ਮੋਤੀ ਮਹਿਲ ਵੱਲ ਕਿਸਾਨਾਂ ਦੀ ਚੜ੍ਹਾਈ ਰੋਕਣ ਲਈ ਪੁਲੀਸ ਪੱਬਾਂ ਭਾਰ


ਚੰਡੀਗੜ੍ਹ - ਕੈਪਟਨ ਸਰਕਾਰ ਨੂੰ ਆਪਣੇ ਕਾਰਜਕਾਲ ਦੇ ਪਹਿਲੇ ਛੇ ਮਹੀਨਿਆਂ ਦੌਰਾਨ ਹੀ ਵੱਡੇ ਕਿਸਾਨ ਅੰਦੋਲਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਅੰਦੋਲਨ ਕਾਰਨ ਪੰਜਾਬ ਪੁਲੀਸ ਅਤੇ ਕਿਸਾਨਾਂ ਦਰਮਿਆਨ ਟਕਰਾਅ ਵਧਣ ਲੱਗਿਆ ਹੈ। ਸੰਗਰੂਰ ਜ਼ਿਲ੍ਹੇ ਦੇ ਪਿੰਡ ਲੌਂਗੋਵਾਲ ਵਿੱਚ ਕਿਸਾਨਾਂ ਤੇ ਪੁਲੀਸ ਦਰਮਿਆਨ ਟਕਰਾਅ ਵਿੱਚ ਦੋ ਔਰਤਾਂ, ਤਿੰਨ ਕਿਸਾਨ ਤੇ ਦੋ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਇਸ ਦੌਰਾਨ ਪੁਲੀਸ ਨੇ ਪੰਜਾਬ ਭਰ ਵਿੱਚ ਛਾਪੇ ਮਾਰ ਕੇ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼  ਜਾਰੀ ਰੱਖੀ। ਸੰਗਰੂਰ ਜ਼ਿਲ੍ਹੇ ਦੇ ਪਿੰਡ ਲੌਂਗੋਵਾਲ ਵਿੱਚ ਇਕ ਕਿਸਾਨ ਆਗੂ ਨੂੰ ਫੜਨ ਗਈ ਪੁਲੀਸ ਅਤੇ ਕਿਸਾਨਾਂ ਦਰਮਿਆਨ ਟਕਰਾਅ ਦੌਰਾਨ ਪੁਲੀਸ ਵੱਲੋਂ ਕੀਤੇ ਲਾਠੀਚਾਰਜ ਵਿੱਚ ਦੋ ਔਰਤਾਂ ਤੇ ਤਿੰਨ ਕਿਸਾਨ ਜ਼ਖ਼ਮੀ ਹੋ ਗਏ। ਇਸ ਦੌਰਾਨ ਨੇੜਲੇ ਪਿੰਡਾਂ ਤੋਂ  ਵੀ ਕਿਸਾਨ ਪਹੁੰਚਣੇ ਸ਼ੁਰੂ ਹੋ ਗਏ, ਪੁਲੀਸ ਇਕ ਵਾਰ ਤਾਂ ਵਾਪਸ ਆ ਗਈ ਪਰ ਕਿਸਾਨਾਂ ਨੇ ਧਰਨਾ ਜਾਰੀ ਰੱਖਿਆ। ਸੁਨਾਮ ਦੇ ਡੀਐਸਪੀ ਵਿਲੀਅਮ ਜੇਜੀ ਦਾ ਕਹਿਣਾ ਹੈ ਕਿ ਪੁਲੀਸ ਪਾਰਟੀ ਉੱਤੇ ਕਿਸਾਨਾਂ ਨੇ ਹਮਲਾ ਕੀਤਾ, ਜਿਸ ਵਿੱਚ ਐਸਐਚਓ ਸਮੇਤ ਦੋ ਪੁਲੀਸ ਮੁਲਾਜ਼ਮ ਜ਼ਖ਼ਮੀ ਹੋਏ। ਪੁਲੀਸ ਸਬੰਧਤ ਕਿਸਾਨਾਂ ਖ਼ਿਲਾਫ਼ ਕਾਰਵਾਈ ਕਰੇਗੀ। ਕਿਸਾਨਾਂ ਦੇ ਗੰਨੇ ਦੇ ਬਕਾਏ ਦੇ ਲਗਪਗ 92 ਕਰੋੜ ਰੁਪਏ ਜਾਰੀ ਕਰਨ ਦੀ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਮੁਹਾਲੀ ਤੇ ਚੰਡੀਗੜ੍ਹ ਦੀ ਹੱਦ ਉੱਤੇ ਦਿੱਤੇ ਜਾ ਰਹੇ ਧਰਨੇ ਨੂੰ ਕਾਨੂੰਨ ਵਿਵਸਥਾ ਦੇ ਇੰਚਾਰਜ ਡੀਜੀਪੀ ਹਰਦੀਪ ਢਿੱਲੋਂ ਦੀ ਅਗਵਾਈ ਵਿੱਚ ਗਈ ਪੁਲੀਸ ਨੇ ਜਬਰੀ ਚੁਕਵਾ ਦਿੱਤਾ।  ਸੱਤ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ (ਏਕਤਾ)-ਡਕੌਂਦਾ, ਕਿਰਤੀ ਕਿਸਾਨ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ (ਪੰਨੂ), ਕਿਸਾਨ ਸੰਘਰਸ਼ ਕਮੇਟੀ (ਆਜ਼ਾਦ) ਅਤੇ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ 22 ਸਤੰਬਰ ਤੋਂ ਮੋਤੀ ਮਹਿਲ ਨੇੜੇ ਦਿੱਤੇ ਜਾਣ ਵਾਲੇ ਧਰਨੇ ਨੂੰ ਅਸਫ਼ਲ ਬਣਾਉਣ ਲਈ ਪੁਲੀਸ ਨੇ ਤਿੰਨ ਦਿਨਾਂ ਤੋਂ ਸ਼ੁਰੂ ਕੀਤੇ ਛਾਪਿਆਂ ਦੌਰਾਨ ਲਗਪਗ ਡੇਢ ਸੌ ਆਗੂ ਅਤੇ ਕਾਰਕੁਨ ਗ੍ਰਿਫ਼ਤਾਰ ਕੀਤੇ ਹਨ। ਯੂਨੀਅਨਾਂ  ਦੇ ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਸਿੰਘ ਕੋਕਰੀ ਕਲਾਂ, ਬੂਟਾ ਸਿੰਘ ਬੁਰਜ ਗਿੱਲ, ਜਗਮੋਹਨ ਉੱਪਲ, ਕੰਵਲਪ੍ਰੀਤ ਸਿੰਘ ਪੰਨੂ ਸਮੇਤ  ਬਹੁਤ ਸਾਰੇ ਸੂਬਾਈ ਆਗੂ ਰੂਪੋਸ਼ ਹੋ ਕੇ ਅੰਦੋਲਨ ਦੀ ਤਿਆਰੀ ਵਿੱਚ ਜੁਟੇ ਹੋਏ ਹਨ। ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਜਥੇਬੰਦੀਆਂ ਨੇ ਪੰਜ ਦਿਨ ਦਾ ਸ਼ਾਂਤਮਈ ਧਰਨਾ ਦੇਣ ਦਾ ਐਲਾਨ ਕੀਤਾ ਹੈ। ਕੈਪਟਨ ਸਰਕਾਰ ਖ਼ਿਲਾਫ਼ ਇਹ ਪਹਿਲਾ ਕਿਸਾਨ ਅੰਦੋਲਨ ਹੈ ਅਤੇ ਸਰਕਾਰ ਨੇ ਪਹਿਲੇ ਛੇ ਮਹੀਨਿਆਂ ਦੌਰਾਨ ਹੀ ਕਿਸਾਨਾਂ ਨਾਲ ਟਕਰਾਅ ਦੀ ਸਥਿਤੀ ਪੈਦਾ ਕਰ ਲਈ ਹੈ। ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਬਣਾਈ ਕੈਬਨਿਟ ਸਬ ਕਮੇਟੀ ਨੇ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰ ਕੇ ਆਪਣੀ ਸਥਿਤੀ ਦੱਸਣ ਦੀ ਕੋਸ਼ਿਸ਼ ਕੀਤੀ ਪਰ ਮੀਟਿੰਗਾਂ ਬੇਸਿੱਟਾ ਰਹੀਆਂ। ਸੱਤ ਕਿਸਾਨ ਜਥੇਬੰਦੀਆਂ ਨੇ ਪੰਜ ਦਿਨ ਦਾ ਧਰਨਾ ਦੇਣ ਦਾ ਐਲਾਨ ਕੀਤਾ ਹੈ। ਧਰਨੇ ਰੋਕਣ ਲਈ ਡੀਜੀਪੀ ਸੁਰੇਸ਼ ਅਰੋੜਾ ਖ਼ੁਦ ਸਰਗਰਮ ਹਨ।
ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਵੀ 21 ਸਤੰਬਰ ਨੂੰ ਚੰਡੀਗੜ੍ਹ ਵਿੱਚ ਧਰਨਾ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ (ਏਕਤਾ)-ਸਿੱਧੂਪੁਰ  ਨੇ 28 ਸਤੰਬਰ ਨੂੰ ਲਾਵਾਰਸ ਪਸ਼ੂਆਂ ਅਤੇ ਪਰਾਲੀ ਸਾੜਨ ਦਾ ਇਲਾਜ ਕਰਨ ਦੀ ਬਜਾਇ ਕਿਸਾਨਾਂ ਦੀਆਂ ਸੰਭਾਵਤ ਗ੍ਰਿਫ਼ਤਾਰੀਆਂ ਦੇ ਮੁੱਦਿਆਂ ਉੱਤੇ ਮੋਤੀ ਮਹਿਲ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ। ਇਹ ਐਲਾਨ ਯੂਨੀਅਨ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅਤੇ ਜਨਰਲ ਸਕੱਤਰ ਬੋਘ ਸਿੰਘ ਮਾਨਸਾ ਨੇ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਰਾਸ਼ਟਰੀ ਕਿਸਾਨ ਮਹਾਂਸੰਘ ਦੀ ਦੋ ਰੋਜ਼ਾ ਕਨਵੈਨਸ਼ਨ ਤੋਂ ਬਾਅਦ ਕੀਤਾ।
ਕਿਸਾਨ ਆਗੂਆਂ ਨੇ ਸ਼ਾਂਤਮਈ ਧਰਨਿਆਂ ਦੀ ਇਜਾਜ਼ਤ ਨਾ ਦੇਣ ਕਾਰਨ ਪੰਜਾਬ ਸਰਕਾਰ ਉੱਤੇ ਜਮਹੂਰੀ ਹੱਕਾਂ ਦਾ ਘਾਣ ਕਰਨ ਅਤੇ ਤਾਨਾਸ਼ਾਹ ਵਿਹਾਰ ਕਰਨ ਦਾ ਦੋਸ਼ ਲਾਇਆ।

 

 

fbbg-image

Latest News
Magazine Archive