ਓਕ ਕਰੀਕ ਕਤਲੇਆਮ ਦੀ ਬਰਸੀ ਮੌਕੇ ਹਿੰਸਾ ਤੇ ਨਫ਼ਰਤ ਖ਼ਿਲਾਫ਼ ਜੰਗ ਦਾ ਸੱਦਾ


ਵਾਸ਼ਿੰਗਟਨ - ਓਕ ਕਰੀਕ ਕਤਲੇਆਮ ਦੀ ਪੰਜਵੀਂ ਬਰਸੀ ਮੌਕੇ ਅਮਰੀਕਾ ’ਚ ਰਾਜਸੀ ਆਗੂਆਂ ਸਮੇਤ ਕਈ ਲੋਕਾਂ ਨੇ ਪਾਰਟੀ ਲਾਈਨ ਤੋਂ ਉਪਰ ਉੱਠ ਕੇ ਹਿੰਸਾ, ਅਸਹਿਣਸ਼ੀਲਤਾ ਤੇ ਨਸਲਵਾਦ ਖ਼ਿਲਾਫ਼ ਸੰਘਰਸ਼ ਦਾ ਸੱਦਾ ਦਿੱਤਾ ਹੈ। ਦੱਸਣਯੋਗ ਹੈ ਕਿ ਪੰਜ ਸਾਲ ਪਹਿਲਾਂ ਓਕ ਕਰੀਕ ਕਤਲੇਆਮ ਵਿੱਚ ਛੇ ਬੇਕਸੂਰ ਸਿੱਖ ਮਾਰੇ ਗਏ ਸਨ। ਅਮਰੀਕਾ ਦੇ ਨੁਮਾਇੰਦਾ ਸਦਨ ਦੇ ਸਪੀਕਰ ਪੌਲ ਰਿਆਨ ਨੇ ਕਿਹਾ, ‘ਪਿਛਲੇ ਪੰਜ ਸਾਲਾਂ ਦੌਰਾਨ ਓਕ ਕਰੀਕ ਵਾਸੀਆਂ ਨੇ ਸਾਬਿਤ ਕੀਤਾ ਹੈ ਕਿ ਉਹ ਨਫ਼ਰਤ ਤੇ ਪਾੜੇ ਨਾਲੋਂ ਤਾਕਤਵਰ ਹਨ। ਰਿਆਨ ਕਾਂਗਰਸ ’ਚ ਜ਼ਿਲ੍ਹਾ ਵਿਸਕੌਨਸਿਨ ਦੀ ਨੁਮਾਇੰਦਗੀ ਕਰਦੇ ਹਨ, ਜਿਥੇ 5 ਅਗਸਤ, 2012 ਨੂੰ ਇਕ ਗੁਰਦੁਆਰੇ ਵਿੱਚ ਸਿਰਫਿਰੇ ਗੋਰੇ ਨੇ ਗੋਲੀਬਾਰੀ ਕੀਤੀ ਸੀ।
ਉਨ੍ਹਾਂ ਕਿਹਾ, ‘ਪੰਜ ਸਾਲ ਪਹਿਲਾਂ ਗੁਰਦੁਆਰੇ ’ਤੇ ਘਿਨਾਉਣੇ ਹਮਲੇ ਨਾਲ ਓਕ ਕਰੀਕ ਕੰਬ ਗਿਆ ਸੀ ਅਤੇ ਅੱਜ ਅਸੀਂ ਉਸ ਹਿੰਸਕ ਘਟਨਾ ’ਚ ਜਾਨ ਗੁਆਉਣ ਵਾਲਿਆਂ  ਦੀ ਪਵਿੱਤਰ ਯਾਦ ’ਚ ਇਕੱਠੇ ਹੋਏ ਹਾਂ।’ ਸੈਨੇਟਰ ਰੌਨ ਜੌਹਨਸਨ ਨੇ ਕਿਹਾ, ‘ਓਕ ਕਰੀਕ ਹਮਲੇ ਦੀ 5ਵੀਂ ਬਰਸੀ ਮੌਕੇ ਸਿੱਖ ਭਾਈਚਾਰਾ ਸਾਡੀਆਂ ਦੁਆਵਾਂ ਵਿੱਚ ਹੈ।’ ਸੈਨੇਟਰ ਟੈਮੀ ਬਾਲਡਵਿਨ ਨੇ ਕਿਹਾ, ‘ਅੱਜ ਅਸੀਂ ਗੁਰਦੁਆਰੇ ’ਤੇ ਨਿੰਦਣਯੋਗ ਹਮਲੇ ਦੀ ਬਰਸੀ ਮੌਕੇ ਇਕ ਭਾਈਚਾਰੇ ਵਜੋਂ ਜੁੜੇ ਹਾਂ। ਮੈਨੂੰ ਸਾਡੇ ਸਿੱਖਭਾਈਚਾਰੇ ਉਤੇ ਵੱਡਾ ਮਾਣ ਹੈ। ਉਨ੍ਹਾਂ ਦੀ ਦਿਆਲਤਾ ਅਤੇ ਸ਼ਾਂਤੀ ਦਾ ਪੈਗ਼ਾਮ ਪੂਰੇ ਮੁਲਕ ’ਚ ਗੂੰਜਿਆ ਹੈ।’
ਨਿਊ ਯਾਰਕ ਤੋਂ ਡੈਮੋਕਰੈਟਿਕ ਕਾਨੂੰਨਸਾਜ਼ ਗ੍ਰੇਸ ਮੇਂਗ ਨੇ ਕਿਹਾ, ‘ਸਿੱਖ-ਅਮਰੀਕੀ ਭਾਈਚਾਰੇ ਦੀਆਂ ਕਈ ਪੀੜ੍ਹੀਆਂ ਨੇ ਸਾਡੇ ਮੁਲਕ ’ਚ ਵੱਡਾ ਯੋਗਦਾਨ ਪਾਇਆ ਹੈ ਅਤੇ ਉਨ੍ਹਾਂ ਨੂੰ ਸ਼ਿਕਾਰ ਬਣਾਇਆ ਜਾਣਾ ਬਰਦਾਸ਼ਤਯੋਗ ਨਹੀਂ ਹੈ। ਸਾਨੂੰ ਨਸਲਵਾਦ, ਅਸਹਿਣਸ਼ੀਲਤਾ ਤੇ ਹਿੰਸਾ ਖ਼ਿਲਾਫ਼ ਲੜਨਾ ਚਾਹੀਦਾ ਹੈ।’ ਭਾਰਤੀ-ਅਮੈਰਿਕਨ ਕਾਂਗਰਸ ਮੈਂਬਰ ਪ੍ਰੈਮਿਲਾ ਜਯਾਪਾਲ ਨੇ ਕਿਹਾ, ‘ਪੰਜ ਸਾਲ ਪਹਿਲਾਂ ਇਕ ਆਧੁਨਿਕ-ਨਾਜ਼ੀ ਨੇ ਗੁਰਦੁਆਰੇ ’ਚ ਛੇ ਜਾਨਾਂ ਲਈਆਂ ਸਨ। ਓਕ ਕਰੀਕ ਨੂੰ ਯਾਦ ਕਰਨ ਅਤੇ ਹਰ ਤਰ੍ਹਾਂ ਦੀ ਨਫ਼ਰਤ ਖ਼ਿਲਾਫ਼ ਖੜ੍ਹਨ ਦੀ ਲੋੜ ਹੈ।’ ਸਿੱਖ ਪੋਲਿਟੀਕਲ ਐਕਸ਼ਨ ਕਮੇਟੀ ਦੇ ਮੁਖੀ ਗੁਰਿੰਦਰ ਸਿੰਘ ਖਾਲਸਾ ਨੇ ਕਿਹਾ, ‘ਇਹ ਘਟਨਾ ਸਿੱਖ ਭਾਈਚਾਰੇ ਨੂੰ ਹਲੂਣਨ ਵਾਲੀ ਸੀ। ਸਿੱਖਾਂ ਨੂੰ ਜਾਗਰੂਕਤਾ ਵਾਲੇ ਵੱਖ ਉਤੇ ਹੋਰ ਬਹੁਤ ਕੁਝ ਕਰਨ ਦੀ ਲੋੜ ਹੈ।’

 

 

fbbg-image

Latest News
Magazine Archive