ਕਿਸਾਨ ਧਰਨਾ: ਬੀਬੀਆਂ ਵੀ ਡਟੀਆਂ ਮੋਰਚੇ ’ਤੇ


ਮਹਿਮਦਪੁਰ (ਪਟਿਆਲਾ) - ਮੌਸਮ ਦੀ ਕਰੋਪੀ, ਸਰਕਾਰੀ ਬੇਰੁਖ਼ੀ ਅਤੇ ਬੱਚਿਆਂ ਦੀਆਂ ਘਰੇਲੂ ਜ਼ਿੰਮੇਵਾਰੀਆਂ ਦੇ ਬਾਵਜੂਦ ਬਹੁਤ ਸਾਰੀਆਂ ਬੀਬੀਆਂ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਧਰਨੇ ਵਿੱਚ ਡਟੀਆਂ ਹੋਈਆਂ ਹਨ। ਪੜ੍ਹਾਈ-ਲਿਖਾਈ ਅਤੇ ਨੌਕਰੀਆਂ ਦੇ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਬੀਬੀਆਂ ਹੁਣ ਸੰਘਰਸ਼ੀ ਪਿੜ੍ਹਾਂ ਅੰਦਰ ਵੀ ਮੁੱਖ ਆਗੂ ਦੀ ਭੂਮਿਕਾ ਨਿਭਾਉਣ ਲਈ ਤਿਆਰ ਹੋ ਰਹੀਆਂ ਹਨ। ਲਾਮਬੰਦੀ ਦੇ ਸਹਾਰੇ ਉਹ 26 ਸਤੰਬਰ ਨੂੰ ਇਸੇ ਸੰਘਰਸ਼ੀ ਮੈਦਾਨ ਵਿੱਚ ਆਪਣੀ ਤਾਕਤ ਦਾ ਮੁਜ਼ਾਹਰਾ ਵੀ ਕਰਨਗੀਆਂ। ਦੋ ਦਿਨ ਪਹਿਲਾਂ 22 ਅਤੇ 23 ਸਤੰਬਰ ਦੀ ਰਾਤ ਨੂੰ ਬਰਸਾਤ ਪੈਣ ’ਤੇ ਮਹਿਮਦਪੁਰ ਦੀ ਅਨਾਜ ਮੰਡੀ ਵਿੱਚ ਸਾਧਾਰਨ ਟੈਂਟ ਹੇਠ ਮੋਰਚਾ ਲਾਏ ਬੈਠੇ ਕਿਸਾਨਾਂ ਨੇ ਬੀਬੀਆਂ ਨੂੰ ਸੇਖੂਪੁਰ ਦੇ ਗੁਰਦੁਆਰਾ ਪ੍ਰਮੇਸ਼ਰ ਦੁਆਰ ਜਾਣ ਦੀ ਕਈ ਵਾਰ ਬਿਨਤੀ ਕੀਤੀ। ਫਿਰ ਵੀ ਉਹ ਮੋਰਚੇ ਉਤੇ ਡਟੀਆਂ ਰਹਿਣਾ ਚਾਹੁੰਦੀਆਂ ਸਨ। ਜੇਠੂਕੇ ਪਿੰਡ ਦੀ ਬਜ਼ੁਰਗ ਬੀਬੀ ਗੁਰਦੇਵ ਕੌਰ ਨੇ ਕਿਹਾ ਕਿ ਸਵੇਰੇ ਤਿੰਨ ਵਜੇ ਸ਼ਰੀਰ ਠੰਢ ਨਾਲ ਕੰਬਣ ਕਰਕੇ ਉਨ੍ਹਾਂ ਨੂੰ ਵਾਹਨਾਂ ਰਾਹੀਂ ਗੁਰਦੁਆਰੇ ਪਹੁੰਚਾਇਆ ਗਿਆ। ਔਰਤਾਂ ਦੀ ਸਭ ਤੋਂ ਵੱਡੀ ਮੁਸ਼ਕਿਲ ਬਾਥਰੂਮ ਅਤੇ ਪਾਖਾਨੇ ਦੀ ਅਣਹੋਂਦ ਹੈ। ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਹੈ।
