ਸਭਨਾਂ ਦੀ ਸੁਣਾਂਗਾ ਗੱਲ: ਰਾਜਨਾਥ ਸਿੰਘ


ਸ੍ਰੀਨਗਰ - ਜੰਮੂ ਕਸ਼ਮੀਰ ਦੇ ਚਾਰ ਦਿਨਾ ਦੌਰੇ ਉਤੇ ਪੁੱਜੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਉਹ ਇੱਥੇ ਖੁੱਲ੍ਹੇ ਮਨ ਨਾਲ ਆਏ ਹਨ ਅਤੇ ਉਹ ਉਸ ਹਰੇਕ ਵਿਅਕਤੀ ਨੂੰ ਮਿਲਣ ਦੇ ਇੱਛੁਕ ਹਨ, ਜੋ ਰਾਜ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਲੱਭਣ ਲਈ ਸਰਕਾਰ ਦੀ ਮਦਦ ਕਰੇਗਾ।
ਗ੍ਰਹਿ ਮੰਤਰੀ ਨੇ ਅੱਜ ਦੌਰੇ ਦੇ ਪਹਿਲੇ ਦਿਨ 24 ਵਫ਼ਦਾਂ ਨਾਲ ਵਿਚਾਰ-ਵਟਾਂਦਰਾ ਕੀਤਾ। ਇਨ੍ਹਾਂ ਵਿੱਚ ਸਮਾਜਿਕ, ਵਪਾਰਕ, ਸੈਰ-ਸਪਾਟੇ ਤੇ ਕਾਰੋਬਾਰੀ ਜਥੇਬੰਦੀਆਂ ਦੇ ਵਫ਼ਦ ਸ਼ਾਮਲ ਹਨ। ਇਹ ਦੌਰਾ ਪ੍ਰਧਾਨ ਮੰਤਰੀ ਦੇ ਸੁਤੰਤਰਤਾ ਦਿਵਸ ਸੰਬੋਧਨ ਮਗਰੋਂ ਹੋਇਆ, ਜਿਸ ਵਿੱਚ ਉਨ੍ਹਾਂ ਜੰਮੂ ਕਸ਼ਮੀਰ ਦੇ ਲੋਕਾਂ ਤੱਕ ਪਹੁੰਚ ਕਰਨ ਲਈ ਆਖਿਆ ਸੀ। ਅੱਜ ਟਰੈਵਲ ਏਜੰਟਾਂ, ਹੋਟਲਾਂ ਤੇ ਰੇਸਤਰਾਂ ਮਾਲਕਾਂ ਅਤੇ ਸ਼ਿਕਾਰਾ ਤੇ ਬੋਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਕੇਂਦਰੀ ਮੰਤਰੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਸ਼ਮੀਰੀ ਪੰਡਤਾਂ, ਸਿੱਖਾਂ, ਸ਼ੀਆ, ਗੁੱਜਰਾਂ, ਬੱਕਰਵਾਲਾ ਤੇ ਪਹਾੜੀਆਂ ਸਣੇ ਵੱਖ ਵੱਖ ਭਾਈਚਾਰਿਆਂ ਦੇ ਵਫ਼ਦਾਂ ਨਾਲ ਵੀ ਗੱਲਬਾਤ ਕੀਤੀ।
ਗ੍ਰਹਿ ਮੰਤਰੀ ਨੇ ਪ੍ਰਧਾਨ ਮੰਤਰੀ ਵੱਲੋਂ ਰਾਜ ਦੇ ਵਿਕਾਸ ਲਈ ਦਿੱਤੇ 80 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਨੂੰ ਲਾਗੂ ਕਰਨ ਬਾਰੇ ਸਮੀਖਿਆ ਮੀਟਿੰਗ ਕੀਤੀ ਅਤੇ ਅਧਿਕਾਰੀਆਂ ਨੂੰ ਕੰਮ ਵਿੱਚ ਤੇਜ਼ੀ ਲਿਆਉਣ ਲਈ ਕਿਹਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਪੈਕੇਜ ਵਿੱਚੋਂ 78 ਫੀਸਦੀ 62,599 ਕਰੋੜ ਰੁਪਏ ਮਨਜ਼ੂਰ ਕਰ ਲਏ ਹਨ ਅਤੇ 22 ਹਜ਼ਾਰ ਕਰੋੜ ਜਾਰੀ ਹੋ ਗਏ ਹਨ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ, ਉਪ ਮੁੱਖ ਮੰਤਰੀ ਨਿਰਮਲ ਸਿੰਘ, ਸੂਬਾਈ ਮੁੱਖ ਸਕੱਤਰ ਬੀ.ਬੀ. ਵਿਆਸ ਤੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਹਾਜ਼ਰ ਸਨ।
ਇਸ ਤੋਂ ਪਹਿਲਾਂ ਕੌਮੀ ਰਾਜਧਾਨੀ ਤੋਂ ਰਵਾਨਾ ਹੋਣ ਤੋਂ ਪਹਿਲਾਂ ਰਾਜਨਾਥ ਸਿੰਘ ਨੇ ਟਵੀਟ ਕੀਤਾ, ‘‘ਮੈਂ ਖੁੱਲ੍ਹੇ ਮਨ ਨਾਲ ਜਾ ਰਿਹਾ ਹਾਂ ਅਤੇ ਹਰੇਕ ਉਸ ਸ਼ਖ਼ਸ ਨੂੰ ਮਿਲਣ ਦਾ ਇਰਾਦਾ ਰੱਖਦਾ ਹਾਂ, ਜੋ ਜੰਮੂ ਕਸ਼ਮੀਰ ਦੀਆਂ ਸਮੱਸਿਆਵਾਂ ਦਾ ਹੱਲ ਲੱਭਣ ਵਿੱਚ ਮਦਦ ਕਰੇਗਾ।’’ ਉਹ ਅੱਜ ਸ੍ਰੀਨਗਰ ਦੇ ਹਵਾਈ ਅੱਡੇ ਉਤੇ ਉਤਰੇ, ਜਿੱਥੇ ਉਪ ਮੁੱਖ ਮੰਤਰੀ ਨਿਰਮਲ ਸਿੰਘ ਅਤੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਅਧਿਕਾਰੀਆਂ ਨੇ ਕਿਹਾ ਕਿ ਗ੍ਰਹਿ ਮੰਤਰੀ ਦੱਖਣੀ ਕਸ਼ਮੀਰ ਦੇ ਜ਼ਿਲ੍ਹੇ ਅਨੰਤਨਾਗ ਦੇ ਖ਼ਾਨਾਬਲ ਦਾ ਵੀ ਦੌਰੇ ਕਰਨਗੇ, ਜਿੱਥੇ ਉਹ ਸੀਆਰਪੀਐਫ ਅਤੇ ਪੁਲੀਸ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਪਿਛਲੇ ਡੇਢ ਸਾਲ ਤੋਂ ਦੱਖਣੀ ਕਸ਼ਮੀਰ ਬਲਦੀ ਦੇ ਬੂਥੇ ਆਇਆ ਹੋਇਆ ਹੈ ਅਤੇ ਇੱਥੇ ਸੁਰੱਖਿਆ ਦਸਤਿਆਂ ਤੇ ਅਤਿਵਾਦੀਆਂ ਵਿਚਾਲੇ ਕਈ ਮੁਕਾਬਲੇ ਹੋ ਚੁੱਕੇ ਹਨ। ਗ੍ਰਹਿ ਮੰਤਰੀ ਰਾਜੌਰੀ ਦੇ ਨੌਸ਼ਹਿਰਾ ਤੇ ਜੰਮੂ ਜ਼ਿਲ੍ਹੇ ਵਿੱਚ ਵੀ ਫੇਰੀ ਪਾਉਣਗੇ।
ਵੱਖਵਾਦੀ ਆਗੂ ਹਿਰਾਸਤ ’ਚ ਲਏ
ਸ੍ਰੀਨਗਰ - ਵੱਖਵਾਦੀ ਆਗੂਆਂ ਸੱਯਦ ਅਲੀ ਸ਼ਾਹ ਗਿਲਾਨੀ, ਮੀਰਵਾਇਜ਼ ਉਮਰ ਫਾਰੂਕ ਤੇ ਮੁਹੰਮਦ ਯਾਸੀਨ ਮਲਿਕ ਦੀ ਦਿੱਲੀ ’ਚ ਐਨਆਈਏ ਦੇ ਹੈੱਡਕੁਆਰਟਰ ਅੱਗੇ ਰੋਸ ਪ੍ਰਦਰਸ਼ਨ ਕਰਨ ਦੀ ਯੋਜਨਾ ’ਤੇ ਅੱਜ ਉਸ ਸਮੇਂ ਪਾਣੀ ਫਿਰ ਗਿਆ ਜਦੋਂ ਉਨ੍ਹਾਂ ਨੂੰ ਅਹਿਤਿਆਤ ਵਜੋਂ ਹਿਰਾਸਤ ’ਚ ਲੈ ਲਿਆ ਗਿਆ। ਮੀਰਵਾਇਜ਼ ਤੇ ਗਿਲਾਨੀ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਗਿਆ ਹੈ ਜਦੋਂ ਕਿ ਮਲਿਕ ਨੂੰ ਕੱਲ੍ਹ ਦੇਰ ਰਾਤ ਉਸ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕਰਕੇ ਕੋਠੀਬਾਗ਼ ਥਾਣੇ ਲਿਜਾਇਆ ਗਿਆ ਤੇ ਬਾਅਦ ’ਚ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ।
ਕਾਂਗਰਸ ਦਾ ਨੀਤੀ ਨਿਰਧਾਰਨ ਗਰੁੱਪ ਵੀ ਅੱਜ ਜਾਏਗਾ ਕਸ਼ਮੀਰ
ਜੰਮੂ - ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਵਾਲਾ ਕਾਂਗਰਸ ਦਾ ਨੀਤੀ ਨਿਰਧਾਰਨ ਗਰੁੱਪ ਜੰਮੂ ਕਸ਼ਮੀਰ ਦੀ ਜ਼ਮੀਨੀ ਹਾਲਾਤ ਦੀ ਥਾਹ ਪਾਉਣ ਲਈ ਭਲਕ ਤੋਂ ਦੋ ਦਿਨਾਂ ਦੌਰੇ ਉਤੇ ਜਾਵੇਗਾ। ਇਸ ਗਰੁੱਪ ਵਿੱਚ ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ, ਗੁਲਾਮ ਨਬੀ ਆਜ਼ਾਦ ਤੇ ਅੰਬਿਕਾ ਸੋਨੀ ਤੋਂ ਇਲਾਵਾ ਵਿਧਾਇਕ ਤੇ ਵਿਧਾਨ ਪ੍ਰੀਸ਼ਦ ਮੈਂਬਰ ਸ਼ਾਮਲ ਹਨ। ਜੰਮੂ ਕਸ਼ਮੀਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਰਵਿੰਦਰ ਸ਼ਰਮਾ  ਨੇ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਕਰਨ ਸਿੰਘ ਦੇ ਵੀ ਇਸ ਵਫ਼ਦ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਹ ਵਫ਼ਦ ਨੈਸ਼ਨਲ ਕਾਨਫਰੰਸ, ਸੀਪੀਐਮ ਤੇ ਅਕਾਲੀ ਦਲ ਸਣੇ ਵੱਖ ਵੱਖ ਵਿਰੋਧੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰੇਗਾ। ਕਾਂਗਰਸ ਨੇ ਇਸ ਗਰੁੱਪ ਦਾ ਗਠਨ ਵਿਆਪਕ ਹਿੰਸਾ ਕਾਰਨ ਰਾਜ ਦੇ ਹਾਲਾਤ ਬਦਤਰ ਹੋਣ ਮਗਰੋਂ ਅਪਰੈਲ ਵਿੱਚ ਕੀਤਾ ਸੀ।
 

 

 

fbbg-image

Latest News
Magazine Archive