ਵਾਦੀ ’ਚ ਮੇਜਰ ਤੇ ਜਵਾਨ ਸ਼ਹੀਦ


ਸ੍ਰੀਨਗਰ - ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਅੱਜ ਦਹਿਸ਼ਤਗਰਦਾਂ ਵੱਲੋਂ ਫ਼ੌਜ ਦੀ ਇਕ ਤਲਾਸ਼ੀ ਪਾਰਟੀ ਉਤੇ ਗੋਲੀ ਚਲਾ ਦਿੱਤੇ ਜਾਣ ਕਾਰਨ ਇਕ ਮੇਜਰ ਤੇ ਇਕ ਜਵਾਨ ਦੀ ਜਾਨ ਜਾਂਦੀ ਰਹੀ ਅਤੇ ਇਕ ਹੋਰ ਜਵਾਨ ਜ਼ਖ਼ਮੀ ਹੋ ਗਿਆ। ਦੂਜੇ ਪਾਸੇ ਕੁਲਗਾਮ ਜ਼ਿਲ੍ਹੇ ਵਿੱਚ ਸਲਾਮਤੀ ਦਸਤਿਆਂ ਹੱਥੋਂ ਦੋ ਦਹਿਸ਼ਤਗਰਦ ਮਾਰੇ ਗਏ, ਜਿਨ੍ਹਾਂ ਵਿੱਚੋਂ ਇਕ ਬੀਤੇ ਮਈ ’ਚ ਬੈਂਕ ਦੀ ਨਕਦੀ ਵਾਲੀ ਗੱਡੀ ਉਤੇ ਹੋਏ ਮਾਰੂ ਹਮਲੇ ਵਿੱਚ ਸ਼ਾਮਲ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਸ਼ੋਪੀਆਂ ਜ਼ਿਲ੍ਹੇ ਦੇ ਜ਼ੈਨਾਪੋਰਾ ਇਲਾਕੇ ਵਿੱਚ ਸੁਰੱਖਿਆ ਦਸਤਿਆਂ ਨੇ ਘੇਰਾ ਪਾ ਕੇ ਤਲਾਸ਼ੀ ਮੁਹਿੰਮ ਚਲਾਈ ਹੋਈ ਸੀ, ਕਿ ਦਹਿਸ਼ਤਗਰਦਾਂ ਨੇ ਸੁਰੱਖਿਆ ਬਲਾਂ ਉਤੇ ਗੋਲੀਆਂ ਦੀ ਵਾਛੜ ਕਰ ਦਿੱਤੀ। ਇਸ ਕਾਰਨ ਫ਼ੌਜੀ ਮੇਜਰ ਕਮਲੇਸ਼ ਪਾਂਡੇ, ਸਿਪਾਹੀ ਤਾਨਜ਼ਿਨ ਛੁਲਟਿਮ ਅਤੇ ਕਿਰਪਾਲ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨਾਂ ਨੂੰ ਫ਼ੌਰੀ ਇਲਾਜ ਲਈ ਫ਼ੌਜ ਦੇ 92 ਬੇਸ ਹਸਪਤਾਲ ਪਹੁੰਚਾਇਆ ਗਿਆ ਪਰ ਉਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਮੇਜਰ ਪਾਂਡੇ ਤੇ ਸਿਪਾਹੀ ਛੁਲਟਿਮ ਨੇ ਦਮ ਤੋੜ ਦਿੱਤਾ। ਅਧਿਕਾਰੀਆਂ ਨੇ  ਕਿਹਾ ਕਿ ਸਲਾਮਤੀ ਦਸਤਿਆਂ ਨੇ ਇਸ ਭਾਰੀ ਨੁਕਸਾਨ ਦੇ ਬਾਵਜੂਦ ਤਲਾਸ਼ੀ ਅਪਰੇਸ਼ਨ ਜਾਰੀ ਰੱਖਿਆ ਪਰ ਦਹਿਸ਼ਤਗਰਦ ਫੜੇ ਨਾ ਜਾ ਸਕੇ।
ਇਸ ਦੌਰਾਨ ਬਦਾਮੀਬਾਗ਼ ਛਾਉਣੀ ਇਲਾਕੇ ਵਿੱਚ ਮੇਜਰ ਪਾਂਡੇ ਤੇ ਸਿਪਾਹੀ ਛੁਲਟਿਮ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਤੇ ਉਪ ਮੁੱਖ ਮੰਤਰੀ ਨਿਰਮਲ ਸਿੰਘ ਸਣੇ ਚਿਨਾਰ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਜੇ.