨੀ ਏਜੰਸੀਆਂ ਇਸ ’ਤੇ ਨੇੜਿਓਂ ਨਜ਼ਰ ਰੱਖ ਰਹੀਆਂ ਹਨ।’ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕਾ ਆਉਣ ਵਾਲਿਆਂ ਦੀ ਹੋਰ ਜ਼ਿਆਦਾ ‘ਡੂੰਘਾਈ ਨਾਲ ਪੜਤਾਲ’ ਕਰਨ ਦਾ ਹੁਕਮ ਦਿੱਤਾ ਹੈ। ਅਮਰੀਕਾ ਦੇ ਨਿਆਂ ਵਿਭਾਗ ਨੇ ਦੱਸਿਆ ਕਿ ਐਫਬੀਆਈ ਤੇ ਨਿਊ ਯਾਰਕ ਪੁਲੀਸ ਵਿਭਾਗ ਅਤੇ ਹੋਰ ਏਜੰਸੀਆਂ ਦੀ ਸਾਂਝੀ ਟਾਸਕ ਫੋਰਸ ਵੱਲੋਂ ਇਸ ਹਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਹਿਲੇਰੀ ਕਲਿੰਟਨ ਨੇ ਇਸ ਹਮਲੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇਸ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।   
ਪੁਲੀਸ ਅਧਿਕਾਰੀ ਰਿਆਨ ਬਣਿਆ ਨਾਇਕ
ਨਿਊਯਾਰਕ - ਨਿਊਯਾਰਕ ਸਿਟੀ ਪੁਲੀਸ ਦੇ ਫੁਰਤੀਲੇ ਅਫ਼ਸਰ ਰਿਆਨ ਨੈਸ਼ (28) ਨੇ ਲੋਅਰ ਮੈਨਹਟਨ ਵਿੱਚ ਇੱਕ ਅਤਿਵਾਦੀ ਵੱਲੋਂ ਕੀਤੀ ਜਾਣ ਵਾਲੀ ਹੋਰ ਤਬਾਹੀ ਨੂੰ ਮੌਕੇ ’ਤੇ ਰੋਕ ਦੇਣ ਕਾਰਨ ਉਸ ਨੂੰ ‘ਨਾਇਕ’ ਦਾ ਦਰਜਾ ਦਿੱਤਾ ਗਿਆ ਹੈ। ਟਰੱਕ ਨਾਲ ਲੋਕਾਂ ਨੂੰ ਦਰੜਨ ਵਾਲੇ ਹਮਲਾਵਰ ਨੇ ਹਥਿਆਰ ਸੁੱਟਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ’ਤੇ ਇਸ ਪੁਲੀਸ ਅਧਿਕਾਰੀ ਨੇ ਉਸ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਟਰੱਕ ਹਮਲੇ ਦੇ ਕਾਰਨ ਲੱਭਣ ’ਚ ਜੁਟੇ ਜਾਂਚਕਾਰ 
ਨਿਊਯਾਰਕ - ਇਥੇ ਵਰਲਡ ਟਰੇਡ ਸੈਂਟਰ ਨੇੜੇ ਸਾਈਕਲ ਟਰੈਕ ’ਤੇ ਲੋਕਾਂ ਨੂੰ ਦਰੜਨ ਵਾਲੇ ਅਤੇ ਏਅਰ ਗੰਨ ਲਹਿਰਾ ਕੇ ‘ਅੱਲਾਹੂ ਅਕਬਰ’ ਦੇ ਨਾਅਰੇ ਲਾਉਣ ਵਾਲੇ ਟਰੱਕ ਚਾਲਕ ਦੀ ਇਸ ਕਾਰਵਾਈ ਪਿਛਲੇ ਕਾਰਨ ਲੱਭਣ ’ਚ ਜਾਂਚਕਾਰ ਜੁਟ ਗਏ ਹਨ। ਅਧਿਕਾਰੀਆਂ ਮੁਤਾਬਕ ਪੇਟ ’ਚ ਗੋਲੀ ਲੱਗਣ ਕਾਰਨ ਹਮਲਾਵਰ ਦੀ ਹਾਲਤ ਗੰਭੀਰ ਹੈ ਪਰ ਉਸ ਦੇ ਬਚਣ ਦੀ ਉਮੀਦ ਹੈ। ਮੈਨਹੱਟਨ ਡਾਊਨਟਾਊਨ ’ਚ ਹਾਈਵੇਅ ਦੇ ਦੋ-ਮੀਲ ਹਿੱਸੇ ਨੂੰ ਪੜਤਾਲ ਲਈ ਬੰਦ ਕੀਤਾ ਗਿਆ ਹੈ।
ਸਾਰੇ ਭਾਰਤੀ ਸੁਰੱਖਿਅਤ: ਕੌਂਸੁਲੇਟ 
ਨਿਊਯਾਰਕ - ਭਾਰਤੀ ਕੌਂਸੁਲੇਟ ਜਨਰਲ ਨੇ ਦੱਸਿਆ ਕਿ ਅੱਜ ਇਥੇ ਹੋਏ ਅਤਿਵਾਦੀ ਹਮਲੇ ’ਚ ਕੋਈ ਭਾਰਤੀ ਫੱਟੜ ਨਹੀਂ ਹੋਇਆ ਹੈ। ਕੌਂਸੁਲੇਟ ਨੇ ਟਵੀਟ ਕੀਤਾ, ‘ਨਿਊਯਾਰਕ ਪੁਲੀਸ ਵਿਭਾਗ ਵਿੱਚ ਸਾਡੇ ਸੂਤਰਾਂ ਨੇ ਸੰਕੇਤ ਦਿੱਤਾ ਹੈ ਕਿ ਇਸ ਹਮਲੇ ਵਿੱਚ ਮਾਰੇ ਗਏ ਵਿਅਕਤੀਆਂ ’ਚ ਭਾਰਤੀ ਨਾਂ ਵਾਲਾ ਕੋਈ ਵਿਅਕਤੀ ਨਹੀਂ ਹੈ। ਹੁਣ ਤਕ ਮੁਢਲੀ ਜਾਣਕਾਰੀ ਇਹੀ ਹੈ। ਹੋਰ ਜਾਣਕਾਰੀ ਲਈ ਭਾਰਤੀ ਮਿਸ਼ਨ ਨਿਊਯਾਰਕ ਪੁਲੀਸ ਵਿਭਾਗ ਦੇ ਸੰਪਰਕ ਵਿੱਚ ਹੈ।’

 

 

fbbg-image

Latest News
Magazine Archive