ਏਸ਼ੀਆ ਹਾਕੀ ਕੱਪ: ਭਾਰਤ ਨੇ ਬੰਗਲਾਦੇਸ਼ ਨੂੰ 7-0 ਨਾਲ ਹਰਾਇਆ


ਢਾਕਾ - ਭਾਰਤੀ ਪੁਰਸ਼ ਹਾਕੀ ਟੀਮ ਨੇ ਮੇਜ਼ਬਾਨ ਬੰਗਲਾਦੇਸ਼ ਨੂੰ ਅੱਜ ਇੱਥੇ 7-0 ਨਾਲ ਬੁਰੀ ਤਰ੍ਹਾਂ ਹਰਾ ਕੇ ਏਸ਼ੀਆ ਕੱਪ ਹਾਕੀ ਵਿੱਚ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ।
ਪਹਿਲੇ ਮੈਚ ਵਿੱਚ ਜਾਪਾਨ ਨੂੰ 5-1 ਤੋਂ ਹਰਾਉਣ ਵਾਲੇ ਭਾਰਤ ਵੱਲੋਂ ਗੁਰਜੰਟ ਸਿੰਘ (7ਵੇਂ ਮਿੰਟ), ਆਕਾਸ਼ਦੀਪ ਸਿੰਘ (10ਵੇਂ), ਲਲਿਤ ਉਪਾਧਿਆਏ (13ਵੇਂ), ਅਮਿਤ ਰੋਹੀਦਾਸ (20ਵੇਂ), ਹਰਮਨਪ੍ਰੀਤ ਸਿੰਘ (28ਵੇਂ ਤੇ 47ਵੇਂ) ਅਤੇ ਰਮਨਦੀਪ ਸਿੰਘ (46ਵੇਂ) ਨੇ ਗੋਲ ਕੀਤੇ। ਇਸ ਜਿੱਤ ਨਾਲ ਭਾਰਤ ਨੇ ਪੂਲ ਸੂਚੀ ਵਿੱਚ ਆਪਣਾ ਸਿਖ਼ਰਲਾ ਸਥਾਨ ਯਕੀਨੀ ਬਣਾ ਲਿਆ ਹੈ। ਬੰਗਲਾਦੇਸ਼ ਨੂੰ ਭਾਵੇਂ ਦਰਸ਼ਕਾਂ ਦਾ ਸਮਰਥਨ ਹਾਸਲ ਸੀ ਅਤੇ ਉਸ ਨੇ ਹਮਲਾਵਰ ਸ਼ੁਰੂਆਤ ਵੀ ਕੀਤੀ ਪਰ ਭਾਰਤੀ ਟੀਮ ਉਸ ਤੋਂ ਹਰ ਪਾਸੇ ਅੱਵਲ ਸਾਬਿਤ ਹੋਈ ਅਤੇ ਉਸ ਨੇ ਵੱਡੀ ਗਿਣਤੀ ਵਿੱਚ ਪਹੁੰਚੇ ਦਰਸ਼ਕਾਂ ਨੂੰ ਜਸ਼ਨ ਮਨਾਉਣ ਦਾ ਕੋਈ ਖ਼ਾਸ ਮੌਕਾ ਨਹੀਂ ਦਿੱਤਾ।
ਭਾਰਤ ਨੇ ਸ਼ੁਰੂ ਤੋਂ ਹੀ ਗੋਲ ਕਰਨੇ ਸ਼ੁਰੂ ਕਰ ਦਿੱਤੇ ਸਨ। ਖੇਡ ਦੇ ਸੱਤਵੇਂ ਮਿੰਟ ਵਿੱਚ ਹੀ ਗੁਰਜੰਟ ਸਿੰਘ ਨੂੰ ਸੱਜੇ ਪਾਸਿਓਂ ਰੋਹੀਦਾਸ ਦਾ ਪਾਸ ਮਿਲਿਆ ਜਿਸ ’ਤੇ ਉਸ ਨੇ ਆਸਾਨੀ ਨਾਲ ਗੋਲ ਕਰ ਦਿੱਤਾ। ਆਕਾਸ਼ਦੀਪ ਨੂੰ ਇਸ ਤੋਂ ਤੁਰੰਤ ਬਾਅਦ ਗੋਲ ਕਰਨ ਦਾ ਮੌਕਾ ਮਿਲਿਆ ਪਰ ਉਹ ਖੁੰਝ ਗਿਆ। ਉਸ ਨੇ ਹਾਲਾਂਕਿ ਤੁਰੰਤ ਹੀ ਸੁਧਾਰ ਕੀਤਾ ਅਤੇ ਐਸਵੀ ਸੁਨੀਲ ਦੇ ਸ਼ਾਨਦਾਰ ਪਾਸ ਨੂੰ ਗੋਲ ਵਿੱਚ ਬਦਲਿਆ। ਇਸ ਤੋਂ ਤਿੰਨ ਮਿੰਟ ਬਾਅਦ ਲਲਿਤ ਨੇ ਬੰਗਲਾਦੇਸ਼ ਦੇ ਗੋਲਕੀਪਰ ਅਬੂ ਨਿੱਪਨ ਨੂੰ ਚਕਮਾ ਦੇ ਕੇ ਭਾਰਤ ਲਈ ਤੀਜਾ ਤੇ ਇਸ ਟੂਰਨਾਮੈਂਟ ਵਿੱਚ ਆਪਣਾ ਦੂਜਾ ਗੋਲ ਕੀਤਾ। ਮਨਪ੍ਰੀਤ ਸਿੰਘ ਦੀ ਅਗਵਾਈ ਵਾਲੀ ਭਾਰਤ ਟੀਮ ਨੇ ਆਪਣੀ ਤੇਜ਼ੀ, ਕੌਸ਼ਲ ਤੇ ਮਿਡਲਲਾਈਨ ਵਿੱਚ ਚੰਗੀ ਤਰ੍ਹਾਂ ਪਾਸ ਦੇ ਕੇ ਬੰਗਲਾਦੇਸ਼ ’ਤੇ ਦਬਾਅ ਬਣਾਈ ਰੱਖਿਆ। ਖੇਡ ਦੇ 20ਵੇਂ ਮਿੰਟ ਵਿੱਚ ਗੁਰਜੰਟ ਸਿੰਘ ਨੇ ਖੱਬੇ ਕੋਣੇ ਤੋਂ ਮੂਵ ਬਣਾਇਆ ਅਤੇ ਗੇਂਦ ਰੋਹੀਦਾਸ ਨੂੰ ਸੌਂਪੀ ਜਿਸ ਨੇ ਉਸ ਨੂੰ ਗੋਲ ਅੰਦਰ ਪਾਉਣ ਵਿੱਚ ਕੋਈ ਗਲਤੀ ਨਹੀਂ ਕੀਤੀ। ਇਸ ਤੋਂ ਇਕ ਮਿੰਟ ਬਾਅਦ ਭਾਰਤ ਨੂੰ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ ਪਰ ਹਰਮਨਪ੍ਰੀਤ ਸਿੰਘ ਦੇ ਡਰੈਗ ਫਲਿੱਕ ਨੂੰ ਬੰਗਲਾਦੇਸ਼ੀ ਰੱਖਿਅਕਾਂ ਨੇ ਸਫ਼ਲਤਾਪੂਰਵਕ ਰੋਕ ਦਿੱਤਾ ਪਰ 28ਵੇਂ ਮਿੰਟ ਵਿੱਚ ਭਾਰਤ ਨੂੰ ਪੈਨਲਟੀ ਸਟ੍ਰੋਕ ਮਿਲਿਆ ਜਿਸ ਨੂੰ ਗੋਲ ਵਿੱਚ ਬਦਲਣ ਵਿੱਚ ਹਰਮਨਪ੍ਰੀਤ ਨੇ ਕੋਈ ਗ਼ਲਤੀ ਨਹੀਂ ਕੀਤੀ। ਭਾਰਤ ਇਸ ਤਰ੍ਹਾਂ ਅੱਧੇ ਸਮੇਂ ਤੱਕ 5-0 ਨਾਲ ਅੱਗੇ ਸੀ।
ਤੀਜੇ ਕੁਆਰਟਰ ਦੇ ਦੂਜੇ ਮਿੰਟ ਵਿੱਚ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ ਪਰ ਯੁਵਾ ਡਰੈਗ ਫਲਿੱਕਰ ਵਰੁਨ ਕੁਮਾਰ ਉਸ ’ਤੇ ਗੋਲ ਨਹੀਂ ਕਰ ਸਕਿਆ। ਇਸ ਤੋਂ ਬਾਅਦ ਵੀ ਭਾਰਤ ਨੂੰ ਲਗਾਤਾਰ ਦੋ ਪੈਨਲਟੀ ਕਾਰਨਰ ਮਿਲੇ ਪਰ ਇਸ ’ਤੇ ਵੀ ਉਹ ਫਾਇਦਾ ਨਹੀਂ ਚੁੱਕ ਸਕਿਆ। ਭਾਰਤ ਨੇ ਚੌਥੇ ਕੁਆਰਟਰ ਦੇ ਸ਼ੁਰੂ ਵਿੱਚ ਪੈਨਲਟੀ ਕਾਰਨਰ ਹਾਸਲ ਕੀਤਾ। ਵਰੁਨ ਨੇ ਗੇਂਦ ਰਮਨਦੀਪ ਸਿੰਘ ਵੱਲ ਵਧਾਈ ਜਿਸ ਨੇ ਭਾਰਤ ਵੱਲੋਂ ਛੇਵਾਂ ਗੋਲ ਕੀਤਾ। ਭਾਰਤ ਨੇ ਅਗਲੇ ਮਿੰਟ ਵਿੱਚ ਹੀ 10ਵਾਂ ਪੈਨਲਟੀ ਕਾਰਨਰ ਹਾਸਲ ਕੀਤਾ ਅਤੇ ਇਸ ਵਾਰ ਹਰਮਨਪ੍ਰੀਤ ਨੇ ਉਸ ’ਤੇ ਗੋਲ ਕੀਤਾ। ਭਾਰਤ ਹੁਣ ਪੂਲ ‘ਏ’ ਵਿੱਚ ਆਪਣਾ ਅਗਲਾ ਮੈਚ 15 ਅਕਤੂਬਰ ਨੂੰ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਖ਼ਿਲਾਫ਼ ਖੇਡੇਗਾ।

 

 

fbbg-image

Latest News
Magazine Archive