ਬੱਚੇ ਦੀ ਹੱਤਿਆ ਦੇ ਮੁਲਜ਼ਮ ਦਾ ਤਿੰਨ ਦਿਨਾਂ ਰਿਮਾਂਡ


ਰਿਆਨ ਸਕੂਲ ਦੀ ਕਾਰਜਕਾਰੀ ਪ੍ਰਿੰਸੀਪਲ ਮੁਅੱਤਲ; ਸੁਰੱਖਿਆ ਸਟਾਫ਼ ਹਟਾਇਆ
ਗੁਰੂਗ੍ਰਾਮ - ਇੱਥੇ ਰਿਆਨ ਇੰਟਰਨੈਸ਼ਨਲ ਸਕੂਲ ਵਿੱਚ ਸੱਤ ਸਾਲਾ ਬੱਚੇ ਦੀ ਹੱਤਿਆ ਦੇ ਮੁਲਜ਼ਮ ਬੱਸ ਕੰਡਕਟਰ ਨੂੰ ਗੁਰੂਗ੍ਰਾਮ ਦੀ ਅਦਾਲਤ ਨੇ ਤਿੰਨ ਦਿਨਾਂ ਪੁਲੀਸ ਹਿਰਾਸਤ ਵਿੱਚ ਭੇਜਿਆ ਹੈ। ਮੁਲਜ਼ਮ ਦੀ ਪਛਾਣ ਅਸ਼ੋਕ ਕੁਮਾਰ ਵਜੋਂ ਹੋਈ। ਉਸ ਨੇ ਮੰਨਿਆ ਕਿ ਜਿਨਸੀ ਸ਼ੋਸ਼ਣ ਦਾ ਵਿਰੋਧ ਕਰਨ ਉਤੇ ਉਸ ਨੇ ਬੱਚੇ ਪ੍ਰਦੁਮਣ ਠਾਕੁਰ ਦਾ ਗਲਾ ਵੱਢ ਦਿੱਤਾ। ਮੁਲਜ਼ਮ ਨੂੰ ਅੱਜ ਤਕਰੀਬਨ ਦੋ ਵਜੇ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਨੂੰ ਦੋ ਹੋਰ ਸਕੂਲ ਮੁਲਾਜ਼ਮਾਂ ਸਣੇ ਹਿਰਾਸਤ ਵਿੱਚ ਲਿਆ ਗਿਆ ਸੀ, ਜਿਨ੍ਹਾਂ ਤੋਂ ਪੁੱਛ-ਪੜਤਾਲ ਹੋਈ। ਅਸ਼ੋਕ ਨੇ ਜੁਰਮ ਦਾ ਇਕਬਾਲ ਕਰ ਲਿਆ ਹੈ। ਇਸ ਦੌਰਾਨ ਬਾਰ ਐਸੋਸੀਏਸ਼ਨ ਸੋਹਨਾ ਦੇ ਮੈਂਬਰਾਂ ਨੇ ਮੁਲਜ਼ਮ ਵੱਲੋਂ ਅਦਾਲਤ ਵਿੱਚ ਪੇਸ਼ ਨਾ ਹੋਣ ਦਾ ਫੈਸਲਾ ਕੀਤਾ। ਡੀਸੀਪੀ (ਅਪਰਾਧ) ਗੁਰੂਗ੍ਰਾਮ ਨੇ ਕਿਹਾ ਕਿ ਮੁਲਜ਼ਮ ਨੇ ਦੂਜੀ ਜਮਾਤ ਦੇ ਇਸ ਵਿਦਿਆਰਥੀ ਨਾਲ ਬਦਫੈਲੀ ਦੀ ਕੋਸ਼ਿਸ਼ ਕੀਤੀ ਪਰ ਜਦੋਂ ਬੱਚੇ ਨੇ ਵਿਰੋਧ ਕੀਤਾ ਤੇ ਰੌਲਾ ਪਾਇਆ ਤਾਂ ਮੁਲਜ਼ਮ ਨੇ ਚਾਕੂ ਨਾਲ ਉਸ ਦਾ ਗਲਾ ਵੱਢ ਦਿੱਤਾ।
ਪਤਾ ਚੱਲਿਆ ਹੈ ਕਿ ਜਦੋਂ ਤੱਕ ਸਬੰਧਤ ਅਧਿਕਾਰੀਆਂ ਵੱਲੋਂ ਸਕੂਲ ਵਿੱਚ ਬੱਚਿਆਂ ਦੀ ਸੁਰੱਖਿਆ ਸਬੰਧੀ ਸਰਕਾਰ ਨੂੰ ਕੋਈ ਭਰੋਸਾ ਨਹੀਂ ਦਿੱਤਾ ਜਾਂਦਾ, ਉਦੋਂ ਤੱਕ ਇਸ ਸਕੂਲ ਨੂੰ ਬੰਦ ਰੱਖਿਆ ਜਾਵੇਗਾ। ਜ਼ਿਲ੍ਹਾ ਕੁਲੈਕਟਰ ਨੇ ਸਕੂਲ ਦੀਆਂ ਕੁਤਾਹੀਆਂ ਬਾਰੇ ਰਿਪੋਰਟ ਤਿਆਰ ਕਰਨ ਲਈ ਕਮੇਟੀ ਕਾਇਮ ਕੀਤੀ, ਜਦੋਂ ਕਿ ਹਰਿਆਣਾ ਦੇ ਸਿੱਖਿਆ ਮੰਤਰੀ ਰਾਮਬਿਲਾਸ ਸ਼ਰਮਾ ਨੇ ਭਰੋਸਾ ਦਿੱਤਾ ਕਿ ਮੁਲਜ਼ਮ ਨੂੰ ਛੱਡਿਆ ਨਹੀਂ ਜਾਵੇਗਾ। ਬਾਲ ਅਧਿਕਾਰਾਂ ਦੀ ਰਾਖੀ ਬਾਰੇ ਕੌਮੀ ਕਮਿਸ਼ਨ ਨੇ ਵੀ ਇਸ ਮਾਮਲੇ ਉਤੇ ਚਿੰਤਾ ਪ੍ਰਗਟਾਈ।
