ਫੁਟਬਾਲ ਵਿਸ਼ਵ ਕੱਪ: ਫਰਾਂਸ ਨੂੰ ਢਾਹ ਕੇ ਸਪੇਨ ਆਖ਼ਰੀ ਅੱਠਾਂ ’ਚ


ਗੁਹਾਟੀ/ਗੋਆ - ਕਪਤਾਨ ਅਬੇਲ ਰੂਈਜ਼ ਦੇ ਆਖਰੀ ਪਲਾਂ ਵਿੱਚ ਪੈਨਲਟੀ ਕਾਰਨਰ ’ਤੇ ਕੀਤੇ ਗੋਲ ਦੀ ਮਦਦ ਨਾਲ ਸਪੇਨ ਨੇ ਇੱਥੇ ਯੂਰੋਪੀ ਵਿਰੋਧੀ ਟੀਮ ਫਰਾਂਸ ਨੂੰ 2-1 ਨਾਲ ਹਰਾ ਕੇ ਫੀਫਾ ਅੰਡਰ-17 ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। ਸਪੇਨ ਐਤਵਾਰ ਨੂੰ ਕੋਚੀ ਵਿੱਚ ਹੋਣ ਵਾਲੇ ਕੁਆਰਟਰ ਫਾਈਨਲ ਵਿੱਚ ਇਰਾਨ ਨਾਲ ਭਿੜੇਗਾ, ਜਿਸ ਨੇ ਇੱਕ ਹੋਰ ਮੈਚ ਵਿੱਚ ਮੈਕਸਿਕੋ ਨੂੰ 2-1 ਨਾਲ ਹਰਾਇਆ।
ਫਰਾਂਸ ਦੇ ਲੇਨੀ ਪਿੰਟਰ ਨੇ 34ਵੇਂ ਮਿੰਟ ਵਿੱਚ ਗੋਲ ਕਰ ਕੇ ਟੀਮ ਨੂੰ ਲੀਡ ਦਿਵਾਈ ਪਰ ਜੁਆਨ ਮਿਰਾਂਡਾ ਨੇ 44ਵੇਂ ਮਿੰਟ ਵਿੱਚ ਸਪੇਨ ਵੱਲੋਂ ਬਰਾਬਰੀ ਦਾ ਗੋਲ ਕੀਤਾ। ਜਦੋਂ ਲੱਗ ਰਿਹਾ ਸੀ ਕਿ ਮੈਚ ਪੈਨਲਟੀ ਸ਼ੂਟਆਊਟ ਤੱਕ ਜਾਵੇਗਾ, ਉਦੋਂ ਸਪੇਨ ਨੂੰ 90ਵੇਂ ਮਿੰਟ ਵਿੱਚ ਪੈਨਲਟੀ ਮਿਲੀ, ਜਿਸ ਨੂੰ ਰੂਈਜ਼ ਨੇ ਗੋਲ ਵਿੱਚ ਤਬਦੀਲ ਕਰਨ ਵਿੱਚ ਕੋਈ ਗ਼ਲਤੀ ਨਹੀਂ ਕੀਤੀ। ਦੋਵੇਂ ਟੀਮਾਂ ਨੇ ਇੱਕ ਦੂਜੇ ਨੂੰ ਬਰਾਬਰੀ ਦੀ ਟੱਕਰ ਦਿੱਤੀ।
ਫਰਾਂਸ ਹਾਲਾਂਕਿ ਸ਼ੁਰੂਆਤੀ ਲੀਡ ਹਾਸਲ ਕਰਨ ਵਿੱਚ ਸਫ਼ਲ ਰਿਹਾ। ਪਿੰਟਰ ਨੇ ਇਹ ਗੋਲ ਅਮੀਨ ਗੌਰੀ ਵੱਲੋਂ ਦਿੱਤੇ ਪਾਸ ’ਤੇ ਕੀਤਾ। ਸਪੇਨ ਨੇ ਹਾਫ਼ ਟਾਈਮ ਤੋਂ ਐਨ ਪਹਿਲਾਂ ਬਰਾਬਰੀ ਦਾ ਗੋਲ ਕੀਤਾ। ਬਾਰਸੀਲੋਨਾ ਦਾ ਡਿਫੈਂਡਰ ਮਿਰਾਂਡਾ ਤੇਜ਼ੀ ਨਾਲ ਫਰਾਂਸ ਦੇ ਬਾਕਸ ਵਿੱਚ ਦਾਖ਼ਲ ਹੋਇਆ ਜਿੱਥੇ ਉਸ ਨੂੰ ਫੇਰੇਨ ਟੋਰੇਸ ਦਾ ਕਰਾਸ ਮਿਲਿਆ, ਜਿਸ ’ਤੇ ਉਸ ਨੇ ਆਸਾਨ ਗੋਲ ਕੀਤਾ। ਦੋਵੇਂ ਟੀਮਾਂ ਹਾਫ਼ ਟਾਈਮ ਤੱਕ 1-1 ਨਾਲ ਬਰਾਬਰ ਸਨ ਪਰ ਸਪੇਨ ਦਾ ਹੌਸਲਾ ਵੱਧ ਗਿਆ ਸੀ। ਐਸ.ਗੋਮਜ਼ ਕੋਲ 56ਵੇਂ ਮਿੰਟ ਵਿੱਚ ਸਪੇਨ ਨੂੰ ਲੀਡ ਦਿਵਾਉਣ ਦਾ ਮੌਕਾ ਸੀ ਪਰ ਫਰਾਂਸ ਦੇ ਗੋਲਕੀਪਰ ਯਾਹਿਆ ਫੋਫਾਨਾ ਨੇ ਸ਼ਾਨਦਾਰ ਢੰਗ ਨਾਲ ਗੋਲ ਬਚਾਇਆ। ਜਦੋਂ ਲੱਗ ਰਿਹਾ ਸੀ ਕਿ ਦੋਵੇਂ ਟੀਮਾਂ ਤੈਅ ਸਮੇਂ ਵਿੱਚ ਬਰਾਬਰ ਰਹਿਣਗੀਆਂ ਤਾਂ ਸਪੇਨ ਨੂੰ ਸਥਾਨਾਪੱਨ ਜੋਸ ਲਾਰਾ ਨੂੰ ਫਰਾਂਸ ਦੇ ਬਾਕਸ ਵਿੱਚ ਸੁੱਟੇ ਜਾਣ ’ਤੇ ਪੈਨਲਟੀ ਮਿਲੀ। ਕਪਤਾਨ ਰੂਈਜ਼ ਪੈਨਲਟੀ ਲੈਣ ਆਇਆ ਤੇ ਉਸ ਨੇ ਗੋਲ ਕਰ ਕੇ ਟੀਮ ਦੀ ਜਿੱਤ ਪੱਕੀ ਕੀਤੀ।
ਇਸੇ ਦੌਰਾਨ ਇਰਾਨ ਨੇ ਸ਼ੁਰੂਆਤੀ ਲੀਡ ਦੇ ਸਿਰ ’ਤੇ ਮਡਗਾਓਂ ਵਿੱਚ ਮੈਕਸਿਕੋ ਨੂੰ 2-1  ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਵਿੱਚ ਆਪਣੀ ਜੇਤੂ ਮੁਹਿੰਮ ਜਾਰੀ ਰੱਖਦਿਆਂ ਆਖਰੀ ਅੱਠਾਂ ਵਿੱਚ ਥਾਂ ਬਣਾਈ, ਜਿੱਥੇ ਉਸ ਦੀ ਟੱਕਰ ਸਪੇਨ ਨਾਲ ਹੋਵੇਗਾ। ਗਰੁੱਪ ਗੇੜ ਵਿੱਚ ਜੇਤੂ ਰਹੀ ਇਰਾਨ ਦੀ ਇਹ ਲਗਾਤਾਰ ਚੌਥੀ ਜਿੱਤ ਹੈ। ਇਹ ਟੀਮ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਪੁੱਜੀ ਹੈ। ਇਰਾਨ ਨੇ ਮੁਹੰਮਦ ਸ਼ਰੀਫ਼ (7ਵੇਂ ਮਿੰਟ) ਅਤੇ ਅੱਲ੍ਹਾਯਾਰ ਸੱਯਦ (11ਵੇਂ ਮਿੰਟ) ਦੇ ਗੋਲ ਸਦਕਾ ਸ਼ੁਰੂ ਵਿੱਚ ਹੀ ਮੈਕਸਿਕੋ ’ਤੇ ਦਬਾਅ ਬਣਾ ਲਿਆ। ਰਾਬਰਟੋ ਡੀ ਲਾ ਰੋਸਾ ਨੇ ਮੈਕਸਿਕੋ ਨੇ 37ਵੇਂ ਮਿੰਟ ਵਿੱਚ ਗੋਲ ਕੀਤਾ ਤੇ ਇਸ ਤੋਂ ਬਾਅਦ ਇਰਾਨ ਨੇ ਗੋਲ ਬਚਾਉਣ ਲਈ ਪੂਰੀ ਜਾਨ ਲਾ ਦਿੱਤੀ।
ਲੀਗ ਗੇੜ ਵਿੱਚ ਜਰਮਨੀ ਨੂੰ 4-0 ਨਾਲ ਹਰਾ ਕੇ ਸਭ ਨੂੰ ਹੈਰਾਨ ਕਰਨ ਵਾਲੇ ਇਰਾਨ ਨੂੰ ਮੁਹੰਮਦ ਗਾਦੇਰੀ ਨੂੰ ਮੈਕਸਿਕੋ ਦੇ ਬਾਕਸ ਵਿੱਚ ਸਿੱਟੇ ਜਾਣ ਕਾਰਨ ਸੱਤਵੇਂ ਮਿੰਟ ਵਿੱਚ ਪੈਨਲਟੀ ਮਿਲੀ, ਜਿਸ ਨੂੰ ਸ਼ਰੀਫ਼ ਨੇ ਗੋਲ ਵਿੱਚ ਬਦਲ ਦਿੱਤਾ। ਇਸ ਤੋਂ ਸਿਰਫ਼ ਚਾਰ ਮਿੰਟ ਬਾਅਦ ਹੀ ਮੈਕਸਿਕੋ ਦੀ ਡਿਫੈਂਸ ਲਾਈਨ ਵਿੱਚ ਜੋਸ਼ ਦੀ ਘਾਟ ਦਿਸੀ ਜਿਸ ਸਦਕਾ ਸਟ੍ਰਾਈਕਰ ਸੱਯਦ ਨੂੰ ਲੰਬਾ ਪਾਸ ਕੰਟਰੋਲ ਕਰਨ ਤੇ ਬਾਲ ਗੋਲ ਵਿੱਚ ਪਹੁੰਚਾਉਣ ਦਾ ਪੂਰਾ ਮੌਕਾ ਮਿਲਿਆ।    
ਇੰਗਲੈਂਡ ਨੇ ਜਾਪਾਨ ਤੇ ਮਾਲੀ ਨੇ ਇਰਾਕ ਨੂੰ ਹਰਾਇਆ
ਕੋਲਕਾਤਾ ਵਿੱਚ ਖੇਡੇ ਵਿਸ਼ਵ ਕੱਪ ਫੁਟਬਾਲ ਦੇ ਮੈਚ ਵਿੱਚ ਇੰਗਲੈਂਡ ਤੇ ਜਾਪਾਨ ਤੈਅ ਸਮੇਂ ਵਿੱਚ ਗੋਲ ਕਰਨ ’ਚ ਸਫ਼ਲ ਨਾ ਹੋਏ ਤੇ ਪੈਨਲਟੀ ਸ਼ੂਟਆਊਟ ਵਿੱਚ ਇੰਗਲੈਂਡ ਨੇ ਜਾਪਾਨ ਨੂੰ 5-3 ਨਾਲ ਹਰਾਇਆ। ਇਸੇ ਦੌਰਾਨ ਗੋਆ ਵਿੱਚ ਖੇਡੇ ਮੈਚ ਵਿੱਚ ਮਾਲੀ ਨੇ ਇਰਾਕ ਨੂੰ 5-1 ਨਾਲ ਮਾਤ ਦਿੱਤੀ।

 

 

fbbg-image

Latest News
Magazine Archive