ਪੰਜਾਬ ਦੀਆਂ ਜਨਤਕ ਜਥੇਬੰਦੀਆਂ, ਪਾਰਟੀਆਂ ਅਤੇ ਟ੍ਰੇਡ ਯੂਨੀਅਨਾਂ ਵਿੱਚ ਔਰਤ ਆਗੂਆਂ ਦੇ ਮੁੱਖ ਭੂਮਿਕਾ ਵਿੱਚ ਆਉਣ ਦਾ ਰੁਝਾਨ ਕਮਜ਼ੋਰ ਹੈ। ਇੱਥੋਂ ਤਕ ਕਿ ਪਿੰਡਾਂ ਦੀਆਂ ਚੁਣੀਆਂ ਜਾਂਦੀਆਂ ਸਰਪੰਚਾਂ ਵਿੱਚੋਂ ਵੀ ਬਹੁਤੀਆਂ ਦੀ ਜਗ੍ਹਾ ਉਨ੍ਹਾਂ ਦੇ ਪਰਿਵਾਰਾਂ ਦੇ ਮਰਦ ਮੈਂਬਰ ਹੀ ਕੰਮ ਕਰਦੇ ਹਨ।  ਇਨ੍ਹਾਂ ਔਰਤ ਆਗੂਆਂ ਵਿੱਚੋਂ ਕਈ ਪੂਰੀ ਤਰ੍ਹਾਂ ਅਨਪੜ੍ਹ ਹਨ ਅਤੇ ਕੁਝ ਬੇਸ਼ੱਕ ਅੱਠਵੀਂ ਤੋਂ 10+2 ਤਕ ਹੀ ਪੜ੍ਹੀਆਂ ਹਨ ਪਰ ਕਿਸਾਨ ਸਮੱਸਿਆਵਾਂ ਬਾਰੇ ਆਗੂਆਂ ਦੇ ਭਾਸ਼ਣਾਂ ਅਤੇ ਹੋਰ ਸੈਮੀਨਾਰਾਂ ਨੇ ਉਨ੍ਹਾਂ ਦੀ ਸਿਆਸੀ ਸੂਝ-ਬੂਝ ਨੂੰ ਟੁੰਬਿਆ ਹੈ ਅਤੇ ਨੀਤੀਗਤ ਪੱਧਰ ਉਤੇ ਸਮਝ ਬਣਾਉਣ ਵਿੱਚ ਸਹਾਇਤਾ ਕੀਤੀ ਹੈ। ਭਾਰਤੀ ਕਿਸਾਨ ਯੂਨੀਅਨ (ਏਕਤਾ, ਉਗਰਾਹਾਂ) ਨੇ ਔਰਤਾਂ ਨੂੰ ਜਥੇਬੰਦੀ ਦੇ ਅਲੱਗ ਵਿੰਗ ਦੇ ਤੌਰ ਉਤੇ ਲਾਮਬੰਦ ਕਰਨ ਦੀ ਨੀਤੀ ਤਹਿਤ ਬੀਬੀਆਂ ਨੂੰ ਆਜ਼ਾਦ ਵਿਚਰਨ ਅਤੇ ਉਨ੍ਹਾਂ ਦੇ ਵਾਹਨ ਦਾ ਪ੍ਰਬੰਧ ਕਰਨ ਦਾ ਤਰੀਕਾ ਅਪਣਾਇਆ ਹੈ। ਬਠਿੰਡਾ ਜ਼ਿਲ੍ਹੇ ਦੀ ਪ੍ਰਧਾਨ ਹਰਿੰਦਰ ਬਿੰਦੂ ਪੂਰੇ ਜਜ਼ਬੇ ਨਾਲ ਪਿੰਡਾਂ ਵਿੱਚ ਵਿਚਰਦੀ ਹੈ। ਬਿੰਦੂ ਨੇ ਕਿਹਾ ਕਿ ਉਨ੍ਹਾਂ ਕੋਲ ਜਥੇਬੰਦੀ ਦੀ ਗੱਡੀ ਹੈ। ਔਰਤਾਂ ਦਾ ਗਰੁੱਪ ਪਿੰਡ-ਪਿੰਡ ਜਾ ਕੇ ਬੀਬੀਆਂ ਨੂੰ ਕਿਸਾਨੀ ਸਮੱਸਿਆਵਾਂ, ਸਰਕਾਰੀ ਨੀਤੀਆਂ ਅਤੇ ਸੰਘਰਸ਼ਾਂ ਦੀ ਲੋੜ ਦੇ ਮੁੱਦੇ ਉਤੇ ਲਾਮਬੰਦ ਕਰਨ ਦੇ ਨਾਲ ਕਮੇਟੀਆਂ ਵੀ ਬਣਾਈਆਂ ਜਾ ਰਹੀਆਂ ਹਨ। ਮੋਰਚੇ ਤੋਂ ਪਹਿਲਾਂ ਕਿਸਾਨ ਆਗੂਆਂ ਦੀ ਫੜੋ-ਫੜੀ ਮੌਕੇ ਉਸ ਨੇ ਵੀ ਰੂਪੋਸ਼ ਰਹਿ ਕੇ ਲਾਮਬੰਦੀ ਜਾਰੀ ਰੱਖੀ। ਬਠਿੰਡਾ ਜ਼ਿਲ੍ਹੇ ਦੀ ਹੀ ਜਨਰਲ ਸਕੱਤਰ ਸੁਖਪ੍ਰੀਤ ਕੌਰ ਸੁੱਖੀ ਨੂੰ ਪਤੀ ਸੁਖਜੀਤ ਸਿੰਘ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਦੋਵੇਂ 23 ਸਤੰਬਰ ਸ਼ਾਮ ਨੂੰ ਰਿਹਾ ਹੋਏ ਅਤੇ ਅੱਜ ਹੀ ਮਹਿਮਦਪੁਰ ਮੋਰਚੇ ਵਿੱਚ ਪਹੁੰਚ ਗਏ। ਬਰਨਾਲਾ ਜ਼ਿਲ੍ਹੇ ਦੀ ਜ਼ਿੰਮੇਵਾਰੀ ਬਲਵੀਰ ਕੌਰ ਭੱਠਲ ਨੇ ਸੰਭਾਲ ਰੱਖੀ ਹੈ। ਮੋਗਾ ਵਿੱਚ ਕੁਲਦੀਪ ਕੌਰ ਕੁੱਸਾ, ਕੋਠਾ ਗੁਰੂ ਪਿੰਡ ਦੀ ਮਾਲਣ ਕੌਰ ਅਤੇ ਨਥਾਣੇ ਬਲਾਕ ਦੀ ਕਰਮਜੀਤ ਕੌਰ ਠੇਠ ਪੰਜਾਬੀ ਮੁਹਾਵਰੇ ਵਿੱਚ ਔਰਤਾਂ ਦੇ ਦਿਮਾਗਾਂ ਵਿੱਚ ਇਹ ਗੱਲ ਬਿਠਾ ਰਹੀਆਂ ਹਨ ਕਿ ਉਨ੍ਹਾਂ ਦਾ ਸੰਘਰਸ਼ਾਂ ਦੇ ਮੰਚ ਉਤੇ ਜਾਣ ਤੋਂ  ਬਿਨਾਂ ਕੋਈ ਚਾਰਾ ਨਹੀਂ ਹੈ। ਹਰਿੰਦਰ ਬਿੰਦੂ ਨੇ ਕਿਹਾ ਕਿ ਲਗਭਗ ਪੰਜ ਸਾਲ ਕੀਤੇ ਗਏ ਯਤਨਾਂ ਮਗਰੋਂ ਮਹਿਲਾਵਾਂ ਕਿਸਾਨ ਸੰਘਰਸ਼ਾਂ ਵਿੱਚ ਸ਼ਾਮਲ ਹੋਈਆਂ ਹਨ। ਸ਼ਹਿਰਾਂ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੇ ਧਰਨਿਆਂ ਬਾਰੇ ਪੈਦਾ ਹੋ ਰਹੀ ਨਾਰਾਜ਼ਗੀ ਅਤੇ ਘੱਟ ਰਹੀ ਸੰਵੇਦਨਾ ਬਾਰੇ ਬਠਿੰਡਾ ਜ਼ਿਲ੍ਹੇ ਦੇ ਕੋਰੜਾ ਪਿੰਡ ਦੀ ਬੀਬੀ ਜਸਪਾਲ ਕੌਰ ਕਹਿੰਦੀ ਹੈ ਕਿ ਸ਼ਹਿਰੀਆਂ ਨੂੰ ਡਰ ਹੈ ਕਿ ਧਰਨੇ ਵਿੱਚ ਸ਼ੋਰ ਜ਼ਿਆਦਾ ਹੁੰਦਾ ਹੈ ਅਤੇ ਉਨ੍ਹਾਂ ਦੇ ਕੰਮਕਾਜ ਉਤੇ ਅਸਰ ਪੈਂਦਾ ਹੈ। ਪਰ ਧਰਨਾਕਾਰੀਆਂ ਨੂੰ ਆਪਣੇ ਅਨੁਸ਼ਾਸਨ ਨਾਲ  ਇਹ ਸਾਬਤ ਕਰਨਾ ਹੋਵੇਗਾ ਕਿ ਉਹ ਸ਼ਹਿਰੀਆਂ ਦੇ ਵਿਰੋਧੀ ਨਹੀਂ ਬਲਕਿ ਇਕ ਤਰ੍ਹਾਂ ਨਾਲ ਉਨ੍ਹਾਂ ਦਾ ਹੀ ਕੰਮ ਕਰ ਰਹੇ ਹਨ। ਹਰਿੰਦਰ ਬਿੰਦੂ ਨੇ ਕਿਹਾ ਕਿ ਬਠਿੰਡਾ ’ਚ ਲੰਬੇ ਚਲੇ ਧਰਨੇ ਵੇਲੇ ਵੀ ਸ਼ੁਰੂ ਵਿੱਚ ਅਜਿਹਾ ਨਜ਼ਰੀਆ ਸੀ ਪਰ ਧਰਨੇ ਵਿੱਚ ਆਉਂਦੇ ਕਿਸਾਨਾਂ ਦੇ ਵਿਵਹਾਰ ਨੇ ਉਨ੍ਹਾਂ ਨੂੰ ਅਜਿਹਾ ਖਿੱਚਿਆ ਕਿ ਕਾਲਜ ਜਾਣ ਵਾਲੇ ਬੱਚੇ ਸਟੇਜਾਂ ਉਤੇ ਕਵਿਤਾਵਾਂ ਗਾਉਣ ਲੱਗ ਪਏ। ਸਰਕਾਰ ਆਪਣੇ ਬੰਦਿਆਂ ਰਾਹੀਂ ਇਹ ਪਾੜਾ ਖੜ੍ਹਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਅਸੀਂ ਇਸ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ।
ਪਰਾਲੀ ਸਾਂਭਣ ਲਈ 200 ਰੁਪਏ ਬੋਨਸ ਮੰਗਿਆ
ਪਟਿਆਲਾ - ਮਹਿਮਦਪੁਰ ਦੀ  ਅਨਾਜ ਮੰਡੀ  ਵਿੱਚ ਚਲ ਰਿਹਾ ਸੱਤ ਕਿਸਾਨ ਜਥੇਬੰਦੀਆਂ ਦਾ ਧਰਨਾ ਐਤਵਾਰ ਨੂੰ ਤੀਜੇ ਦਿਨ ਵੀ ਜਾਰੀ ਰਿਹਾ| ਅੱਜ ਕੜਕਵੀਂ ਧੁੱਪ ਦੇ ਬਾਵਜੂਦ ਹਜ਼ਾਰਾਂ ਕਿਸਾਨ ਧਰਨੇ ’ਚ ਸ਼ਾਮਲ ਹੋਏ। ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਨੇਤਾਵਾਂ ਨੇ ਸਰਕਾਰ ਵੱਲੋਂ ਕਿਸਾਨੀ ਕਰਜ਼ਿਆਂ ਸਬੰਧੀ ਲਏ ਗਏ ਫ਼ੈਸਲੇ ਨੂੰ ਕਰਜ਼ਈ ਕਿਸਾਨਾਂ ਦੀ ਅਸਲ ਹਾਲਤ ਤੋਂ ਕੋਹਾਂ ਦੂਰ ਦੱਸਿਆ| ਪਰਾਲੀ  ਸਾੜਨ  ਦੇ ਮੁੱਦੇ ’ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਪਰਾਲੀ ਸਾਂਭਣ ਲਈ ਸਰਕਾਰ ਨੇ 200 ਰੁਪਏ ਪ੍ਰਤੀ ਕੁਇੰਟਲ ਝੋਨੇ ’ਤੇ  ਬੋਨਸ ਨਾ ਦਿੱਤਾ ਤਾਂ ਮਜਬੂਰਨ ਉਨ੍ਹਾਂ ਨੂੰ ਪਰਾਲੀ ਖੇਤਾਂ ਵਿੱਚ ਹੀ ਸਾੜਨੀ ਪਏਗੀ। ਉਨ੍ਹਾਂ ਦਾ ਕਹਿਣਾ ਸੀ ਕਿ ਕਰਜ਼ਈ ਕਿਸਾਨਾਂ ਦੀਆਂ ਖੁਦਕੁਸ਼ੀਆਂ ਵਿੱਚ ਹੋ ਰਹੇ ਵਾਧੇ ਪ੍ਰਤੀ ਸਰਕਾਰ ਸੰਜੀਦਾ ਨਹੀਂ ਹੈ| ਸਰਕਾਰ ਵੱਲੋਂ ਕਿਸਾਨ ਸੰਘਰਸ਼ ਨੂੰ ਦਬਾਉਣ ਲਈ ਵਰਤੇ ਗਏ ਹੱਥਕੰਡਿਆਂ ਦੀ ਨਿੰਦਾ ਵੀ ਕੀਤੀ ਗਈ| ਬੁਲਾਰਿਆਂ ਨੇ ਕਿਹਾ ਕਿ ਕਰਜ਼ਿਆਂ ਦੇ ਖ਼ਾਤਮੇ ਤਕ ਕਿਸਾਨਾਂ ਦਾ ਸੰਘਰਸ਼ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਰਹੇਗਾ| ਉਨ੍ਹਾਂ ਕਿਹਾ ਕਿ ਮੁਕੰਮਲ ਕਰਜ਼ਾ ਮੁਆਫ਼ੀ ਅਤੇ ਜਿਣਸਾਂ ਦੇ ਵਾਜਬ ਭਾਅ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ| ਕਿਸਾਨ ਆਗੂਆਂ ਨੇ ਕਿਹਾ ਕਿ ਮੱਕੀ, ਬਾਸਮਤੀ, ਆਲੂ, ਮਟਰ, ਸੂਰਜਮੁਖੀ ਆਦਿ ਸਮੇਤ ਸਭ ਫਸਲਾਂ ਦੇ ਢੁਕਵੇਂ ਭਾਅ ’ਤੇ ਖ਼ਰੀਦ ਦੀ ਗਾਰੰਟੀ ਸਰਕਾਰ ਲਏ। ਆਬਾਦਕਾਰ ਕਿਸਾਨਾਂ ਨੂੰ ਹਰ ਤਰ੍ਹਾਂ ਦੀਆਂ ਜ਼ਮੀਨਾਂ ਦੇ ਮਾਲਕੀ ਹੱਕ ਦੇਣ ਦੀ ਮੰਗ ਵੀ ਕੀਤੀ ਗਈ| ਫਸਲਾਂ ਦਾ ਉਜਾੜਾ ਕਰਦੇ ਆਵਾਰਾ ਪਸ਼ੂਆਂ ਦੇ ਪ੍ਰਬੰਧ ’ਤੇ ਵੀ ਜ਼ੋਰ ਦਿੱਤਾ ਗਿਆ| ਧਰਨੇ ਨੂੰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਤੇ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਕੰਵਲਪ੍ਰੀਤ ਸਿੰਘ ਪਨੂੰ, ਕਿਸਾਨ ਯੂਨੀਅਨ (ਡਕੌਂਦਾ) ਦੇ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰ, ਕਿਸਾਨ ਯੂਨੀਅਨ ਉਗਰਾਹਾਂ ਦੇ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ,  ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਪ੍ਰਧਾਨ ਸੁਰਜੀਤ ਸਿੰਘ ਫੂਲ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਹਰਮੇਸ਼ ਸਿੰਘ ਢੇਸੀ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਸਮੇਤ ਹੋਰਨਾਂ ਨੇ ਵੀ ਸੰਬੋਧਨ ਕੀਤਾ| ਇਸ ਮੌਕੇ ਬੂਟਾ ਸਿੰਘ ਬੁਰਜਗਿੱਲ, ਡਾ. ਦਰਸ਼ਨਪਾਲ ਤੇ ਅਵਤਾਰ ਸਿੰਘ ਕੌਰਜੀਵਾਲਾ ਸਮੇਤ ਹੋਰ ਆਗੂ ਵੀ ਮੌਜੂਦ ਸਨ। ਇਸ ਦੌਰਾਨ ਕਿਸਾਨਾਂ ਨੇ ਲੰਗਰ ਲਾਈ ਰੱਖੇ ਜਦਕਿ ਪੁਲੀਸ ਦਾ ਪਹਿਰਾ ਵੀ ਬਰਕਰਾਰ ਰਿਹਾ|
‘ਆਪ’ ਆਗੂ ਵੱਲੋਂ ਧਰਨੇ ’ਚ ਜਾਣ ’ਤੇ ਵਿਵਾਦ
ਪਟਿਆਲਾ ਤੋਂ ‘ਆਪ’ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਡਾ. ਬਲਬੀਰ ਸਿੰਘ ਅੱੱਜ ਕਿਸਾਨਾਂ ਦੀ ਹਮਾਇਤ ਲਈ ਮਹਿਮਦਪੁਰ ਅਨਾਜ ਮੰਡੀ ਪੁੱਜੇ| ਰਾਜਸੀ ਪਾਰਟੀਆਂ ਲਈ ਸੁਖਾਵਾਂ ਮਾਹੌਲ ਨਾ ਵੇਖਦਿਆਂ ਉਹ ਛੇਤੀ ਹੀ ਪਰਤ ਗਏ| ਕੁਝ ਮਹਿਲਾ ਆਗੂਆਂ ਦਾ ਕਹਿਣਾ ਸੀ ਕਿ ਇਹ ਸਿਰਫ਼ ਕਿਸਾਨਾਂ ਦਾ ਧਰਨਾ  ਹੈ, ਜਿਸ ਦਾ ਕੋਈ ਵੀ  ਰਾਜਸੀ ਆਗੂ ਲਾਹਾ ਲੈਣ ਦੀ  ਕੋਸ਼ਿਸ਼ ਨਾ  ਕਰੇ| ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਾਰਟੀ ਪੱਧਰ  ਤੋਂ ਉਪਰ ਉਠ ਕੇ ਕਿਸਾਨਾਂ ਦੇ ਹਮਦਰਦ ਵਜੋਂ ਇਥੇ ਆਏ ਸਨ। ਕਿਸਾਨਾਂ ਪ੍ਰਤੀ ਸਰਕਾਰ  ਦੇ ਰਵੱਈਏ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਸਾਨ ਦੀ  ਮੌਤ ’ਤੇ ਦੁਖ ਵੀ  ਪ੍ਰਗਟ ਕੀਤਾ|

 

 

fbbg-image

Latest News
Magazine Archive