ਪਾਂਡਿਆ ਦੀ ਪਾਰੀ ਫਿੰਚ ਦੇ ਸੈਂਕੜੇ ’ਤੇ ਭਾਰੀ


ਇੰਦੌਰ - ਆਲਰਾਊਂਡਰ ਹਾਰਦਿਕ ਪਾਂਡਿਆ ਵੱਲੋਂ ਅੱਜ ਫਿਰ ਖੇਡੀ ਗਈ ਅਰਧ ਸੈਂਕੜੇ ਦੀ ਮਦਦ ਨਾਲ ਭਾਰਤ ਨੇ ਅੱਜ ਤੀਜੇ ਇੱਕ ਰੋਜ਼ਾ ਕ੍ਰਿਕਟ ਮੈਚ ’ਚ ਆਸਟਰੇਲੀਆ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ’ਚ 3-0 ਦੀ ਜੇਤੂ ਲੀਡ ਬਣਾ ਲਈ ਹੈ। ਇਸ ਦੇ ਨਾਲ ਭਾਰਤ ਨੇ ਆਈਸੀਸੀ ਰੈਂਕਿੰਗਜ਼ ’ਚ ਵੀ ਪਹਿਲਾ ਸਥਾਨ ਹਾਸਲ ਕਰ ਲਿਆ ਹੈ।
ਰੋਹਿਤ ਸ਼ਰਮਾ (62 ਗੇਂਦਾਂ ’ਚ 71 ਦੌੜਾਂ) ਤੇ ਮੁੰਬਈ ਦੇ ਉਸ ਦੇ ਸਾਥਂ ਅਜਿੰਕਿਆ ਰਹਾਣੇ (76 ਗੇਂਦਾਂ ’ਤੇ 70 ਦੌੜਾਂ) ਨੇ ਪਹਿਲੀ ਵਿਕਟ ਲਈ 139 ਦੌੜਾਂ ਜੋੜ ਕੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ, ਪਰ ਟੀਮ ਨੂੰ ਜਿੱਤ ਦੇ ਮੁਕਾਮ ਤੱਕ ਪਾਂਡਿਆ ਨੇ ਪਹੁੰਚਾਇਆ। ਇਸ ਆਲਰਾਊਂਡਰ ਨੇ ਚੌਥੇ ਨੰਬਰ ’ਤੇ ਉਤਰਨ ਮਗਰੋਂ 72 ਗੇਂਦਾਂ ’ਚ 78 ਦੌੜਾਂ ਦੀ ਪਾਰੀ ਖੇਡੀ, ਜਿਸ ’ਚ ਉਸ ਦੇ ਪੰਜ ਚੌਕੇ ਤੇ ਚਾਰ ਛੱਕੇ ਸ਼ਾਮਲ ਹਨ। ਇਸ ਨਾਲ ਭਾਰਤ ਨੇ 47.5 ਓਵਰਾਂ ’ਚ ਵਿਕਟਾਂ ’ਤੇ 294 ਦੌੜਾਂ ਬਣਾ ਬਣਾ ਕੇ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ ਹੈ।
ਇਸ ਤੋਂ ਪਹਿਲਾਂ ਸੱਟ ਤੋਂ ਉੱਭਰਨ ਮਗਰੋਂ ਟੀਮ ’ਚ ਵਾਪਸੀ ਕਰਨ ਵਾਲੇ ਆਰੋਨ ਫਿੰਚ ਦੇ ਸੈਂਕੜੇ ਤੇ ਕਪਤਾਨ ਸਟੀਵ ਸਮਿੱਥ ਨਾਲ ਉਸ ਦੀ ਵੱਡੀ ਸੈਂਕੜੇ ਦੀ ਭਾਈਵਾਲੀ ਨਾਲ ਇੱਕ ਸਮੇਂ ਵੱਡੇ ਸਕੋਰ ਵੱਲ ਵੱਧ ਰਹੀ ਆਸਟਰੇਲੀਆ ਦੀ ਟੀਮ ਨੂੰ ਭਾਰਤੀ ਗੇਂਦਬਾਜ਼ਾਂ ਨੇ ਚੰਗੀ ਵਾਪਸੀ ਕਰਦਿਆਂ ਛੇ ਵਿਕਟਾਂ ’ਤੇ 293 ਦੌੜਾਂ ਹੀ ਬਣਾਉਣ ਦਿੱਤੀਆਂ।
