ਭਾਦੋਂ ਦੇ ਮੀਂਹ ਨੇ ਕੱਢੀ ਸਾਉਣ ਵਾਲੀ ਕਸਰ


ਚੰਡੀਗੜ੍ਹ - ਪੰਜਾਬ ਅਤੇ ਹਰਿਆਣਾ ਵਿੱਚ ਇਸ ਦਫ਼ਾ ਬੱਦਲ ਖੁੱਲ੍ਹ ਕੇ ਨਹੀਂ ਵਰ੍ਹੇ। ਸਾਉਣ ਮਹੀਨਾ ਤਾਂ ਇਕ ਤਰ੍ਹਾਂ ਨਾਲ ਸੁੱਕਾ ਹੀ ਲੰਘ ਗਿਆ ਪਰ ਭਾਦੋਂ ਨੇ ਲੋਕਾਂ ਦਾ ਥੋੜਾ ਬਹੁਤ ਹਿਰਖ਼ ਮੱਠਾ ਕਰ ਦਿੱਤਾ। ਦੋਵਾਂ ਰਾਜਾਂ ਵਿੱਚ ਪਹਿਲੀ ਜੂਨ ਤੋਂ ਪਹਿਲੀ ਸਤੰਬਰ ਦੀ ਸਵੇਰ ਤੱਕ ਆਮ ਨਾਲੋਂ 22 ਫ਼ੀਸਦ ਘੱਟ ਮੀਂਹ ਪਿਆ। ਪੰਜਾਬ ਵਿੱਚ ਸਭ ਤੋਂ ਘੱਟ ਫ਼ਿਰੋਜ਼ਪੁਰ ਵਿੱਚ ਸਿਰਫ਼ 53.8 ਮਿਲੀਮੀਟਰ ਬਾਰਸ਼ ਹੋਈ। ਮੌਸਮ ਵਿਭਾਗ ਨੇ ਤਿੰਨ ਸਤੰਬਰ ਤੋਂ ਆਸਮਾਨ ਸਾਫ਼ ਹੋਣ ਦੀ ਭਵਿੱਖਬਾਣੀ ਕੀਤੀ ਹੈ ਪਰ ਮੌਨਸੂਨ ਦੇ ਪਰਤਣ ਤੋਂ ਪਹਿਲਾਂ ‘ਆਪਣੇ ਰੰਗ’ ਵਿਖਾਉਣ ਦੇ ਆਸਾਰ ਬਣੇ ਹੋਏ ਹਨ।
ਸਰਕਾਰੀ ਜਾਣਕਾਰੀ ਮੁਤਾਬਕ ਇਨ੍ਹਾਂ ਬਰਸਾਤਾਂ ਵਿੱਚ ਪੰਜਾਬ ਵਿੱਚ ਅੱਜ ਤੱਕ 339.6 ਮਿਲੀਮੀਟਰ ਮੀਂਹ ਪਿਆ, ਜਦੋਂ ਕਿ ਰਾਜ ਵਿੱਚ ਔਸਤਨ 404.1 ਮਿਲੀਮੀਟਰ ਬਾਰਸ਼ ਹੁੰਦੀ ਹੈ। ਐਤਕੀਂ ਆਮ ਨਾਲੋਂ 16 ਪ੍ਰਤੀਸ਼ਤ ਘੱਟ ਮੀਂਹ ਪਿਆ। ਹਰਿਆਣਾ ਵਿੱਚ ਕੇਵਲ 278.5 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ, ਜਦੋਂ ਕਿ ਔਸਤ 346.3 ਮਿਲੀਮੀਟਰ ਹੈ। ਹਰਿਆਣਾ ਵਿੱਚ ਆਮ ਨਾਲੋਂ ਔਸਤਨ 27 ਪ੍ਰਤੀਸ਼ਤ ਘੱਟ ਬਾਰਸ਼ ਰਿਕਾਰਡ ਕੀਤੀ ਗਈ। ਦੋਵਾਂ ਰਾਜਾਂ ਦੀ ਔਸਤਨ ਘੱਟ ਬਾਰਸ਼ 22 ਫ਼ੀਸਦ ਬਣਦੀ ਹੈ। ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਆਮ ਤੌਰ ’ਤੇ 695 ਮਿਲੀਮੀਟਰ ਮੀਂਹ ਪੈਂਦਾ ਹੈ ਪਰ ਇਨ੍ਹਾਂ ਬਰਸਾਤਾਂ ਵਿੱਚ ਅੱਜ ਤੱਕ 630 ਮਿਲੀਮੀਟਰ ਮੀਂਹ ਪਿਆ, ਜਿਹੜਾ ਆਮ ਨਾਲੋਂ ਨੌਂ ਫ਼ੀਸਦ ਘੱਟ ਰਿਹਾ ਹੈ। ਚੰਡੀਗੜ੍ਹ ਵਿੱਚ ਬੀਤੇ ਵਰ੍ਹੇ 496.4 ਮਿਲੀਮੀਟਰ ਮੀਂਹ ਪਿਆ ਸੀ, ਜਦੋਂ ਕਿ 2012 ਵਿੱਚ 877.8 ਮਿਲੀਮੀਟਰ ਬਾਰਸ਼ ਹੋਈ ਸੀ।
ਫ਼ਿਰੋਜ਼ਪੁਰ ਵਿੱਚ ਇਸ ਵਾਰ ਕੇਵਲ 53.8 ਮਿਲੀਮੀਟਰ ਬਾਰਸ਼ ਪਈ, ਜਦੋਂ ਕਿ ਉਥੇ ਔਸਤ 287.6 ਮਿਲੀਮੀਟਰ ਹੈ। ਸਭ ਤੋਂ ਵੱਧ ਕਪੂਰਥਲਾ ਵਿੱਚ 585.5 ਮਿਲੀਮੀਟਰ ਮੀਂਹ ਪਿਆ ਹੈ, ਜਦੋਂ ਕਿ ਉਥੇ ਔਸਤਨ ਬਾਰਸ਼ 287.6 ਮਿਲੀਮੀਟਰ ਹੁੰਦੀ ਰਹੀ ਹੈ। ਹਰਿਆਣਾ ਵਿੱਚ ਬੱਦਲਾਂ ਨੇ ਸਭ ਤੋਂ ਵੱਧ ਬੇਵਫ਼ਾਈ ਪੰਚਕੂਲਾ ਨਾਲ ਕੀਤੀ, ਜਿੱਥੇ ਔਸਤਨ ਬਾਰਸ਼ 787.2 ਮਿਲੀਮੀਟਰ ਦੱਸੀ ਜਾਂਦੀ ਰਹੀ ਹੈ ਪਰ ਇਸ ਵਾਰ ਸਿਰਫ਼ 377 ਮਿਲੀਮੀਟਰ ਮੀਂਹ ਪਿਆ। ਝੱਜਰ ਵਿੱਚ ਬਰਸਾਤਾਂ ਨੇ ਰੰਗ ਲਾਏ ਹਨ, ਉਥੇ 366.2 ਮਿਲੀਮੀਟਰ ਬਾਰਸ਼ ਰਿਕਾਰਡ ਕੀਤੀ ਗਈ ਹੈ, ਜਦੋਂ ਕਿ ਔਸਤ 348.5 ਮਿਲੀਮੀਟਰ ਦੱਸੀ ਜਾਂਦੀ ਹੈ। ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ 379.9 ਮਿਲੀਮੀਟਰ ਮੀਂਹ ਪਿਆ ਹੈ, ਜਦੋਂ ਕਿ ਉਥੇ ਔਸਤਨ ਬਾਰਸ਼ 434.8 ਮਿਲੀਮੀਟਰ ਹੁੰਦੀ ਹੈ। ਇਹ ਆਮ ਨਾਲੋਂ 13 ਫ਼ੀਸਦ ਘੱਟ ਹੈ।
ਅੰਮ੍ਰਿਤਸਰ ਵਿੱਚ 552 ਮਿਲੀਮੀਟਰ ਦੀ ਥਾਂ 426.8 ਮਿਲੀਮੀਟਰ ਮੀਂਹ ਪਿਆ। ਇਹ ਆਮ ਨਾਲੋਂ 6 ਫ਼ੀਸਦ ਘੱਟ ਹੈ। ਜਲੰਧਰ ਵਿੱਚ 331.4 ਮਿਲੀਮੀਟਰ ਮੀਂਹ ਪਿਆ, ਜਿਹੜਾ ਆਮ ਨਾਲੋਂ 25 ਫ਼ੀਸਦ ਹੇਠਾਂ ਹੈ। ਉਥੇ ਔਸਤਨ ਮੀਂਹ 444.7 ਮਿਲੀਮੀਟਰ ਪੈਂਦਾ ਹੈ। ਬਠਿੰਡਾ ਵਿੱਚ ਔਸਤ ਨਾਲੋਂ 15 ਮਿਲੀਮੀਟਰ ਵੱਧ ਬਾਰਸ਼ ਹੋਈ। ਇਸ ਵਾਰ 298.5 ਮਿਲੀਮੀਟਰ ਮੀਂਹ ਵਰ੍ਹਿਆ, ਜਦੋਂ ਕਿ ਔਸਤ 260.5 ਹੈ।
ਮੀਂਹ ਨੇ ਮੌਸਮ ਵਿੱਚ ਠੰਢਕ ਲਿਆਂਦੀ: ਡਾ. ਸੁਰਿੰਦਰਪਾਲ
ਮੌਸਮ ਵਿਭਾਗ ਦੇ ਡਾਇਰੈਕਟਰ ਡਾ. ਸੁਰਿੰਦਰਪਾਲ ਨੇ ਕਿਹਾ ਹੈ ਕਿ  ਦੋ ਦਿਨਾਂ ਦੇ ਮੀਂਹ ਨਾਲ ਮੌਸਮ ਵਿੱਚ ਠੰਢਕ ਆ ਗਈ ਹੈ ਅਤੇ ਪਾਰਾ ਆਮ ਨਾਲੋਂ ਛੇ ਡਿਗਰੀ ਹੇਠਾਂ ਆ ਗਿਆ ਹੈ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 27.3 ਡਿਗਰੀ ਦੱਸਿਆ ਗਿਆ ਹੈ। ਉਨ੍ਹਾਂ ਭਲਕੇ ਵੀ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ।

 

 

fbbg-image

Latest News
Magazine Archive