ਕੇਦਾਰਨਾਥ ਦੇ ਪੰਜ ਪ੍ਰਾਜੈਕਟਾਂ ਦੀ ਮੋਦੀਆਨਾ ‘ਮੁੜ-ਉਸਾਰੀ’


ਕੇਦਾਰਨਾਥ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਇਸ ਹਿੰਦੂ ਤੀਰਥ ਵਿਖੇ ਪੰਜ ਪ੍ਰਾਜੈਕਟਾਂ ਦੀ ਮੁੜਉਸਾਰੀ ਦੇ ਨੀਂਹ ਪੱਥਰ ਰੱਖੇ। ਇਸ ਮੌਕੇ ਮੁੱਖ ਵਿਰੋਧੀ ਪਾਰਟੀ ਕਾਂਗਰਸ ਉਤੇ ਵਾਰ ਕਰਨ ਦਾ ਮੌਕਾ ਨਾ ਖੁੰਝਦਿਆਂ ਸ੍ਰੀ ਮੋਦੀ ਨੇ ਦੋਸ਼ ਲਾਇਆ ਕਿ 2013 ਵਿੱਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਉਨ੍ਹਾਂ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਇਥੇ ਮੁੜਉਸਾਰੀ ਤੇ ਵਿਕਾਸ ਦੀ ਜ਼ਿੰਮੇਵਾਰੀ ਲੈਣੀ ਚਾਹੀ ਸੀ, ਪਰ ਮੌਕੇ ਦੀ ਕਾਂਗਰਸ ਸਰਕਾਰ ਨੇ ਉਨ੍ਹਾਂ ਨੂੰ ਅਜਿਹਾ ਨਹੀਂ ਕਰਨ ਦਿੱਤਾ।
ਸਰਦੀਆਂ ਲਈ ਇਸ ਧਾਮ ਦੇ ਕਿਵਾੜ ਬੰਦ ਹੋਣ ਤੋਂ ਇਕ ਦਿਨ ਪਹਿਲਾਂ ਇਥੇ ਪੂਜਾ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਸ ਮੰਦਰ ਦੇ ਦੌਰੇ ਤੋਂ ਉਨ੍ਹਾਂ ਦਾ ਦੇਸ਼ ਦੀ ਸੇਵਾ ਦਾ ਅਹਿਦ ਹੋਰ ਪਕੇਰਾ ਹੋਇਆ ਹੈ। ਮੰਦਰ ਵਿੱਚ ‘ਰੁਦਰਅਭਿਸ਼ੇਕ’ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਲੋਕਾਂ ਦੀ ਸੇਵਾ ਹੀ ‘ਭਗਵਾਨ ਦੀ ਸੱਚੀ ਸੇਵਾ’ ਹੈ।
ਉਨ੍ਹਾਂ ਕਿਹਾ ਕਿ 2013 ਵਿੱਚ ਇਥੇ ਵਾਪਰੀ ਭਿਆਨਕ ਤ੍ਰਾਸਦੀ, ਜਦੋਂ ਹਜ਼ਾਰਾਂ ਲੋਕ ਮਾਰੇ ਗਏ ਸਨ, ਤੋਂ ਬਾਅਦ ਉਨ੍ਹਾਂ ਗੁਜਰਾਤ ਦੇ ਮੁੱਖ ਮੰਤਰੀ ਹੁੰਦਿਆਂ ਇਥੇ ਮੁੜਉਸਾਰੀ ਦੀ ਜ਼ਿੰਮੇਵਾਰੀ ਆਪਣੇ ਹੱਥਾਂ ਵਿੱਚ ਲੈਣੀ ਚਾਹੀ ਸੀ। ਉਨ੍ਹਾਂ ਕਿਹਾ, ‘‘ਇਸ ਪੇਸ਼ਕਸ਼ ਲਈ ਸੂਬੇ ਦੇ ਮੁੱਖ ਮੰਤਰੀ ਨੇ ਹਾਮੀ ਭਰ ਦਿੱਤੀ ਸੀ।… ਜੋਸ਼ ਵਿੱਚ ਮੈਂ ਇਹ ਗੱਲ ਮੀਡੀਆ ਨੂੰ ਦੱਸ ਦਿੱਤੀ ਅਤੇ ਇਹ ਖ਼ਬਰ ਟੀਵੀ ਚੈਨਲਾਂ ਉਤੇ ਨਸ਼ਰ ਹੋਣ ਦੇ ਮਹਿਜ਼ ਇਕ ਘੰਟੇ ਬਾਅਦ ਹੀ ਉਨ੍ਹਾਂ (ਯੂਪੀਏ ਸਰਕਾਰ) ਨੇ (ਕਾਂਗਰਸ ਦੀ) ਉੱਤਰਾਖੰਡ ਸਰਕਾਰ ਉਤੇ ਦਬਾਅ ਪਾ ਕੇ ਮੇਰੀ ਪੇਸ਼ਕਸ਼ ਮੰਨਣ ਤੋਂ ਰੋਕ ਦਿੱਤਾ।’’ ਗ਼ੌਰਤਲਬ ਹੈ ਕਿ ਉਦੋਂ ਵਿਜੇ ਬਹੁਗੁਣਾ ਉਤਰਾਖੰਡ ਦੀ ਕਾਂਗਰਸ ਸਰਕਾਰ ਦੇ ਮੁਖੀ ਸਨ, ਜੋ ਹੁਣ ਭਾਜਪਾ ਵਿੱਚ ਹਨ।   
ਵਿਕਾਸ ਫੰਡਾਂ ਦੀ ਕਮੀ ਨਾ ਆਉਣ ਦੇਣ ਦਾ ਵਾਅਦਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਦਾਰਪੁਰੀ ਵਿੱਚ ਪੰਜ ਅਹਿਮ ਪ੍ਰਾਜੈਕਟਾਂ ਦੀ ਮੁੜਉਸਾਰੀ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਵਿੱਚ ਸ਼ਰਧਾਲੂਆਂ ਲਈ ਬਿਹਤਰ ਸਹੂਲਤਾਂ, ਮੰਦਾਕਿਨੀ ਤੇ ਸਰਸਵਤੀ ਦਰਿਆਵਾਂ ’ਤੇ ਰੀਟੇਨਿੰਗ ਦੀਵਾਰਾਂ ਅਤੇ  ਘਾਟਾਂ ਦੀ ਉਸਾਰੀ, ਮੰਦਰ ਲਈ ਪਹੁੰਚ ਸੜਕ ਦੀ ਉਸਾਰੀ ਤੇ ਆਦਿ ਗੁਰੂ ਸ਼ੰਕਰਾਚਾਰੀਆ ਦੀ ਸਮਾਧ ਦੀ ਉਸਾਰੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਕੇਦਾਰਨਾਥ ਦੇ ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਕੇਂਦਰ ਸਰਕਾਰ ਵੱਲੋਂ ਇਨ੍ਹਾਂ ਪ੍ਰਾਜੈਕਟਾਂ ਲਈ ਹਰ ਵਸੀਲਾ ਜੁਟਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਇਹ ਪ੍ਰਾਜੈਕਟ ਮਿਥੇ ਸਮੇਂ ਦੇ ਅੰਦਰ ਅੰਦਰ ਮੁਕੰਮਲ ਕਰਨ ਲਈ ਪੂਰੀ ਵਾਹ ਲਾਈ ਜਾਵੇਗੀ।

 

 

fbbg-image

Latest News
Magazine Archive