ਇਸ ਦੌਰਾਨ ਰਿਆਨ ਸਕੂਲ ਦੀ ਕਾਰਜਕਾਰੀ ਪ੍ਰਿੰਸੀਪਲ ਨੀਰਜਾ ਬੱਤਰਾ ਨੂੰ ਮੁਅੱਤਲ ਕਰ ਦਿੱਤਾ ਗਿਆ ਅਤੇ ਸਕੂਲ ਦਾ ਸਾਰਾ ਸੁਰੱਖਿਆ ਸਟਾਫ਼ ਹਟਾ ਦਿੱਤਾ ਗਿਆ। ਬੱਚੇ ਦੀ ਮੌਤ ਤੋਂ ਭੜਕੇ ਮਾਪਿਆਂ ਤੇ ਲੋਕਾਂ ਨੇ ਅੱਜ ਸਵੇਰੇ ਸਕੂਲ ਅੱਗੇ ਦੋ ਘੰਟਿਆਂ ਲਈ ਪ੍ਰਦਰਸ਼ਨ ਕੀਤਾ ਅਤੇ ਸੀਬੀਆਈ ਜਾਂਚ ਦੀ ਮੰਗ ਕੀਤੀ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਕੂਲ ਮੈਨੇਜਮੈਂਟ ਖ਼ਿਲਾਫ਼ ਵੀ ਕਤਲ ਦਾ ਕੇਸ ਦਰਜ ਹੋਵੇ। ਅਧਿਕਾਰੀਆਂ ਨੇ ਕਿਹਾ ਕਿ ਪੋਸਟਮਾਰਟਮ ਮਗਰੋਂ ਲਾਸ਼ ਪਿਤਾ ਹਵਾਲੇ ਕਰ ਦਿੱਤੀ ਗਈ।
ਇਸ ਦੌਰਾਨ ਗੁਰੂਗ੍ਰਾਮ ਦੇ ਪੁਲੀਸ ਕਮਿਸ਼ਨਰ ਸੰਦੀਪ ਖਿਰਵਰ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਸੱਤ ਦਿਨਾਂ ਵਿੱਚ ਮੁਕੰਮਲ ਹੋਵੇਗੀ।
ਦੂਜੇ ਪਾਸੇ ਕੇਂਦਰੀ ਮਨੋਖੀ ਸਰੋਤ ਵਿਕਾਸ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਕਿਹਾ ਕਿ ਮੰਤਰਾਲਾ ਇਸ ਕੇਸ ਦੀ ਜਾਂਚ ਕਰ ਰਿਹਾ ਹੈ ਅਤੇ ਇਨਸਾਫ਼ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਇਸ ਘਟਨਾ ਨੂੰ ਮੰਦਭਾਗਾ ਦੱਸਿਆ।
ਸੀਬੀਐਸਈ ਨੇ ਤੱਥਾਂ ਦੀ ਖੋਜ ਲਈ ਟੀਮ ਬਣਾਈ
ਨਵੀਂ ਦਿੱਲੀ - ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਬੱਚੇ ਦੀ ਹੱਤਿਆ ਦੇ ਤੱਥਾਂ ਦੀ ਪੜਤਾਲ ਲਈ ਦੋ ਮੈਂਬਰੀ ਟੀਮ ਬਣਾਈ ਹੈ। ਇਹ ਕਦਮ ਮਾਪਿਆਂ ਵੱਲੋਂ ਵਿਰੋਧ ਕਰਨ ਕਾਰਨ ਚੁੱਕਿਆ ਗਿਆ। ਬੋਰਡ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਕੂਲ ਨੂੰ ਵੀ ਐਫਆਈਆਰ ਦੀ ਕਾਪੀ ਸਣੇ ਦੋ ਦਿਨਾਂ ਵਿੱਚ ਰਿਪੋਰਟ ਦੇਣ ਲਈ ਕਿਹਾ ਗਿਆ ਹੈ।

 

 

fbbg-image

Latest News
Magazine Archive