ਐਸ. ਸੰਧੂ ਅਤੇ ਹੋਰਨਾਂ ਸਿਵਲ ਤੇ ਪੁਲੀਸ ਅਧਿਕਾਰੀਆਂ ਨੇ ਦੋਵਾਂ ਦੀਆਂ ਦੇਹਾਂ ਉਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਅਧਿਕਾਰੀਆਂ ਨੇ ਦੱਸਿਆ ਕਿ ਮੇਜਰ ਪਾਂਡੇ ਉੱਤਰਾਖੰਡ ਦੇ ਅਲਮੋੜਾ ਜ਼ਿਲ੍ਹੇ ਨਾਲ ਸਬੰਧਤ ਸੀ ਜੋ ਪਿੱਛੇ ਪਤਨੀ ਤੇ ਦੋ ਸਾਲਾ ਧੀ ਛੱਡ ਗਏ ਹਨ। ਸਿਪਾਹੀ ਛੁਲਟਿਮ ਆਪਣੇ ਪਿੱਛੇ ਮਾਪੇ ਛੱਡ ਗਿਅ ਹੈ, ਜੋ ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਿਪਤੀ ਇਲਾਕੇ ਨਾਲ ਸਬੰਧਤ ਸੀ।
ਦੂਜੇ ਪਾਸੇ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਵਿੱਚ ਬੀਤੀ ਰਾਤ ਗੋਪਾਲਪੋਰਾ ਪਿੰਡ ਵਿੱਚ ਹੋਏ ਮੁਕਾਬਲੇ ਦੌਰਾਨ ਦੋ ਅਤਿਵਾਦੀ ਮਾਰੇ ਗਏ। ਸੁਰੱਖਿਆ ਦਸਤਿਆਂ ਨੇ ਉਥੇ ਦਹਿਸ਼ਤਗਰਦਾਂ ਦੀ ਮੌਜੂਦਗੀ ਦੀ ਪੱਕੀ ਸੂਹ ਮਿਲਣ ਤੋਂ ਬਾਅਦ ਤਲਾਸ਼ੀ ਮੁਹਿੰਮ ਆਰੰਭੀ। ਅਧਿਕਾਰੀਆਂ ਮੁਤਾਬਕ ਇਸ ਦੌਰਾਨ ਹੋਈ ਗੋਲੀਬਾਰੀ ਵਿੱਚ ਦੋ ਮੁਕਾਮੀ ਅਤਿਵਾਦੀ ਮਾਰੇ ਗਏ ਜਿਨ੍ਹਾਂ ਦੀ ਪਛਾਣ ਆਕਿਬ ਹੁਸੈਨ ਇੱਟੂ ਤੇ ਸੋਹੇਲ ਅਹਿਮਦ ਰਾਠਰ ਵਜੋਂ ਹੋਈ ਹੈ।
ਉਨ੍ਹਾਂ ਕਿਹਾ ਕਿ ਮਾਰੇ ਗਏ ਅਤਿਵਾਦੀਆਂ ਵਿੱਚੋਂ ਇਕ ਬੀਤੀ ਪਹਿਲੀ ਮਈ ਨੂੰ ਬੈਂਕ ਦੀ ਕੈਸ਼ ਵੈਨ ਉਤੇ ਹੋਏ ਹਮਲੇ ਵਿੱਚ ਸ਼ਾਮਲ ਸੀ, ਜਿਸ ਵਿੱਚ ਪੰਜ ਪੁਲੀਸ ਜਵਾਨ ਤੇ ਬੈਂਕ ਦੇ ਦੋ ਗਾਰਡਾਂ ਦੀ ਮੌਤ ਹੋ ਗਈ ਸੀ। ਉਹ ਬੀਤੇ ਮਹੀਨੇ ਕੁਲਗਾਮ ਜ਼ਿਲ੍ਹੇ ਵਿੱਚ ਹੀ ਇਕ ਪੁਲੀਸ ਜਵਾਨ ਦੇ ਕਤਲ ਲਈ ਵੀ ਲੋੜੀਂਦਾ ਸੀ। ਸਲਾਮਤੀ ਦਸਤਿਆਂ ਨੂੰ ਮੁਕਾਬਲੇ ਵਾਲੀ ਥਾਂ ਤੋਂ ਦੋ ਹਥਿਆਰ ਮਿਲੇ ਹਨ। ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਸੀ।
ਸ੍ਰੀਨਗਰ-ਮੁਜ਼ੱਫਰਾਬਾਦ ਰੂਟ ਜ਼ਰੀਏ ਮੁੜ ਹੋਵੇਗਾ ਵਪਾਰ
ਸ੍ਰੀਨਗਰ - ਸ੍ਰੀਨਗਰ-ਮੁਜ਼ੱਫਰਾਬਾਦ ’ਤੇ 21 ਜੁਲਾਈ ਤੋਂ ਬੰਦ ਹੋਇਆ ਵਪਾਰ ਅਤੇ ਆਵਾਜਾਈ ਸੋਮਵਾਰ ਤੋਂ ਬਹਾਲ ਹੋ ਜਾਵੇਗੀ। ਜੰਮੂ ਕਸ਼ਮੀਰ ਅਤੇ ਮਕਬੂਜ਼ਾ ਕਸ਼ਮੀਰ ਦੇ ਅਧਿਕਾਰੀਆਂ ਦੀ ਜ਼ਿਲ੍ਹਾ ਬਾਰਾਮੂਲਾ ਵਿੱਚ ਕਮਾਨ ਪੋਸਟ ’ਤੇ ਮੀਟਿੰਗ ਵੀ ਹੋਈ। ਬਾਰਾਮੂਲਾ ਦੇ ਡਿਪਟੀ ਕਮਿਸ਼ਨਰ ਨਸੀਰ ਅਹਿਮਦ ਨੇ ਦੱਸਿਆ ਕਿ ਇਸ ਰੂਟ ’ਤੇ ਹਫ਼ਤਾਵਾਰੀ ਬੱਸ ਸੇਵਾ ਸੋਮਵਾਰ ਤੋਂ ਅਤੇ ਵਪਾਰ ਮੰਗਲਵਾਰ ਤੋਂ ਮੁੜ ਸ਼ੁਰੂ ਹੋ ਜਾਵੇਗਾ।

 

 

fbbg-image

Latest News
Magazine Archive