ਪ੍ਰਭੂ ਅੰਦਰ ਜਾਗੀ ਨੈਤਿਕਤਾ; ਅਸਤੀਫ਼ੇ ਦੀ ਪੇਸ਼ਕਸ਼


ਨਵੀਂ ਦਿੱਲੀ - ਹਾਲੀਆ ਰੇਲ ਹਾਦਸਿਆਂ ਲਈ ‘‘ਪੂਰੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ’’ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਅੱਜ ਸੰਕੇਤ ਦਿੱਤਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਟਿੰਗ ਵਿੱਚ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਹੈ। ਇਸ ਦੌਰਾਨ ਏਅਰ ਇੰਡੀਆ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ (ਸੀਐਮਡੀ) ਅਸ਼ਵਨੀ ਲੋਹਾਨੀ ਨੂੰ ਅੱਜ ਰੇਲਵੇ ਬੋਰਡ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ।
ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਅੱਜ ਕੈਬਨਿਟ ਦੀ ਮੀਟਿੰਗ ਮਗਰੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਇਸ ਤੋਂ ਫੌਰੀ ਬਾਅਦ ਉਹ ਸ਼ਹਿਰ ਤੋਂ ਬਾਹਰ ਚਲੇ ਗਏ। ਉਨ੍ਹਾਂ ਟਵੀਟ ਕਰ ਕੇ ਦੱਸਿਆ ਕਿ ਉਨ੍ਹਾਂ ਹਾਦਸਿਆਂ ਦੀ ਪੂਰੀ ਨੈਤਿਕ ਜ਼ਿੰਮੇਵਾਰੀ ਲਈ ਹੈ ਪਰ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਇੰਤਜ਼ਾਰ ਕਰਨ ਲਈ ਕਿਹਾ। ਕੈਬਨਿਟ ਮੀਟਿੰਗ ਮਗਰੋਂ ਜਦੋਂ ਸ੍ਰੀ ਪ੍ਰਭੂ ਦੇ ਟਵੀਟਾਂ ਬਾਰੇ ਪੁੱਛਿਆ ਤਾਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ, ‘‘ਰੇਲ ਮੰਤਰੀ ਨੇ ਜਿਹੜੀ ਵੀ ਬੇਨਤੀ ਕੀਤੀ ਹੈ। ਉਸ ਬਾਰੇ ਪ੍ਰਧਾਨ ਮੰਤਰੀ ਫੈਸਲਾ ਲੈਣਗੇ।’’ ਵਿਰੋਧੀ ਧਿਰ ਵੱਲੋਂ ਅਸਤੀਫ਼ੇ  ਲਈ ਪੈ ਰਹੇ ਦਬਾਅ ਵਿਚਕਾਰ ਸ੍ਰੀ ਪ੍ਰਭੂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ 19 ਅਗਸਤ ਅਤੇ ਅੱਜ ਵਾਪਰੇ ਦੋ ਰੇਲ ਹਾਦਸਿਆਂ ਕਾਰਨ ਉਨ੍ਹਾਂ ਨੂੰ ਬੇਹੱਦ ਦੁੱਖ ਹੈ।’ ਰੇਲ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਨਾਲ ਮੀਟਿੰਗ ਬਾਰੇ ਟਵੀਟ ਕਰਨ ਤੋਂ ਬਾਅਦ ਸਰਕਾਰ ਨੇ ਏਅਰ ਇੰਡੀਆ ਦੇ ਸੀਐਮਡੀ ਅਸ਼ਵਨੀ ਲੋਹਾਨੀ ਨੂੰ ਰੇਲਵੇ ਬੋਰਡ ਦਾ ਚੇਅਰਮੈਨ ਨਿਯੁਕਤ ਕਰਨ ਦਾ ਐਲਾਨ ਕੀਤਾ। ਇਹ ਐਲਾਨ ਕੈਬਨਿਟ ਦੀ ਨਿਯੁਕਤੀਆਂ ਬਾਰੇ ਕਮੇਟੀ ਨੇ ਕੀਤਾ। ਕਮੇਟੀ ਨੇ ਕਿਹਾ ਕਿ ਇਸ ਸਬੰਧੀ ਲੋੜੀਂਦੀ ਜਾਣਕਾਰੀ ਰੇਲ ਮੰਤਰਾਲੇ ਨੂੰ ਭੇਜ ਦਿੱਤੀ ਗਈ ਹੈ। ਏ.ਕੇ. ਮਿੱਤਲ ਨੇ ਕੱਲ੍ਹ ਸ਼ਾਮੀਂ ਰੇਲ ਮੰਤਰੀ ਨੂੰ ਮਿਲ ਕੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ੇ ਦੀ ਇੱਛਾ ਪ੍ਰਗਟਾਈ ਸੀ, ਜਿਸ ਨੂੰ ਅੱਜ ਸਵੇਰੇ ਪ੍ਰਵਾਨ ਕਰ ਲਿਆ ਗਿਆ।ਇਸ ਦੌਰਾਨ ਕਾਂਗਰਸ ਨੇ ਅੱਜ ਕਿਹਾ ਕਿ ਜੇ ਰੇਲ ਮੰਤਰੀ ਵਿੱਚ ‘ਰੱਤੀ ਭਰ ਵੀ ਨੈਤਿਕਤਾ’ ਹੈ ਤਾਂ ਉਨ੍ਹਾਂ ਨੂੰ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ।  

 

 

fbbg-image

Latest News
Magazine Archive