ਕਸ਼ਮੀਰ ਪੁੱਜੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ


ਸ੍ਰੀਨਗਰ - ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਜੰਮੂ ਕਸ਼ਮੀਰ ਦੇ ਦੋ ਦਿਨਾਂ ਦੌਰੇ ਦੌਰਾਨ ਅੱਜ ਇੱਥੇ ਪੁੱਜੇ। ਇਸ ਦੌਰਾਨ ਉਹ ਭਲਕੇ ਵਿਸ਼ਵ ਦੇ ਸਭ ਤੋਂ ਉੱਚੇ ਜੰਗੀ ਮੁਹਾਜ਼ ਸਿਆਚਿਨ ਗਲੇਸ਼ੀਅਰ ਦੀ ਵੀ ਫੇਰੀ ਪਾਉਣਗੇ।
ਇਸ ਮਹੀਨੇ ਦੇ ਸ਼ੁਰੂ ਵਿੱਚ ਰੱਖਿਆ ਮੰਤਰੀ ਦਾ ਅਹੁਦਾ ਸੰਭਾਲਣ ਵਾਲੇ ਨਿਰਮਲਾ ਸੀਤਾਰਮਨ ਮਕਬੂਜ਼ਾ ਕਸ਼ਮੀਰ ਨਾਲ ਲਗਦੀ ਕੰਟਰੋਲ ਰੇਖਾ ਅਤੇ ਲੱਦਾਖ ਖਿੱਤੇ ਵਿੱਚ ਭਾਰਤ-ਚੀਨ ਵਿਚਾਲੇ ਅਸਲ ਕੰਟਰੋਲ ਰੇਖਾ ਉਤੇ ਸਥਿਤ ਚੌਕੀਆਂ ਦਾ ਵੀ ਦੌਰਾ ਕਰਨਗੇ। ਸਿਆਚਿਨ ਫੇਰੀ ਤੋਂ ਇਲਾਵਾ ਉਹ ਫੌਜੀ ਕਮਾਂਡਰਾਂ ਨਾਲ ਵਾਦੀ ਦੇ ਸੁਰੱਖਿਆ ਹਾਲਾਤ ਦੀ ਸਮੀਖਿਆ ਕਰਨਗੇ। ਉਨ੍ਹਾਂ ਦੀ ਗੱਲਬਾਤ ਹਾਲੀਆ ਮਹੀਨਿਆਂ ਵਿੱਚ ਹੋਈਆਂ ਫੌਜੀ ਕਾਰਵਾਈਆਂ ਉਤੇ ਕੇਂਦਰਿਤ ਰਹੇਗੀ, ਜਿਨ੍ਹਾਂ ਵਿੱਚ ਕਈ ਅਤਿਵਾਦੀ ਮਾਰੇ ਗਏ। ਰੱਖਿਆ ਮੰਤਰੀ ਵਜੋਂ ਇਹ ਸੀਤਾਰਮਨ ਦਾ ਪਹਿਲਾ ਜੰਮੂ ਕਸ਼ਮੀਰ ਦੌਰਾ ਹੈ। ਉਹ ਅੱਜ ਸਵੇਰੇ ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨਾਲ ਇੱਥੇ ਪੁੱਜੇ ਅਤੇ ਸਿੱਧੇ ਉੱਤਰੀ ਕਸ਼ਮੀਰ ਦੇ ਕੁਪਵਾੜਾ ਸੈਕਟਰ ਗਏ, ਜਿੱਥੇ ਉਨ੍ਹਾਂ ਜ਼ਮੀਨੀ ਪੱਧਰ ਉਤੇ ਹਾਲਾਤ ਦਾ ਜਾਇਜ਼ਾ ਲਿਆ। ਫੌਜ ਦੇ ਸੀਨੀਅਰ ਅਧਿਕਾਰੀਆਂ ਨੇ ਰੱਖਿਆ ਮੰਤਰੀ ਨੂੰ ਵਾਦੀ ਦੇ ਸਮੁੱਚੇ ਹਾਲਾਤ, ਅਤਿਵਾਦੀਆਂ ਅਤੇ ਘੁਸਪੈਠ ਵਿਰੋਧੀ ਕਾਰਵਾਈਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਅਤੇ ਰਾਜਪਾਲ ਐਨ.ਐਨ. ਵੋਹਰਾ ਨਾਲ ਮੁਲਾਕਾਤ ਕੀਤੀ। 

 

Latest News
Magazine Archive