ਲੰਕਾ ਦੇ ਚਾਂਦੀਮਲ ਦੀ ਚਾਂਦੀ


ਆਬੂ ਧਾਬੀ - ਕਪਤਾਨ ਦਿਨੇਸ਼ ਚਾਂਦੀਮਲ (ਨਾਬਾਦ 155) ਦੀ ਸ਼ਾਨਦਾਰ ਪਾਰੀ ਸਦਕਾ ਸ੍ਰੀਲੰਕਾ ਨੇ ਪਾਕਿਸਤਾਨ ਖ਼ਿਲਾਫ਼ ਪਹਿਲੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਪਹਿਲੀ ਪਾਰੀ ਵਿੱਚ 419 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ। ਪਾਕਿਤਸਾਨ ਨੇ ਇਸ ਦੇ ਜਵਾਬ ਵਿੱਚ ਦਿਨ ਦੀ ਖੇਡ ਮੁੱਕਣ ਤੱਕ 23 ਓਵਰਾਂ ਵਿੱਚ ਬਿਨਾਂ ਕੋਈ ਵਿਕਟ ਗੁਆਇਆਂ 64 ਦੌੜਾਂ ਬਣਾਈਆਂ। ਪਾਕਿਸਤਾਨ ਹਾਲੇ ਲੰਕਾ ਦੇ ਸਕੋਰ ਤੋਂ 355 ਦੌੜਾਂ ਪਿੱਛੇ ਹੈ। ਦਿਨ ਦੀ ਖੇਡ ਖ਼ਤਮ ਹੋਣ ਤੱਕ ਸ਼ਾਨ ਮਸੂਦ 30 ਅਤੇ ਸਮੀ ਸਮੀ ਅਸਲਮ 31 ਦੌੜਾਂ ਬਣਾ ਕੇ ਕਰੀਜ਼ ’ਤੇ ਡਟੇ ਹੋਏ ਸਨ।
ਇਸ ਤੋਂ ਪਹਿਲਾਂ ਸ੍ਰੀਲੰਕਾ ਨੇ ਚਾਰ ਵਿਕਟਾਂ ’ਤੇ 227 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ ਤੇ ਉਸ ਦੀ ਪਾਰੀ 419 ਦੌੜਾਂ ’ਤੇ ਖ਼ਤਮ ਹੋਈ। ਚਾਂਦੀਮਲ ਨੇ 60 ਅਤੇ ਨਿਰੋਸ਼ਨ ਡਿਕਵੇਲਾ ਨੇ 42 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ। ਚਾਂਦੀਮਲ ਨੇ ਆਪਣੇ ਕਰੀਅਰ ਦਾ ਨੌਵਾਂ ਸੈਂਕੜਾ ਜੜਿਆ। ਉਸ ਨੇ 372 ਗੇਂਦਾਂ ਖੇਡਦਿਆਂ 14 ਚੌਕਿਆਂ ਦੀ ਮਦਦ ਨਾਲ 155 ਦੌੜਾਂ ਬਣਾਈਆਂ। ਨਿਰੋਸ਼ਨ ਡਿਕਵੇਲਾ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ 117 ਗੇਂਦਾਂ ਵਿੱਚ 83 ਦੌੜਾਂ ਬਣਾਈਆਂ, ਜਿਨ੍ਹਾਂ ਵਿੱਚ ਉਸ ਨੇ ਨੌਂ ਚੌਕੇ ਅਤੇ ਇੱਕ ਛੱਕਾ ਜੜਿਆ। ਦਿਲਰੂਵਾਨ ਪਰੇਰਾ ਨੇ 117 ਗੇਂਦਾਂ ਵਿੱਚ 33 ਦੌੜਾਂ ਬਣਾਈਆਂ।
ਡਿਕਵੇਲਾ ਨੂੰ ਹਸਲ ਅਲੀ ਅਤੇ ਪਰੇਰਾ ਨੂੰ ਹੈਰਿਸ ਸੋਹੇਲ ਨੇ ਆਊੁਟ ਕੀਤਾ। ਰੰਗਨਾ ਹੈਰਾਤ ਨੂੰ ਲੈੱਗ ਸਪਿੰਨਰ ਯਾਸਿਰ ਸ਼ਾਹ ਨੇ ਆਊਟ ਕੀਤਾ। ਮੁਹੰਮਦ ਅੱਬਾਸ ਨੇ ਆਖਰੀ ਤਿੰਨ ਵਿਕਟਾਂ ਝਟਕਾ ਕੇ ਲੰਕਾ ਦੀ ਪਾਰੀ 419 ਦੌੜਾਂ ’ਤੇ ਸਮੇਟ ਦਿੱਤੀ।
ਅੱਬਾਸ ਨੇ 26.5 ਓਵਰਾਂ ਵਿੱਚ 75 ਦੌੜਾਂ ਦੇ ਕੇ ਤਿੰਨ ਵਿਕਟਾਂ, ਸ਼ਾਹ ਨੇ 57 ਓਵਰਾਂ ਵਿੱਚ 120 ਦੌੜਾਂ ਦੇ ਕੇ ਤਿੰਨ ਵਿਕਟਾਂ ਅਤੇ ਹਸਨ ਅਲੀ ਨੇ 27 ਓਵਰਾਂ ਵਿੱਚ 88 ਦੌੜਾਂ ਦੇ ਕੇ ਦੋ ਵਿਕਟਾਂ ਝਟਕਾਈਆਂ।

 

 

fbbg-image

Latest News
Magazine Archive