ਹਿਲਟਨ ਕਾਰਟਰਾਈਟ ਦੀ ਥਾਂ ਟੀਮ ’ਚ ਸ਼ਾਮਲ ਹੋਇਆ ਫਿੰਚ ਮਾਸਪੇਸ਼ੀਆਂ ਦੀ ਖਿੱਚ ਕਾਰਨ ਪਹਿਲੇ ਦੋ ਮੈਚ ਨਹੀਂ ਖੇਡ ਸਕਿਆ ਸੀ, ਇੰਦੌਰ ਦੇ ਹੋਲਕਰ ਸਟੇਡੀਅਮ ’ਚ ਉਸ ਨੇ 125 ਗੇਂਦਾਂ ’ਚ ਸ਼ਾਨਦਾਰ 124 ਦੌੜਾਂ ਬਣਾਈਆਂ ਜਿਸ ’ਚ 12 ਚੌਕੇ ਤੇ ਪੰਜ ਛੱਕੇ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਸਮਿੱਥ ਨੇ 63 ਦੌੜਾਂ ਤੇ ਡੇਵਿਡ ਵਾਰਨਰ ਨੇ 42 ਦੌੜਾਂ ਬਣਾਈਆਂ, ਪਰ ਮੱਧਕ੍ਰਮ ਦੀ ਬੱਲੇਬਾਜ਼ੀ ਲੜਖੜਾਉਣ ਦਾ ਸਿਲਸਿਲਾ ਇੱਥੇ ਵੀ ਜਾਰੀ ਰਿਹਾ ਜਿਸ ਨਾਲ ਇੱਕ ਸਮੇਂ 350 ਦੇ ਸਕੋਰ ਤੱਕ ਪਹੁੰਚਦੀ ਦਿਖਾਈ ਦੇ ਰਹੀ ਟੀਮ 300 ਦੌੜਾਂ ਤੱਕ ਵੀ ਨਹੀਂ ਪਹੁੰਚ ਸਕੀ।
ਭਾਰਤ ਨੇ ਆਖਰੀ ਦਸ ਓਵਰਾਂ ’ਚ ਆਸਟਰੇਲੀਆ ’ਤੇ ਰੋਕ ਲਾਈ ਤੇ ਇਸ ਵਿਚਾਲੇ 59 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ। ਭਾਰਤ ਵੱਲੋਂ ਜਸਪ੍ਰੀਤ ਬਮਰਾ (52 ਦੌੜਾਂ ਦੇ ਕੇ ਦੋ ਵਿਕਟਾਂ) ਅਤੇ ਕੁਲਦੀਪ ਯਾਦਵ (75 ਦੌੜਾਂ ਦੇ ਕੇ ਦੋ ਵਿਕਟਾਂ) ਨੇ ਦੋ-ਦੋ  ਜਦਕਿ ਯਜੁਵਿੰਦਰ ਚਹਿਲ ਤੇ ਹਾਰਦਿਕ ਪਾਂਡਿਆ ਨੇ 1-1 ਵਿਕਟ ਹਾਸਲ ਕੀਤੀ।
ਭਾਰਤ ਦਾ ਜੇਤੂ ਰਿਕਾਰਡ ਬਰਕਰਾਰ
ਆਸਟਰੇਲੀਆ ਨੂੰ ਪੰਜ ਵਿਕਟਾਂ ਨਾਲ ਹਰਾਉਣ ਦੇ ਨਾਲ ਹੀ ਭਾਰਤ ਨੇ ਅੱਜ ਇੱਥੇ ਹੋਲਕਰ ਸਟੇਡੀਅਮ ’ਚ ਜੇਤੂ ਰਹਿਣ ਦਾ ਰਿਕਾਰਡ ਵੀ ਬਰਕਰਾਰ ਰੱਖਿਆ ਹੈ। ਇਸ ਮੈਦਾਨ ’ਤੇ ਇੱਕ ਰੋਜ਼ਾ ਮੈਚਾਂ ’ਚ ਟੀਮ ਇੰਡੀਆ ਦੀ ਇਹ ਲਗਾਤਾਰ ਪੰਜਵੀਂ ਜਿੱਤ ਹੈ। ਇਸ ਤੋਂ ਪਹਿਲਾਂ ਭਾਰਤ ਨੇ ਇੱਥੇ ਇੰਗਲੈਂਡ ਖ਼ਿਲਾਫ਼ ਦੋ ਤੇ ਦੱਖਣੀ ਅਫਰੀਕਾ ਤੇ ਵੈਸਟ ਇੰਡੀਜ਼ ਖ਼ਿਲਾਫ਼ 1-1 ਮੈਚ ਖੇਡਿਆ ਹੈ ਤੇ ਚਾਰਾਂ ਮੈਚਾਂ ’ਚ ਜਿੱਤ ਦਰਜ ਕੀਤੀ ਹੈ। ਹਾਲਾਂਕਿ ਪਹਿਲੇ ਚਾਰਾਂ ਮੈਚਾਂ ’ਚ ਭਾਰਤੀ ਕਪਤਾਨਾਂ ਨੇ ਟੌਸ ਜਿੱਤਣ ਮਗਰੋਂ ਜਿੱਤ ਦਰਜ ਕੀਤੀ ਸੀ, ਪਰ ਇਸ ਮੈਚ ’ਚ ਕੋਹਲੀ ਨੇ ਟੌਸ ਹਾਰਨ ਮਗਰੋਂ ਜਿੱਤ ਦਰਜ ਕੀਤੀ ਹੈ।

 

 

fbbg-image

Latest News
Magazine Archive