ਟੀਮ ਦੇ ਪ੍ਰਦਰਸ਼ਨ ਤੋਂ ਕੋਹਲੀ ਬਾਗ਼ੋਬਾਗ਼


ਕੋਲੰਬੋ - ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਮੌਜੂਦਾ ਟੀਮ ਦੀ ਅਗਵਾਈ ਕਰਨੀ ਹੁਣ ਤੱਕ ਇੱਕ ਸ਼ਾਨਦਾਰ ਤਜਰਬਾ ਰਿਹਾ ਹੈ ਕਿਉਂਕਿ ਹਰ ਖਿਡਾਰੀ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦਾ ਹੈ, ਜਿਸ ਸਦਕਾ ਕਪਤਾਨ ਵਜੋਂ ਉਸ ਦਾ ਕੰਮ ਕਾਫੀ ਸੌਖਾ ਹੋ ਜਾਂਦਾ ਹੈ। ਸ੍ਰੀਲੰਕਾ ਖ਼ਿਲਾਫ਼ ਪੰਜ ਮੈਚਾਂ ਦੀ ਮੌਜੂਦਾ ਲੜੀ ਦੇ ਚੌਥੇ ਮੈਚ ਵਿੱਚ ਸ੍ਰੀਲੰਕਾ ਨੂੰ 168 ਦੌੜਾਂ ਨਾਲ ਹਰਾ ਕੇ 4-0 ਦੀ ਲੀਡ ਲੈਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਕੋਹਲੀ ਨੇ ਕਿਹਾ, ‘ਇਸ ਸ਼ਾਨਦਾਰ ਟੀਮ ਦੀ ਅਗਵਾਈ ਕਰਨੀ ਖਾਸ ਹੈ, ਤੁਹਾਨੂੰ ਪਤਾ ਹੈ ਕਿ ਡਰੈਸਿੰਗ ਰੂਮ ਵਿੱਚ ਕਿਹੋ ਜਿਹਾ ਮਾਹੌਲ ਹੁੰਦਾ ਹੈ ਤੇ ਕਿਵੇਂ ਖਿਡਾਰੀ ਰਲ ਮਿਲ ਕੇ ਰਹਿੰਦੇ ਹਨ। ਖਿਡਾਰੀਆਂ ਦਾ ਚੰਗਾ ਪ੍ਰਦਰਸ਼ਨ ਕਰਨ ਦਾ ਜਜ਼ਬਾ ਇੱਕ ਦੋ ਮੈਚਾਂ ਵਿੱਚ ਘਟਿਆ ਨਹੀਂ ਸਗੋਂ ਵੱਧਦਾ ਜਾ ਰਿਹਾ ਹੈ। ਕਈ ਵਾਰ ਤਾਂ ਮੈਂ ਸਿਰਫ਼ ਫੀਲਡਿੰਗ ਲਈ ਹੀ ਖਿਡਾਰੀ ਲਾਉਣੇ ਹੁੰਦੇ ਹਨ ਬਾਕੀ ਕੰਮ ਤਾਂ ਖਿਡਾਰੀ ਆਪਣੇ ਆਪ ਕਰ ਲੈਂਦੇ ਹਨ। ਇਸੇ ਦੌਰਾਨ ਰੋਹਿਤ ਸ਼ਰਮਾ ਨੇ ਕਿਹਾ, ‘ਇਸ ਟੀਮ ਦੀ ਇਹੀ ਪਛਾਣ ਹੈ ਕਿ ਜਿਹੜਾ ਵੀ ਖਿਡਾਰੀ ਮੈਦਾਨ ਵਿੱਚ ਉਤਰਦਾ ਹੈ, ਉਹ ਪੂਰੀ ਜ਼ਿੰਮੇਵਾਰੀ ਲੈਂਦਾ ਹੈ ਅਤੇ ਇਹ ਪੱਕਾ ਕਰਦਾ ਹੈ ਕਿ ਆਪਣਾ ਕੰਮ ਪੂਰਾ ਕਰੇ।’ ਕੋਹਲੀ ਨੇ ਕਿਹਾ ਕਿ ਟੀਮ ਦੀ ਤਰੱਕੀ ਵਿੱਚ ਸਹਾਇਕ ਸਟਾਫ਼ ਯੋਗਦਾਨ ਬਹੁਤ ਜ਼ਿਆਦਾ ਹੈ।
ਇਸੇ ਦੌਰਾਨ ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਮਹਿੰਦਰ ਸਿੰਘ ਧੋਨੀ ਦੇ ਭਵਿੱਖ ਸਬੰਧੀ ਸੰਸਿਆਂ ਨੂੰ ਖ਼ਤਮ ਕਰਦਿਆਂ ਕਿਹਾ ਕਿ ਇਸ ਸਟਾਰ ਨੇ ਹਾਲੇ ਅੱਧਾ ਵੀ ਪ੍ਰਦਰਸ਼ਨ ਨਹੀਂ ਕੀਤਾ ਅਤੇ ਉਹ ਇੰਗਲੈਂਡ ਵਿੱਚ ਹੋਣ ਵਾਲੇ 2019 ਵਿਸ਼ਵ ਕੱਪ ਲਈ ਟੀਮ ਦੀਆਂ ਯੋਜਨਾਵਾਂ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੈ। ਧੋਨੀ ਲੰਕਾ ਖ਼ਿਲਾਫ਼ ਮੌਜੂਦਾ ਇੱਕ ਰੋਜ਼ਾ ਲੜੀ ਵਿੱਚ ਸ਼ਾਨਦਾਰ ਲੈਅ ਵਿੱਚ ਹੈ, ਉਸ ਨੇ ਪਿਛਲੀਆਂ ਤਿੰਨ ਪਾਰੀਆਂ ਵਿੱਚ ਨਾਬਾਦ 45, 67, 49 ਦੌੜਾਂ ਦੀਆਂ ਪਾਰੀਆਂ ਖੇਡੀਆਂ, ਜਿਨ੍ਹਾਂ ਵਿੱਚੋਂ ਇੱਕ ਉਸ ਨੇ ਆਪਣੇ 300ਵੇਂ ਮੈਚ ਵਿੱਚ ਖੇਡੀ।
ਸ਼ਾਸਤਰੀ ਨੇ ਕਿਹਾ ਕਿ 2019 ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਪ੍ਰਯੋਗ ਕਰਨ ਅਤੇ ਰੂਟੇਸ਼ਨ ਦੀ ਨੀਤੀ ਅਪਣਾ ਰਿਹਾ ਹੈ ਪਰ 36 ਸਾਲਾ ਧੋਨੀ ਇਸ ਯੋਜਨਾ ਵਿੱਚ ਸ਼ਾਮਲ ਹੈ। ਭਾਰਤੀ ਕੋਚ ਨੇ ਕਿਹਾ, ‘ਐਮ ਐਸ ਧੋਨੀ ਦਾ ਟੀਮ ਵਿੱਚ ਕਾਫੀ ਪ੍ਰਭਾਵ ਹੈ। ਉਹ ਇੱਕ ਮਹਾਨ ਖਿਡਾਰੀ ਹੈ। ਇਹ ਖਿਡਾਰੀ ਹਾਲੇ ਕਾਫੀ ਕੁਝ ਦਿਖਾਏਗਾ।’    -ਪੀਟੀਆਈ
ਵਿਸ਼ਵ ਕੱਪ ’ਚ ਸਿੱਧਾ ਕੁਆਲੀਫਾਈ ਕਰਨ ਤੋਂ ਖੁੰਝੀ ਲੰਕਾ ਦੀ ਟੀਮ
ਸ੍ਰੀਲੰਕਾ ਦੀ ਟੀਮ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2019 ਲਈ ਸਿੱਧਾ ਕੁਆਲੀਫਾਈ ਕਰਨ ਤੋਂ ਖੁੰਝ ਗਈ ਹੈ, ਜਿਸ ਲਈ ਉਸ ਨੇ ਭਾਰਤ ਖ਼ਿਲਾਫ਼ ਮੌਜੂਦਾ ਇੱਕ ਰੋਜ਼ਾ ਲੜੀ ਵਿੱਚ ਦੋ ਮੈਚ ਜਿੱਤਣੇ ਸਨ।

 

 

fbbg-image

Latest News
Magazine Archive