ਜੱਸੀ ਕਤਲ ਕਾਂਡ: ਮਿੱਠੂ ਨੂੰ ਜਾਂਚ ਕਮਿਸ਼ਨ ਤੋਂ ਇਨਸਾਫ਼ ਦੀ ਆਸ


ਚੰਡੀਗੜ੍ਹ - ਕਾਉਂਕੇ ਖੋਸਾ ਦੇ ਸੁਖਵਿੰਦਰ ਸਿੰਘ ਉਰਫ਼ ਮਿੱਠੂ ਨੇ ਕੈਨੇਡਾ ’ਚ ਜਨਮੀ ਕੁੜੀ ਜਸਵਿੰਦਰ ਕੌਰ ਜੱਸੀ ਨਾਲ ਜ਼ਿੰਦਗੀ ਦੇ ਕੁਝ ਸੁਫ਼ਨੇ ਬੁਣੇ ਸਨ। ਪਰ ਜੱਸੀ ਦੇ ਮਾਪਿਆਂ ਦੇ ਉਲਟ ਜਾ ਕੇ ਜਦੋਂ ਦੋਹਾਂ ਨੇ ਵਿਆਹ ਕਰਵਾ ਲਿਆ ਤਾਂ ਸੁਫ਼ਨੇ ਮਹਿਜ਼ ਕੁਝ ਹਫ਼ਤੇ ਹੀ ਜ਼ਿੰਦਾ ਰਹੇ। ਜੱਸੀ ਦੀ ਮਾਂ ਮਲਕੀਅਤ ਕੌਰ ਅਤੇ ਮਾਮੇ ਸੁਰਜੀਤ ਸਿੰਘ ਬਦੇਸ਼ਾਂ ਵੱਲੋਂ ਜਦੋਂ ਉਨ੍ਹਾਂ ਨੂੰ ਕਥਿਤ ਤੌਰ ’ਤੇ ਮਾਰਨ ਲਈ ਸੁਪਾਰੀ ਦਿੱਤੀ ਗਈ ਤਾਂ ਜੱਸੀ ਮਾਰੀ ਗਈ ਜਦਕਿ ਮਿੱਠੂ ਬਚ ਗਿਆ। ਇਹ ਘਟਨਾ ਜੂਨ 2000 ਦੀ ਹੈ। ਹੁਣ ਠੀਕ 17 ਵਰ੍ਹਿਆਂ ਬਾਅਦ ਮਿੱਠੂ ਹੁਣੇ ਜਿਹੇ ਬਣਾਏ ਗਏ ਦੋ ਮੈਂਬਰੀ ਜਾਂਚ ਕਮਿਸ਼ਨ ਕੋਲ ਪੇਸ਼ ਹੋਇਆ। ਕਮਿਸ਼ਨ ਪਿਛਲੇ 10 ਸਾਲਾਂ ’ਚ ਪੰਜਾਬ ਪੁਲੀਸ ਵੱਲੋਂ ਉਸ ਖ਼ਿਲਾਫ਼ ਦਰਜ ਕੀਤੇ ਗਏ ਝੂਠੇ ਕੇਸਾਂ ਦੀ ਘੋਖ ਕਰੇਗਾ। ਉਸ ਦੇ ਦੁਖਾਂ ਦੀ ਪੰਡ ਭਾਰੀ ਹੈ ਪਰ ਕਮਿਸ਼ਨ ਤੋਂ ਹੀ ਉਸ ਨੂੰ ਹੁਣ ਉਮੀਦਾਂ ਹਨ। ਕਮਿਸ਼ਨ ਕੋਲ ਫਰਿਆਦ ਕੀਤੇ ਜਾਣ ਤੋਂ ਬਾਅਦ ਉਸ ਦੀ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਗਿਆ ਹੈ ਅਤੇ ਕਮਿਸ਼ਨ ਨੇ  ਪੰਜਾਬ ਪੁਲੀਸ ਨੂੰ ਨੋਟਿਸ ਭੇਜੇ ਹਨ।  ਮਿੱਠੂ ਖ਼ਿਲਾਫ਼ ਬਲਾਤਕਾਰ, ਦੰਗਾ ਕਰਨ, ਲੁੱਟ-ਖੋਹ ਅਤੇ ਨਸ਼ਾ ਤਸਕਰੀ ਸਮੇਤ ਕਈ ਝੂਠੇ ਕੇਸ ਦਰਜ ਹਨ। ਬਲਾਤਕਾਰ ਦੇ ਕੇਸ ’ਚ ਤਾਂ ਉਹ ਸਾਢੇ ਤਿੰਨ ਸਾਲ ਜੇਲ੍ਹ ਅੰਦਰ ਡੱਕਿਆ ਰਿਹਾ। ਮਿੱਠੂ ਨੇ ਜੱਸੀ ਦੀ ਮਾਂ ਅਤੇ ਮਾਮੇ ਖ਼ਿਲਾਫ਼ ਬਿਆਨ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਭਾਵੇਂ ਅਜੇ ਮੁਕੱਦਮੇ ਦਾ ਸਾਹਮਣਾ ਕਰਨਾ ਹੈ ਪਰ ਮਿੱਠੂ ਕਈ ਪੁਲੀਸ ਕੇਸਾਂ ਦਾ ਸਾਹਮਣਾ ਕਰ ਚੁੱਕਿਆ ਹੈ। ਮਿੱਠੂ ਨੇ ਕਿਹਾ ਕਿ ਉਸ ਨੂੰ 10 ਲੱਖ ਤੋਂ ਲੈ ਕੇ ਡੇਢ ਕਰੋੜ ਰੁਪਏ, 14 ਏਕੜ ਜ਼ਮੀਨ ਦੇਣ ਅਤੇ ਵਿਦੇਸ਼ ’ਚ ਵਸਾਉਣ ਦੀਆਂ ਪੇਸ਼ਕਸ਼ਾਂ ਮਿਲੀਆਂ। ਉਸ ਨੇ ਕਿਹਾ ਕਿ ਉਹ ਜੱਸੀ ਦੀ ਮਾਂ ਅਤੇ ਮਾਮੇ ਨੂੰ ਸਜ਼ਾ ਦਿਵਾ ਕੇ ਹੀ ਚੈਨ ਲਏਗਾ।

 

 

fbbg-image

Latest News
Magazine Archive