ਪ੍ਰਦੂਸ਼ਣ ਨੇ ਭਾਰਤ ਵਿੱਚ ਲਈਆਂ ਸਭ ਤੋਂ ਵੱਧ ਜਾਨਾਂ


ਨਵੀਂ ਦਿੱਲੀ - ਲਾਂਸੇਟ ਜਰਨਲ ਵਿੱਚ ਅੱਜ ਪ੍ਰਕਾਸ਼ਿਤ ਇਕ ਸਰਵੇਖਣ ਮੁਤਾਬਕ ਸਾਲ 2015 ਵਿੱਚ ਦੂਸ਼ਿਤ ਹਵਾ, ਜਲ ਅਤੇ ਪ੍ਰਦੂਸ਼ਣ ਦੀਆਂ ਹੋਰ ਕਿਸਮਾਂ ਕਾਰਨ ਵਿਸ਼ਵ ਵਿੱਚੋਂ ਸਭ ਤੋਂ ਵੱਧ ਮੌਤਾਂ ਭਾਰਤ ਵਿੱਚ ਹੋਈਆਂ। ਸਰਵੇਖਣ ਮੁਤਾਬਕ ਭਾਰਤ ਵਿੱਚ ਪ੍ਰਦੂਸ਼ਣ ਕਾਰਨ 25 ਲੱਖ ਜਾਨਾਂ ਗਈਆਂ।
ਖੋਜਾਰਥੀਆਂ ਨੇ ਕਿਹਾ ਕਿ ਜ਼ਿਆਦਾਤਰ ਮੌਤਾਂ ਦਾ ਕਾਰਨ ਪ੍ਰਦੂਸ਼ਣ ਕਾਰਨ ਹੁੰਦੀਆਂ ਦਿਲ ਦੀਆਂ ਬਿਮਾਰੀਆਂ, ਦੌਰਾ, ਫੇਫੜਿਆਂ ਦਾ ਕੈਂਸਰ ਅਤੇ ਫੇਫੜਿਆਂ ਦੀਆਂ ਹੋਰ ਬਿਮਾਰੀਆਂ ਰਹੀਆਂ। ਸਰਵੇਖਣ ਮੁਤਾਬਕ ਹਵਾ ਦੇ ਪ੍ਰਦੂਸ਼ਣ ਕਾਰਨ 2015 ਵਿੱਚ ਵਿਸ਼ਵ ਵਿੱਚ ਸਭ ਤੋਂ ਵੱਧ 65 ਲੱਖ ਮੌਤਾਂ ਹੋਈਆਂ, ਜਦੋਂ ਕਿ ਦੂਸ਼ਿਤ ਪਾਣੀ ਨੇ 18 ਲੱਖ ਲੋਕਾਂ ਦੀ ਜਾਨ ਲਈ। ਪ੍ਰਦੂਸ਼ਿਤ ਵਾਤਾਵਰਨ ਵਿੱਚ ਕੰਮ ਕਰਨ ਨਾਲ ਅੱਠ ਲੱਖ ਜਾਨਾਂ ਲਈ ਖ਼ਤਰਾ ਖੜ੍ਹਾ ਹੋਇਆ। ਨਵੀਂ ਦਿੱਲੀ ਦੇ ‘ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ’ ਅਤੇ ਅਮਰੀਕਾ ਦੇ ‘ਇਕੈਹਨ ਸਕੂਲ ਆਫ ਮੈਡੀਸਨ’ ਦੇ ਖੋਜਾਰਥੀਆਂ ਦੀ ਸ਼ਮੂਲੀਅਤ ਵਾਲੇ ਇਸ ਸਰਵੇਖਣ ਵਿੱਚ ਪ੍ਰਦੂਸ਼ਣ ਨਾਲ ਸਬੰਧਤ 92 ਫੀਸਦੀ ਮੌਤਾਂ ਘੱਟ ਤੇ ਦਰਮਿਆਨੀ ਆਮਦਨ ਵਾਲੇ ਮੁਲਕਾਂ ਵਿੱਚ ਹੋਣ ਉਤੇ ਉਂਗਲ ਧਰੀ ਗਈ। ਤੇਜ਼ੀ ਨਾਲ ਸਨਅਤੀਕਰਨ ਵੱਲ ਵਧ ਰਹੇ ਭਾਰਤ, ਪਾਕਿਸਤਾਨ, ਚੀਨ, ਬੰਗਲਾਦੇਸ਼, ਮੈਡਗਾਸਕਰ ਅਤੇ ਕੀਨੀਆ ਵਰਗੇ ਮੁਲਕਾਂ ਵਿੱਚ ਹਰੇਕ ਚਾਰ ਵਿੱਚੋਂ ਇਕ ਮੌਤ ਦਾ ਕਾਰਨ ਪ੍ਰਦੂਸ਼ਣ ਹੈ। 