ਐਨਡੀਏ ਦਰਬਾਰ ਦਾ ਕਮਲ ਬਣਿਆ ਨਿਤੀਸ਼


ਪਟਨਾ - ਜੇਡੀ(ਯੂ) ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਧੜੇ ਨੇ ਉਮੀਦ ਮੁਤਾਬਕ ਅੱਜ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਦਾ ਹਿੱਸਾ ਬਣਨ ਦਾ ਫ਼ੈਸਲਾ ਕੀਤਾ ਹੈ। ਦੱਸਣਯੋਗ ਹੈ ਕਿ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਾਏ ਜਾਣ ਉਤੇ ਨਿਤੀਸ਼ ਕੁਮਾਰ ਨੇ 16 ਜੂਨ, 2013 ਨੂੰ ਭਗਵਾਂ ਪਾਰਟੀ ਨਾਲ 17 ਸਾਲ ਪੁਰਾਣਾ ਰਿਸ਼ਤਾ ਤੋੜ ਦਿੱਤਾ ਸੀ। ਨਿਤੀਸ਼, ਜੋ ਪਾਰਟੀ ਪ੍ਰਧਾਨ ਹਨ, ਦੀ ਅਗਵਾਈ ਹੇਠ ਅੱਜ ਇਥੇ ਜੇਡੀ(ਯੂ) ਦੀ ਕੌਮੀ ਕਾਰਜਕਾਰਨੀ ਦੀ ਬੈਠਕ ’ਚ ਘਰ ਵਾਪਸੀ ਬਾਰੇ ਮਤੇ ਨੂੰ ਹਰੀ ਝੰਡੀ ਦਿੱਤੀ ਗਈ। ਪਾਰਟੀ ਦੇ ਪ੍ਰਮੁੱਖ ਜਨਰਲ ਸਕੱਤਰ ਕੇ ਸੀ ਤਿਆਗੀ ਨੇ ਦੱਸਿਆ, ‘ਜੇਡੀ(ਯੂ) ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਅੱਜ ਐਨਡੀਏ ਦਾ ਹਿੱਸਾ ਬਣਨ ਬਾਰੇ ਮਤੇ ਨੂੰ ਪ੍ਰਵਾਨਗੀ ਦਿੱਤੀ ਗਈ ਹੈ।’ ਜੇਡੀ(ਯੂ) ਦੇ ਦੋ ਲੋਕ ਸਭਾ ਅਤੇ ਦਸ ਰਾਜ ਸਭਾ ਮੈਂਬਰ ਹਨ।
ਦੋ ਲੋਕ ਸਭਾ ਮੈਂਬਰ ਨਿਤੀਸ਼ ਨਾਲ ਖੜ੍ਹੇ ਹਨ ਜਦੋਂ ਕਿ ਇਸ ਦੇ ਤਿੰਨ ਰਾਜ ਸਭਾ ਮੈਂਬਰ ਸ਼ਰਦ ਯਾਦਵ, ਅਲੀ ਅਨਵਰ ਅੰਸਾਰੀ ਅਤੇ ਕੇਰਲਾ ਦਾ ਐਮ ਪੀ ਵੀਰੇਂਦਰ ਕੁਮਾਰ ਉਸ ਖ਼ਿਲਾਫ਼ ਹਨ। ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ, ‘ਮੈਂ ਜੇਡੀ(ਯੂ) ਦੇ ਐਨਡੀਏ ਵਿੱਚ ਸ਼ਾਮਲ ਹੋਣ ਦੇ ਫ਼ੈਸਲੇ ਦਾ ਸਵਾਗਤ ਕਰਦਾ ਹਾਂ ਕਿਉਂਕਿ ਇਸ ਨਾਲ ਕੇਵਲ ਐਨਡੀਏ ਹੀ ਮਜ਼ਬੂਤ ਨਹੀਂ ਹੋਵੇਗਾ ਬਲਕਿ ਬਿਹਾਰ ਵਿੱਚ ਵਿਕਾਸ ਤੇ ਤਰੱਕੀ ਦੇ ਨਵੇਂ ਯੁੱਗ ਦਾ ਆਗ਼ਾਜ਼ ਹੋਵੇਗਾ।’ ਭਾਜਪਾ ਪ੍ਰਧਾਨ ਨੇ ਪਿਛਲੇ ਹਫ਼ਤੇ ਨਿਤੀਸ਼ ਕੁਮਾਰ ਨਾਲ ਬੈਠਕ ਦੌਰਾਨ ਜੇਡੀ(ਯੂ) ਤੇ ਐਨਡੀਏ ਦੇ ਸੰਗਮ ਦਾ ਸੱਦਾ ਦਿੱਤਾ ਸੀ।
ਕੌਮੀ ਕਾਰਜਕਾਰਨੀ ਨੇ ਜੇਡੀ(ਯੂ) ਦੀ ਬਿਹਾਰ ਇਕਾਈ ਦੇ ਮਹਾਗੱਠਜੋੜ ਤੋਂ ਵੱਖ ਹੋਣ ਅਤੇ ਭਾਜਪਾ ਨਾਲ ਮਿਲ ਕੇ ਬਿਹਾਰ ਵਿੱਚ ਸਰਕਾਰ ਬਣਾਉਣ ਦੇ ਫ਼ੈਸਲੇ ਉਤੇ ਵੀ ਮੋਹਰ ਲਗਾ ਦਿੱਤੀ।
ਨਿਤੀਸ਼ ਤੇ ਸ਼ਰਦ ਯਾਦਵ ਦੀ ਅਗਵਾਈ ਵਾਲੇ ਜੇਡੀ(ਯੂ) ਦੇ ਦੋ ਧੜਿਆਂ ਨੇ ਅੱਜ ਪਟਨਾ ਵਿੱਚ ਬਰਾਬਰ ਮੀਟਿੰਗਾਂ ਕੀਤੀਆਂ। ਨਿਤੀਸ਼ ਧੜੇ ਵੱਲੋਂ ਬ਼ਾਗੀ ਹੋਏ ਸ਼ਰਦ ਯਾਦਵ ਵਾਲੇ ਧੜੇ ਖ਼ਿਲਾਫ਼ ਕਾਰਵਾਈ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ। ਉਹ ਸ੍ਰੀ ਯਾਦਵ ਦੇ ਆਰਜੇਡੀ ਦੀ ਪਟਨਾ ਵਿੱਚ 27 ਅਗਸਤ ਵਾਲੀ ਰੈਲੀ ’ਚ ਸ਼ਾਮਲ ਹੋਣ ਦੀ ਉਡੀਕ ਕਰ ਰਹੇ ਹਨ। ਸ੍ਰੀ ਤਿਆਗੀ ਨੇ ਕਿਹਾ, ‘ਅਸੀਂ ਇਹ ਦੇਖਣ ਲਈ 27 ਅਗਸਤ ਦੀ ਉਡੀਕ ਕਰਾਂਗੇ ਕਿ ਸ਼ਰਦ ਯਾਦਵ ਜੀ ਲਛਮਣ ਰੇਖਾ ਪਾਰ ਕਰਕੇ ਲਾਲੂ ਪ੍ਰਸਾਦ ਨਾਲ ਖੜ੍ਹਦੇ ਹਨ, ਜਿਸ ਨੂੰ ਮੁਲਕ ਵਿੱਚ ਭ੍ਰਿਸ਼ਟਾਚਾਰ ਦਾ ਬਾਦਸ਼ਾਹ ਮੰਨਿਆ ਜਾਂਦਾ ਹੈ।’ ਸ੍ਰੀ ਯਾਦਵ ਨੇ ਅੱਜ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਬਜਾਏ ਜੇਡੀ(ਯੂ) ਦੇ ਮੁਅੱਤਲ ਐਮਪੀ ਅਲੀ ਅਨਵਰ ਅੰਸਾਰੀ ਤੇ ਹੋਰਾਂ ਨਾਲ ‘ਜਨ ਅਦਾਲਤ’ ਸਮਾਗਮ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ ਆਰਜੇਡੀ ਤੇ ਕਾਂਗਰਸ ਨਾਲ ਮਹਾਗੱਠਜੋੜ ਜਾਰੀ ਰੱਖਣ ਦਾ ਵਾਅਦਾ ਕੀਤਾ।-ਪੀਟੀਆਈ
ਨਿਤੀਸ਼ ਤੇ ਸ਼ਰਦ ਦੇ ਸਮਰਥਕ ਭਿੜੇ
ਅੱਜ ਪਟਨਾ ’ਚ ਮੁੱਖ ਮੰਤਰੀ ਦੀ ਰਿਹਾਇਸ਼ ਬਾਹਰ ਨਿਤੀਸ਼ ਕੁਮਾਰ ਤੇ ਸ਼ਰਦ ਯਾਦਵ ਦੇ ਸਮਰਥਕਾਂ ਵਿਚਾਲੇ ਟਕਰਾਅ ਹੋ ਗਿਆ। ‘ਜਨ ਅਦਾਲਤ’ ਸਮਾਗਮ ਲਈ ਸ਼ਰਦ ਯਾਦਵ ਨੂੰ ਉਨ੍ਹਾਂ ਦੇ ਸਮਰਥਕ ਕਾਫ਼ਲੇ ਦੇ ਰੂਪ ’ਚ ਐਸਕੇ ਮੈਮੋਰੀਅਲ ਹਾਲ ਵੱਲ ਲਿਜਾ ਰਹੇ ਸਨ। ਬਿਨਾਂ ਹੈਲਮੈਟ ਦੇ ਮੋਟਰਸਾਈਕਲ ਸਵਾਰ ਸਮਰਥਕ ਮੁੱਖ ਮੰਤਰੀ ਦੀ ਰਿਹਾਇਸ਼ ਬਾਹਰ ਰੁਕੇ ਅਤੇ ਨਾਅਰੇ ਲਗਾਏ। ਟਕਰਾਅ ਉਦੋਂ ਸ਼ੁਰੂ ਹੋਇਆ ਜਦੋਂ ਸੋਟੀਆਂ ਤੇ ਬੈਲਟਾਂ ਨਾਲ ਲੈਸ ਕੁੱਝ ਸਮਰਥਕਾਂ ਨੇ ਨਿਤੀਸ਼ ਕੁਮਾਰ ਦੀ ਰਿਹਾਇਸ਼ ਅੰਦਰ ਦਾਖ਼ਲ ਹੋਣ ਦਾ ਯਤਨ ਕੀਤਾ। ਜਲਦੀ ਨਿਤੀਸ਼ ਦੇ ਸਮਰਥਕ, ਜੋ ਕੌਮੀ ਕਾਰਜਕਾਰਨੀ ਦੀ ਬੈਠਕ ਲਈ ਜੁੜੇ ਸਨ, ਬਾਹਰ ਆ ਗਏ ਤੇ ਯਾਦਵ ਦੇ ਸਮਰਥਕਾਂ ਨੂੰ ਭਜਾ ਦਿੱਤਾ। ਸ਼ਰਦ ਯਾਦਵ ਨੇ ਇਸ ਮਾਮਲੇ ’ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਪਟਨਾ ਦੇ ਐਸਐਸਪੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

 

fbbg-image

Latest News
Magazine Archive