ਚੀਨ ਨੂੰ ਪਤਾ ਲੱਗ ਗਿਐ ਭਾਰਤ ਕਮਜ਼ੋਰ ਨਹੀਂ ਰਿਹਾ: ਰਾਜਨਾਥ


ਲਖਨਊ - ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਹੈ ਕਿ ਮੁਲਕ ਦੀਆਂ ਸਰਹੱਦਾਂ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹਨ ਅਤੇ ਚੀਨ ਸਮਝ ਗਿਆ ਹੈ ਕਿ ਭਾਰਤ ਹੁਣ ਕਮਜ਼ੋਰ ਨਹੀਂ ਰਿਹਾ ਹੈ। ਭਾਰਤੀ ਲੋਧੀ ਮਹਾਸਭਾ ਵੱਲੋਂ ਇਥੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਤਾਕਤਵਰ ਮੁਲਕ ਬਣ ਗਿਆ ਹੈ ਅਤੇ ਇਸ ਦੀ ਇੱਜ਼ਤ ਕੌਮਾਂਤਰੀ ਪੱਧਰ ’ਤੇ ਵੀ ਵਧੀ ਹੈ। ਡੋਕਲਾਮ ਵਿਵਾਦ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਭਾਰਤ ਦੀ ਤਾਕਤ ਵਧੀ ਹੈ ਅਤੇ ਚੀਨ ਹੁਣ ਸਮਝਣ ਲੱਗ ਪਿਆ ਹੈ ਕਿ ਭਾਰਤ ਕਮਜ਼ੋਰ ਨਹੀਂ ਰਿਹਾ।
ਕੇਂਦਰੀ ਮੰਤਰੀ ਨੇ ਕਿਹਾ ਕਿ ਚੀਨ ਨਾਲ ਸਬੰਧਤ ਵਿਵਾਦ ਨੂੰ ਸੁਲਝਾ ਲਿਆ ਗਿਆ ਹੈ। ਉਨ੍ਹਾਂ ਭਾਰਤ ’ਚ ਦਹਿਸ਼ਤਗਰਦਾਂ ਨੂੰ ਭੇਜਣ ਲਈ ਪਾਕਿਸਤਾਨ ਦੀ ਵੀ ਲਾਹ-ਪਾਹ ਕੀਤੀ। ‘ਪਾਕਿਸਤਾਨ ਵੱਲੋਂ ਭਾਰਤ ਨੂੰ ਤੋੜਨ ਦੇ ਯਤਨ ਕੀਤੇ ਜਾਂਦੇ ਹਨ ਪਰ ਸਾਡੇ ਸੁਰੱਖਿਆ ਬਲ ਹਰ ਰੋਜ਼ ਪੰਜ ਤੋਂ ਦਸ ਦਹਿਸ਼ਤਗਰਦਾਂ ਨੂੰ ਮਾਰ ਰਹੇ ਹਨ।’ ਜਾਤਾਂ ਨਾਲ ਸਬੰਧਤ ਧੜਿਆਂ ਵੱਲੋਂ ਕਰਵਾਏ ਜਾਂਦੇ ਪ੍ਰੋਗਰਾਮਾਂ ’ਚ ਸ਼ਮੂਲੀਅਤ ਨੂੰ ਉਨ੍ਹਾਂ ਵੋਟ ਬੈਂਕ ਦੀ ਸਿਆਸਤ ਆਖੇ ਜਾਣ ਤੋਂ ਇਨਕਾਰ ਕੀਤਾ ਅਤੇ ਕਿਹਾ ਕਿ ਭਾਜਪਾ ਸਮਾਜ ਅਤੇ ਦੇਸ਼ ਨੂੰ ਜੋੜਨ ਦੀ ਸਿਆਸਤ ਕਰਦੀ ਹੈ।
ਗ੍ਰਹਿ ਮੰਤਰੀ ਰਾਜਨਾਥ ਸਿੰਘ ਵੱਲੋਂ ਦਿੱਤੇ ਗਏ ਬਿਆਨ ’ਤੇ ਸੱਯਦ ਅਲੀ ਸ਼ਾਹ ਗਿਲਾਨੀ ਦੀ ਅਗਵਾਈ ਹੇਠਲੇ ਹੁਰੀਅਤ ਕਾਨਫ਼ਰੰਸ ਨੇ ਕਿਹਾ ਹੈ ਕਿ ਇਥੋਂ ਪਤਾ ਲਗਦਾ ਹੈ ਕਿ ਕਸ਼ਮੀਰ ਭਾਰਤ ਦਾ ਹਿੱਸਾ ਨਹੀਂ ਹੈ। ਸ੍ਰੀ ਰਾਜਨਾਥ ਸਿੰਘ ਨੇ ਕਲ ਗੁਜਰਾਤ ’ਚ ਕਿਹਾ ਸੀ ਕਿ ਦੇਸ਼ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਵੱਲਬਭਾਈ ਪਟੇਲ ਨੂੰ ਕਸ਼ਮੀਰ ਮੁੱਦਾ ਹੱਲ ਕਰਨ ਲਈ ਖੁਲ੍ਹ ਕੇ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਅਤੇ ਜੇਕਰ ਤਤਕਾਲੀ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਮੰਨ ਗਏ ਹੁੰਦੇ ਤਾਂ ਅੱਜ ਕਸ਼ਮੀਰ ਦਾ ਮੁੱਦਾ ਖੜ੍ਹਾ ਨਹੀਂ ਹੋਣਾ ਸੀ। ਹੁਰੀਅਤ ਕਾਨਫਰੰਸ ਦੇ ਤਰਜਮਾਨ ਨੇ ਕਿਹਾ ਕਿ ਕਸ਼ਮੀਰ ਮਾਮਲਾ ਅਜੇ ਵਿਵਾਦਤ ਹੈ ਅਤੇ ਭਾਰਤ ਖੁਦ ਹੀ ਇਸ ਮਸਲੇ ਨੂੰ ਸੰਯੁਕਤ ਰਾਸ਼ਟਰ ਲੈ ਕੇ ਗਿਆ ਸੀ।   

 

Latest News
Magazine Archive