2015 ਵਿੱਚ ਭਾਰਤ ਵਿੱਚ ਪ੍ਰਦੂਸ਼ਣ ਕਾਰਨ ਸਭ ਤੋਂ ਵੱਧ 25 ਲੱਖ ਮੌਤਾਂ ਹੋਈਆਂ, ਜਦੋਂ ਕਿ ਚੀਨ ਵਿੱਚ ਪ੍ਰਦੂਸ਼ਣ ਨੇ 18 ਲੱਖ ਜਾਨਾਂ ਲਈਆਂ। ਸਰਵੇਖਣ ਵਿੱਚ ਕਿਹਾ ਗਿਆ ਕਿ ਲੋਕ ਭਲਾਈ ਕਾਰਜਾਂ ਉਤੇ ਲੱਗਣ ਵਾਲੇ 40.6 ਖ਼ਰਬ ਅਮਰੀਕੀ ਡਾਲਰ ਹਰ ਸਾਲ ਪ੍ਰਦੂਸ਼ਣ ਦੇ ਲੇਖੇ ਲਗਦੇ ਹਨ, ਜੋ ਵਿਸ਼ਵ ਦੇ ਕੁੱਲ ਵਿੱਤੀ ਉਤਪਾਦਨ ਦਾ 6.2 ਫੀਸਦੀ ਦੇ ਬਰਾਬਰ ਬਣਦਾ ਹੈ। ਪ੍ਰਦੂਸ਼ਣ ਕਾਰਨ ਹਰ ਸਾਲ ਵਿਸ਼ਵ ਵਿੱਚ 90 ਲੱਖ ਮੌਤਾਂ ਹੁੰਦੀਆਂ ਹਨ, ਜੋ ਕੁੱਲ ਮੌਤਾਂ ਦਾ ਛੇ ਵਿੱਚੋਂ ਇਕ ਬਣਦਾ ਹੈ।       
ਦਿੱਲੀ ਵਿੱਚ ਪਟਾਕਿਆਂ ਕਾਰਨ ਹਵਾ ਪ੍ਰਦੂਸ਼ਣ ਪੰਜ ਗੁਣਾ ਵਧਿਆ
ਨਵੀਂ ਦਿੱਲੀ - ਕੌਮੀ ਰਾਜਧਾਨੀ ਦਿੱਲੀ ਵਿੱਚ ਕੱਲ੍ਹ ਰਾਤ ਪਟਾਕਿਆਂ ਕਾਰਨ ਹਵਾ ਦਾ ਪ੍ਰਦੂਸ਼ਣ ਸੁਰੱਖਿਅਤ ਹੱਦ ਤੋਂ ਪੰਜ ਗੁਣਾ ਵੱਧ ਰਿਹਾ। ਹਵਾ ਦੀ ਗੁਣਵੱਤਾ ਲਈ ਮੋਬਾਈਲ ਆਧਾਰਤ ‘ਬਲੂਏਅਰ ਫਰੈਂਡ ਐਪ’ ਵੱਲੋਂ ਕੀਤੇ ਸਰਵੇਖਣ ਮੁਤਾਬਕ ਕੱਲ੍ਹ ਆਨੰਦ ਵਿਹਾਰ ਵਿੱਚ ਹਵਾ ਦੀ ਗੁਣਵੱਤਾ ਵਾਲਾ ਸੂਚਕ ਅੰਕ (ਏਕਯੂਆਈ) 553 ਉਤੇ ਪੁੱਜਿਆ, ਜੋ ਸੁਰੱਖਿਅਤ ਹੱਦ 51 ਤੋਂ 100 ਨਾਲੋਂ ਪੰਜ ਗੁਣਾ ਵੱਧ ਹੈ। ਪਸ਼ਚਿਮ ਵਿਹਾਰ ਵਿੱਚ ਇਹ ਪੱਧਰ 365, ਆਰ.ਕੇ. ਪੁਰਮ ਵਿੱਚ 286, ਫਰੀਦਾਬਾਦ ਤੇ ਦਵਾਰਕਾ ਵਿੱਚ ਕ੍ਰਮਵਾਰ 406 ਅਤੇ 254 ਰਿਹਾ। 

 

 

fbbg-image

Latest News
Magazine Archive