ਅਲਵਿਦਾ ! ਮਾਰਸ਼ਲ ਅਰਜਨ ਸਿੰਘ


ਨਵੀਂ ਦਿੱਲੀ - ਜੰਗੀ ਨਾਇਕ ਮਾਰਸ਼ਲ ਅਰਜਨ ਸਿੰਘ, ਜਿਨ੍ਹਾਂ ਨੇ 1965 ਭਾਰਤ-ਪਾਕਿਸਤਾਨ ਜੰਗ ਦੌਰਾਨ ਭਾਰਤੀ ਹਵਾਈ ਫ਼ੌਜ ਦੀ ਅਗਵਾਈ ਕੀਤੀ ਸੀ, ਦਾ ਅੱਜ ਰਾਤ ਦੇਹਾਂਤ ਹੋ ਗਿਆ। ਭਾਰਤੀ ਹਵਾਈ ਫ਼ੌਜ ਦੇ ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਾਮ ਤਕਰੀਬਨ ਸਾਢੇ ਸੱਤ ਵਜੇ ਸਵਾਸ ਤਿਆਗੇ। ਰੱਖਿਆ ਮੰਤਰਾਲੇ ਨੇ ਦੱਸਿਆ ਕਿ 98 ਸਾਲਾ ਮਾਰਸ਼ਲ ਅਰਜਨ ਸਿੰਘ ਭਾਰਤੀ ਹਵਾਈ ਫ਼ੌਜ ਦਾ ਇਕਲੌਤਾ ਅਫ਼ਸਰ ਸੀ, ਜਿਨ੍ਹਾਂ ਨੂੰ 5-ਸਟਾਰ ਰੈਂਕ ਤਕ ਤਰੱਕੀ ਮਿਲੀ ਸੀ। ਇਹ ਥਲ ਸੈਨਾ ਦੇ ਫੀਲਡ ਮਾਰਸ਼ਲ ਦੇ ਬਰਾਬਰ ਹੈ। ਦਿਲ ਦਾ ਦੌਰਾ ਪੈਣ ਬਾਅਦ ਅੱਜ ਸਵੇਰੇ ਉਨ੍ਹਾਂ ਨੂੰ ਫ਼ੌਜ ਦੇ ਰੀਸਰਚ ਐਂਡ ਰੈਫਰਲ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ। ਮਾਰਸ਼ਲ ਅਰਜਨ ਸਿੰਘ ਦੀ ਸਿਹਤ ਬਾਰੇ ਜਾਣਕਾਰੀ ਲੈਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਨਿਰਮਲਾ ਸੀਤਾਰਾਮਨ ਅਤੇ ਤਿੰਨੇ ਸੈਨਾਵਾਂ ਦੇ ਮੁਖੀ ਜਨਰਲ ਬਿਪਿਨ ਰਾਵਤ, ਐਡਮਿਰਲ ਸੁਨੀਲ ਲਾਂਬਾ ਅਤੇ ਏਅਰ ਚੀਫ ਮਾਰਸ਼ਲ ਬਰਿੰਦਰ ਸਿੰਘ ਧਨੋਆ ਹਸਪਤਾਲ ਆਏ।ਮੁਲਕ ਦੇ ਫ਼ੌਜੀ ਇਤਿਹਾਸ ਦੇ ਧਰੂ-ਤਾਰੇ ਅਰਜਨ ਸਿੰਘ ਨੇ 1965 ਦੀ ਹਿੰਦ-ਪਾਕਿ ਜੰਗ ਸਮੇਂ ਤਜਰਬੇ ਵਿਹੂਣੀ ਭਾਰਤੀ ਹਵਾਈ ਫ਼ੌਜ ਦੀ ਅਗਵਾਈ ਕੀਤੀ ਸੀ ਅਤੇ ਉਹ ਮਹਿਜ਼ 44 ਸਾਲਾਂ ਦੇ ਸਨ। ਪਾਕਿਸਤਾਨ ਨੇ ਜੰਮੂ ਕਸ਼ਮੀਰ ਦੇ ਬੇਹੱਦ ਅਹਿਮ ਸ਼ਹਿਰ ਅਖ਼ਨੂਰ ਉਤੇ ਅਪਰੇਸ਼ਨ ਗਰੈਂਡ ਸਲੈਮ ਤਹਿਤ ਧਾਵਾ ਬੋਲਿਆ ਤਾਂ ਉਨ੍ਹਾਂ ਨੇ ਹੌਸਲੇ, ਦਲੇਰੀ, ਦ੍ਰਿੜ੍ਹਤਾ ਅਤੇ ਪੇਸ਼ੇਵਰ ਹੁਨਰ ਦਾ ਮੁਜ਼ਾਹਰਾ ਕੀਤਾ। ਲੜਾਕੂ ਪਾਇਲਟ ਅਰਜਨ ਸਿੰਘ ਨੂੰ 1965 ਵਿੱਚ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ‘ਪਦਮ ਵਿਭੂਸ਼ਨ’ ਪੁਰਸਕਾਰ ਨਾਲ ਸਨਮਾਨਿਆ ਗਿਆ। ਉਹ ਪਹਿਲੀ ਅਗਸਤ, 1964 ਤੋਂ 15 ਜੁਲਾਈ, 1969 ਤਕ ਭਾਰਤੀ ਹਵਾਈ ਫ਼ੌਜ ਦੇ ਮੁਖੀ ਰਹੇ। ਦੱਸਣਯੋਗ ਹੈ ਕਿ ਫੀਲਡ ਮਾਰਸ਼ਲ ਸੈਮ ਮਾਨਕਸ਼ਾਅ ਅਤੇ ਫ਼ੌਜ ਦੇ ਕੇ ਐਮ ਕੈਰੀਅੱਪਾ ਦੋ ਹੋਰ ਅਫ਼ਸਰ ਸਨ, ਜੋ 5-ਸਟਾਰ ਰੈਂਕ ਤਕ ਪਹੁੰਚੇ। ਮਾਰਸ਼ਲ ਅਰਜਨ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘ਭਾਰਤੀ ਹਵਾਈ ਫ਼ੌਜ ਦੇ ਮਾਰਸ਼ਲ ਅਰਜਨ ਸਿੰਘ ਦੀ ਮੌਤ ’ਤੇ ਅੱਜ ਭਾਰਤ ਹੰਝੂ ਕੇਰ ਰਿਹਾ ਹੈ। ਉਨ੍ਹਾਂ ਦੀਆਂ ਦੇਸ਼ ਪ੍ਰਤੀ ਅਨਿੱਖੜਵੀਆਂ ਸੇਵਾਵਾਂ  ਨੂੰ ਅਸੀਂ ਸਿਜਦਾ ਕਰਦੇ ਹਾਂ। ਉਨ੍ਹਾਂ ਦੀ ਦ੍ਰਿੜ੍ਹ ਇੱਛਾ ਸ਼ਕਤੀ ਸਦਕਾ ਅੱਜ ਭਾਰਤੀ ਹਵਾਈ ਫ਼ੌਜ ਸਾਡੀ ਰੱਖਿਆ ਸਮਰੱਥਾ ਦਾ ਮਜ਼ਬੂਤ ਅੰਗ ਹੈ।’ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਟਵੀਟ ਕੀਤਾ, ‘ਹਵਾਈ ਯੋਧੇ ਤੇ ਭਾਰਤੀ ਹਵਾਈ ਫ਼ੌਜ ਦੇ ਮਾਰਸ਼ਲ ਅਰਜਨ ਸਿੰਘ ਦਾ ਦੇਹਾਂਤ ਦੁਖਦਾਈ ਹੈ। ਮਾਰਸ਼ਲ ਅਰਜਨ ਸਿੰਘ ਦੂਜੀ ਵਿਸ਼ਵ ਜੰਗ ਦਾ ਨਾਇਕ ਸੀ ਅਤੇ 1965 ਦੀ ਜੰਗ ਵਿੱਚ ਫ਼ੌਜੀ ਅਗਵਾਈ ਲਈ ਮੁਲਕ ਉਨ੍ਹਾਂ ਦਾ ਸ਼ੁਕਰਗੁਜ਼ਾਰ ਹੈ।’ ਕੇਂਦਰੀ ਮੰਤਰੀਆਂ ਰਾਜਨਾਥ ਸਿੰਘ, ਅਰੁਣ ਜੇਤਲੀ ਤੇ ਰਵੀ ਸ਼ੰਕਰ ਪ੍ਰਸਾਦ, ਭਾਜਪਾ ਪ੍ਰਧਾਨ ਅਮਿਤ ਸ਼ਾਹ, ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀ ਮਾਰਸ਼ਲ ਦੇ ਚਲਾਣੇ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਤੋਂ ਪਹਿਲਾਂ ਦਿਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਤੇ ਤਿੰਨੇ ਸੈਨਾਵਾਂ ਦੇ ਮੁਖੀ: ਜਨਰਲ ਵਿਪਨ ਰਾਵਤ, ਐਡਮਿਰਲ ਸੁਨੀਲ ਲਾਂਬਾ ਤੇ ਏਅਰ ਚੀਫ ਮਾਰਸ਼ਲ ਵਰਿੰਦਰ ਸਿੰਘ ਧਨੋਆ ਹਸਪਤਾਲ ਵਿੱਚ ਉਨ੍ਹਾਂ ਨੂੰ ਦੇਖਣ ਗਏ।
ਭਾਰਤ ਨੇ ਅੱਜ ਫੌਜ ਦਾ ਇੱਕ ਮਹਾਨ ਨਾਇਕ ਗੁਆ ਦਿੱਤਾ ਹੈ। ਭਾਰਤੀ ਹਵਾਈ ਸੈਨਾ ਦੇ ਇੱਕਲੌਤੇ ਪੰਜ ਤਾਰਾ ਜਨਰਲ ਭਾਰਤੀ ਹਵਾਈ ਸੈਨਾ ਦੇ ਡੀਐਫਸੀ ਮਾਰਸ਼ਲ ਅਰਜਨ ਸਿੰਘ ਇੱਕ ਫੌਜੀ ਤੇ ਕੂਟਨੀਤਕ ਹੋਣ ਦੇ ਨਾਲ ਨਾਲ ਭੱਦਰਪੁਰਸ਼ ਵੀ ਸਨ। ਉਹ ਜੰਗ ਤੇ ਅਮਨ ਦੋਵਾਂ ਸਮਿਆਂ ’ਚ ਨਾਇਕ ਵਾਂਗ ਹੀ ਵਿਚਰੇ ਤੇ ਉਨ੍ਹਾਂ ਸਮਾਜ ਸੇਵਾ ਲਈ ਵੀ ਮਿਸਾਲੀ ਕੰਮ ਕੀਤੇ। ਲੜਾਕੂ ਜਹਾਜ਼ ਦੇ ਫੁਰਤੀਲੇ ਪਾਇਲਟ ਅਰਜਨ ਸਿੰਘ ਨੂੰ ਆਮ ਫੌਜੀਆਂ ਦੇ ਜਨਰਲ ਵਜੋਂ ਜਾਣਿਆ ਜਾਂਦਾ ਸੀ ਤੇ ਉਹ ਇੱਕ ਕਾਮਯਾਬ ਕੂਟਨੀਤਕ ਵੀ ਸਨ। ਉਹ ਆਪਣੇ ਮਜ਼ਬੂਤ ਜੁੱਸੇ ਤੇ ਤਿੱਖੀ ਨਜ਼ਰ ਕਾਰਨ ਸਖ਼ਤ ਸ਼ਖ਼ਸੀਅਤ ਦੇ ਮਾਲਕ ਦਿਖਾਈ ਦਿੰਦੇ ਸਨ, ਪਰ ਜਦ ਉਹ ਗੱਲਬਾਤ ਕਰਦੇ ਤਾਂ ਆਮ ਲੋਕਾਂ ਨੂੰ ਬਹੁਤ ਸਹਿਜ ਮਹਿਸੂਸ ਕਰਾਉਂਦੇ ਸਨ। ਮੈਂ ਉਦੋਂ ਕਾਲਜ ਦਾ ਵਿਦਿਆਰਥੀਆਂ ਹੁੰਦਾ ਸੀ ਜਦੋਂ ਪਹਿਲੀ ਵਾਰੀ ਉਨ੍ਹਾਂ ਨੂੰ ਮਿਲਿਆ। ਉਨ੍ਹਾਂ ਮੈਨੂੰ ਬਹੁਤ ਹੀ ਸਹਿਜ ਮਹਿਸੂਸ ਕਰਾਇਆ। ਦਹਾਕਿਆਂ ਬਾਅਦ ਜਦੋਂ ਮੈਂ ਉਨ੍ਹਾਂ ਤੋਂ ਉਨ੍ਹਾਂ ਦੀ ਜੀਵਨੀ ਲਿਖਣ ਬਾਰੇ ਪ੍ਰਵਾਨਗੀ ਮੰਗੀ ਤਾਂ ਉਨ੍ਹਾਂ ਇਹ ਕਹਿੰਦਿਆਂ ਮਨ੍ਹਾਂ ਕਰ ਦਿੱਤਾ ਕਿ ਉਨ੍ਹਾਂ ਦੇ ਜੀਵਨ ਬਾਰੇ ਅਜਿਹਾ ਬਹੁਤਾ ਕੁਝ ਨਹੀਂ ਹੈ ਜੋ ਲਿਖਿਆ ਜਾ ਸਕੇ। ਉਹ ਦਿਲੋਂ ਬਹੁਤ ਸਾਦੇ ਵਿਅਕਤੀ ਸਨ, ਪਰ ਉਨ੍ਹਾਂ ਦੇ ਕਾਰਨਾਮੇ ਵਿਲੱਖਣ ਸਨ। ਭਾਰਤੀ ਹਵਾਈ ਸੈਨਾ ਦੇ ਮਾਰਸ਼ਲ ਅਰਜਨ ਸਿੰਘ ਦਾ 98 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ। ਰਿਸਾਲਦਾਰ-ਮੇਜਰ ਭਗਵਾਨ ਸਿੰਘ ਦੇ ਪੋਤੇ ਅਰਜਨ ਸਿੰਘ ਦਾ ਜਨਮ 15 ਅਪਰੈਲ 1919 ਨੂੰ ਲਾਇਲਪੁਰ (ਹੁਣ ਪਾਕਿਸਤਾਨ ’ਚ) ਦੇ ਪਿੰਡ ਕੋਹਾਲੀ ’ਚ ਪਿਤਾ ਕਿਸ਼ਨ ਸਿੰਘ ਤੇ ਮਾਤਾ ਕਰਤਾਰ ਕੌਰ ਦੇ ਘਰ ਹੋਇਆ।  ਪੁੱਤਰ ਦੇ ਜਨਮ ਤੋਂ ਕੁਝ ਸਮਾਂ ਬਾਅਦ ਕਿਸ਼ਨ ਸਿੰਘ ਇੰਜਨੀਅਰਿੰਗ ਦੀ ਪੜ੍ਹਾਈ ਲਈ ਐਡਿਨਬ੍ਰਾ ਯੂਨੀਵਰਸਿਟੀ ਚਲੇ ਗਏ ਤੇ ਸਿਲੋਨ ਰੇਲਵੇ ਨਾਲ ਕੰਮ ਸ਼ੁਰੂ ਕਰ ਦਿੱਤਾ। ਅਰਜਨ ਸਿੰਘ ਨੇ ਪਹਿਲਾਂ ਮਿੰਟਗੁਮਰੀ ਦੇ ਸਰਕਾਰੀ ਸਕੂਲ ਤੇ ਬਾਅਦ ਵਿੱਚ ਲਾਹੌਰ ਦੇ ਸਰਕਾਰੀ ਕਾਲਜ ’ਚ ਪੜ੍ਹਾਈ ਕੀਤੀ। ਚੌਥੇ ਸਾਲ ਵਿੱਚ ਉਹ ਭਾਰਤੀ ਹਵਾਈ ਸੈਨਾ ਲਈ ਚੁਣੇ ਗਏ। ਉਨ੍ਹਾਂ ਇੰਗਲੈਂਡ ’ਚ ਸਿਖਲਾਈ ਲਈ ਅਤੇ ਜਨਵਰੀ 1940 ਨੂੰ ਅੰਬਾਲਾ ’ਚ ਨੰ. 1 ਸਕੁਐਰਡਨ ’ਚ ਨਿਯੁਕਤੀ ਹਾਸਲ ਕੀਤੀ। ਉਨ੍ਹਾਂ ਹਾਅਕਰ ਔਡੈਕਸ ਉਡਾਇਆ ਜਿਸ ਨੂੰ ਬਾਅਦ ’ਚ ਐਨਡਬਲਿਊਐਫਪੀ ’ਚ ਪਠਾਣਾਂ ਨੇ ਮਾਰ ਸੁੱਟਿਆ ਤੇ ਇਸ ’ਚ ਉਨ੍ਹਾਂ ਦਾ ਗੰਨਰ ਜ਼ਖ਼ਮੀ ਹੋ ਗਿਆ।
ਸਾਲ 1943 ’ਚ ਸਕੁਐਡਰਨ ਲੀਡਰ ਅਰਜਨ ਸਿੰਘ ਇੱਕ ਮੀਟਿੰਗ ਲਈ ਦਿੱਲੀ ’ਚ ਸਨ ਜਦੋਂ ਉਨ੍ਹਾਂ ਦੀ ਮੁਲਾਕਾਤ ਖੂਬਸੂਰਤ ਤੇਜੀ ਨਾਲ ਹੋਈ। ਉਨ੍ਹਾਂ ਦੋਹਾਂ ਦਾ ਵਿਆਹ ਸਾਲ 1948 ’ਚ ਜਨਪਥ ਸਥਿਤ ਖੁਸ਼ਵੰਤ ਸਿੰਘ ਦੇ ਪਿਤਾ ਸੋਭਾ ਸਿੰਘ ਦੇ ਘਰ ’ਚ ਹੋਇਆ। ਉਨ੍ਹਾਂ ਨੂੰ ਆਪਣੇ ਜੀਵਨ ’ਚ ਕਈ ਤਰੱਕੀਆਂ ਤੇ ਐਵਾਰਡ ਵੀ ਮਿਲੇ। ਅਰਜਨ ਸਿੰਘ ਨੂੰ ਦੂਜੀ ਸੰਸਾਰ ਜੰਗ ਸਮੇਂ ਇੰਫਾਲ ਘਾਟੀ ਦੀ ਹਿਫ਼ਾਜ਼ਤ ਲਈ ਦਿਖਾਈ ਬਹਾਦੁਰੀ ਬਦਲੇ ਜੂਨ 1944 ’ਚ ਲੌਰਡ ਲੂਈ ਮਾਉੂਂਟਬੈਟਨ ਵੱਲੋਂ ਡਿਸਟਿੰਗੁਇਸ਼ਡ ਫਲਾਈਂਗ ਕਰਾਸ (ਡੀਐਫਸੀ) ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਆਜ਼ਾਦੀ ਤੋਂ ਬਾਅਦ ਉਨ੍ਹਾਂ ਭਾਰਤੀ ਹਵਾਈ ਸੈਨਾ ਨੂੰ ਨਵੇਂ ਸਿਰੇ ਤੋਂ ਖੜ੍ਹਾ ਕੀਤਾ ਤੇ ਤਿੰਨਾਂ ਜੰਗਾਂ ’ਚ ਹਵਾਈ ਸੈਨਾ ਨੇ ਅਹਿਮ ਭੂਮਿਕਾ ਨਿਭਾਈ। ਉਹ ਭਾਰਤੀ ਹਵਾਈ ਸੈਨਾ ਦੇ ਪਹਿਲੇ ਏਅਰ ਚੀਫ ਮਾਰਸ਼ਲ ਸਨ। 1965 ਦੀ ਜੰਗ ’ਚ ਭਾਰਤੀ ਹਵਾਈ ਸੈਨਾ ਵੱਲੋਂ ਨਿਭਾਈ ਗਈ ਭੂਮਿਕਾ ਮਗਰੋਂ ਉਨ੍ਹਾਂ ਦਾ ਅਹੁਦਾ ਚੀਫ ਆਫ ਏਅਰ ਸਟਾਫ ਤੋਂ ਵਧਾ ਕੇ ਏਅਰ ਚੀਫ ਮਾਰਸ਼ਲ ਕਰ ਦਿੱਤਾ ਗਿਆ। ਇਸੇ ਸਾਲ ਉਨ੍ਹਾਂ ਨੂੰ ਪਦਮ ਵਿਭੂਸ਼ਨ ਦਿੱਤਾ ਗਿਆ। ਉਹ 1969 ’ਚ ਬਤੌਰ ਏਅਰ ਚੀਫ ਮਾਰਸ਼ਲ ਸੇਵਾਮੁਕਤ ਹੋ ਗਏ। ਦੋ ਸਾਲ ਬਾਅਦ ਉਹ ਸਵਿਟਜ਼ਰਲੈਂਡ ਤੇ ਵੈਟੀਕਨ ’ਚ ਭਾਰਤ ਦੇ ਰਾਜਦੂਤ ਨਿਯੁਕਤ ਹੋਏ। ਉਹ ਕੀਨੀਆ ਦੇ ਹਾਈ ਕਮਿਸ਼ਨਰ ਵੀ ਰਹੇ। 1980 ਉਹ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਬਣੇ ਤੇ 1989 ’ਚ ਦਿੱਲੀ ਦੇ ਲੈਫਟੀਨੈਂਟ ਗਵਰਨਰ ਵਜੋਂ ਸੇਵਾਵਾਂ ਨਿਭਾਈਆਂ। 2002 ਦੇ ਆਜ਼ਾਦੀ ਦਿਹਾੜੇ ਮੌਕੇ ਉਨ੍ਹਾਂ ਭਾਰਤੀ ਹਵਾਈ ਸੈਨਾ ਦੇ ਮਾਰਸ਼ਲ ਦੇ ਰੈਂਕ ਨਾਲ ਨਿਵਾਜਿਆ ਗਿਆ। ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਉਨ੍ਹਾਂ ਦੇ ਨਾਂ ਨਾਲ ਸੇਵਾਮੁਕਤੀ ਸ਼ਬਦ ਕਦੀ ਨਹੀਂ ਲੱਗੇਗਾ, ਕਿਉਂਕਿ ਫੀਲਡ ਮਾਰਸ਼ਲ ਦਾ ਰੈਂਕ ਉਮਰ ਭਰ ਦੀ ਨਿਯੁਕਤੀ ਹੈ।
ਦੋ ਸਾਲ ਪਹਿਲਾਂ ਮੈਨੂੰ ਅਰਜਨ ਸਿੰਘ ਔਲਖ ਦਾ ਫੋਨ ਆਇਆ। ਉਨ੍ਹਾਂ ਕਿਹਾ, ‘ਮੈਂ ਹੁਣ ਜੱਟ ਨਹੀਂ ਰਿਹਾ, ਜਿਵੇਂ ਦਾ ਤੁਸੀਂ ਕਿਤਾਬ ਵਿੱਚ ਲਿਖਿਆ ਹੈ। ਮੇਰੇ ਕੋਲ ਹੁਣ ਕੋਈ ਜ਼ਮੀਨ ਨਹੀਂ ਹੈ।’ ਮੈਂ ਉਨ੍ਹਾਂ ਦੀ ਜੀਵਨੀ ’ਚ ਲਿਖਿਆ ਸੀ ਕਿ ਫਾਰਮ ਨੇ ਉਨ੍ਹਾਂ ਅੰਦਰਲਾ ਜੱਟ ਜਿਊਂਦਾ ਰੱਖਿਆ ਸੀ। ਉਨ੍ਹਾਂ ਕਿਹਾ, ‘ਮੈਂ ਤੇਜੀ ਤੇ ਆਪਣੇ ਬੱਚਿਆਂ ਨਾ ਮਸ਼ਵਰਾ ਕੀਤਾ ਤੇ ਅਸੀਂ ਭਾਰਤੀ ਹਵਾਈ ਸੈਨਾ ਦੇ ਸਾਬਕਾ ਮੁਲਾਜ਼ਮਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮਦਦ ਲਈ ‘ਦਿ ਮਾਰਸ਼ਲ ਆਫ ਏਅਰ ਫੋਰਸ ਤੇ ਮਿਸਿਜ਼ ਅਰਜਨ ਸਿੰਘ ਟਰੱਸਟ’ ਸਥਾਪਤ ਕਰਨ ਵਾਸਤੇ ਫਾਰਮ ਵੇਚ ਦਿੱਤਾ ਸੀ।’ ਅਰਜਨ ਸਿੰਘ ਦੇ ਤਿੰਨ ਬੱਚੇ ਹਨ। ਬੇਟਾ ਅਰਵਿੰਦ ਅਮਰੀਕਾ ਦੀ ਯੂਨੀਵਰਸਿਟੀ ’ਚ ਪੜ੍ਹਾਉਂਦਾ ਹੈ। ਵੱਡੀ ਬੇਟੀ 1999 ’ਚ ਕਾਰ ਹਾਦਸੇ ’ਚ ਮਾਰੀ ਗਈ ਤੇ ਉਸ ਦਾ ਪਤੀ ਤੇ ਬੱਚੇ ਅਤੇ ਉਨ੍ਹਾਂ ਦੀ ਛੋਟੀ ਬੇਟੀ ਆਸ਼ਾ ਦਿੱਲੀ ’ਚ ਰਹਿੰਦੇ ਹਨ। ਸਾਲ 2011 ’ਚ ਅਰਜਨ ਸਿੰਘ ਦੇ ਹਰ ਦੁੱਖ-ਸੁੱਖ ਦੀ ਸਾਥੀ ਉਨ੍ਹਾਂ ਦੀ ਪਤਨੀ ਤੇਜੀ ਦਾ ਦੇਹਾਂਤ ਹੋ ਗਿਆ।ਪਤਨੀ ਦੇ ਦੇਹਾਂਤ ਤੋਂ ਬਾਅਦ ਵੀ ਉਨ੍ਹਾਂ ਆਪਣਾ ਜੀਵਨ ਇੱਕ ਫੌਜੀ ਵਾਂਗ ਬਤੀਤ ਕੀਤਾ ਤੇ ਉਨ੍ਹਾਂ ਹਰ ਮਹੱਤਵਪੂਰਨ ਸਮਾਗਮ ਤੇ ਭਾਰਤੀ ਹਵਾਈ ਸੈਨਾ ਨਾਲ ਸਬੰਧਤ ਤੇ ਕੌਮੀ ਸਮਾਗਮਾਂ ’ਚ ਸਰਗਰਮੀ ਨਾਲ ਹਾਜ਼ਰੀ ਲੁਆਈ। ਆਈਏਐੱਫ ਨੇ ਉਨ੍ਹਾਂ ਦਾ 97ਵਾਂ ਜਨਮ ਦਿਨ ਧੂਮਧਾਮ ਨਾਲ ਮਨਾਇਆ ਤੇ ਪਾਨਾਗੜ੍ਹ (ਪੱਛਮੀ ਬੰਗਾਲ) ਏਅਰ ਬੇਸ ਦਾ ਨਾਂ ਉਨ੍ਹਾਂ ਦੇ ਨਾਂ ’ਤੇ ਰੱਖਿਆ ਗਿਆ। ਅੱਜ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ, ਜਿੱਥੇ ਉਹ ਆਪਣੇ ਸ਼ਾਨਦਾਰ ਤੇ ਫੌਜੀ ਜੀਵਨ ਮਗਰੋਂ ਇਸ ਸੰਸਾਰ ਨੂੰ ਅਲਵਿਦਾ ਆਖ ਗਏ।
ਤਿੰਨ ਦਿਨਾਂ ਸੋਗ ਦਾ ਐਲਾਨ
ਮਾਰਸ਼ਲ ਅਰਜਨ ਸਿੰਘ ਦੀ ਮੌਤ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਪੰਜਾਬ ਸਰਕਾਰ ਨੇ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਹੈ।

 

 

fbbg-image

Latest News
Magazine Archive