ਚੀਨ ਨੇ ਫਿਰ ਦਿੱਤੀ ਭਾਰਤ ਨੂੰ ਧਮਕੀ


ਪੇਈਚਿੰਗ - ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਪੀਪਲਜ਼ ਲਿਬਰੇਸ਼ਨ ਆਰਮੀ (ਪੀਐਲਏ) ਦੇ 90ਵੇਂ ਸਥਾਪਨਾ ਦਿਵਸ ਮੌਕੇ ਆਪਣੀ ਫ਼ੌਜ ਦੇ ਸੋਹਲੇ ਗਾਉਂਦਿਆਂ ਦਾਅਵਾ ਕੀਤਾ ਕਿ ਉਹ ਦੁਸ਼ਮਣਾਂ ਨੂੰ ਹਰਾਉਣ ਦੇ ਸਮਰੱਥ ਹੈ। ਉਨ੍ਹਾਂ ਪਰੇਡ ਦਾ ਨਿਰੀਖਣ ਕੀਤਾ ਅਤੇ ਫ਼ੌਜ ਵੱਲੋਂ ਕੀਤੀ ਗਈ ਤਿਆਰੀ ਦੀ ਸ਼ਲਾਘਾ ਕੀਤੀ। ਕਰੀਬ 10 ਮਿੰਟਾਂ ਦੇ ਭਾਸ਼ਣ ਦੌਰਾਨ ਉਨ੍ਹਾਂ ਕਿਹਾ ਕਿ ਫ਼ੌਜ ਦੇਸ਼ ਦੀ ਖੁਦਮੁਖਦਿਆਰੀ, ਸੁਰੱਖਿਆ ਅਤੇ ਵਿਕਾਸ ਹਿੱਤਾਂ ਦੀ ਰਾਖੀ ਕਰਨ ਦੇ ਯੋਗ ਹੈ। ਉਂਜ ਚੀਨੀ ਰਾਸ਼ਟਰਪਤੀ ਨੇ ਆਪਣੇ ਭਾਸ਼ਣ ਦੌਰਾਨ ਭਾਰਤ ਨਾਲ ਡੋਕਲਾਮ ’ਚ ਚਲ ਰਹੇ ਤਣਾਅ ਦਾ ਕੋਈ ਜ਼ਿਕਰ ਨਹੀਂ ਕੀਤਾ। ਜ਼ੁਰਿਹੇ ’ਚ ਹੋਈ ਪਰੇਡ ਦੌਰਾਨ ਫ਼ੌਜੀ ਵਰਦੀ ’ਚ ਸਜੇ ਸ਼ੀ ਨੇ ਖੁਲ੍ਹੀ ਫ਼ੌਜੀ ਜੀਪ ’ਚ 12 ਹਜ਼ਾਰ ਜਵਾਨਾਂ ਤੋਂ ਸਲਾਮੀ ਲਈ। ਚੀਨੀ ਰੱਖਿਆ ਮੰਤਰਾਲੇ ਮੁਤਾਬਕ ਇਸ ਮੌਕੇ 129 ਲੜਾਕੂ ਜੈੱਟਾਂ ਨੇ ਉਡਾਣ ਭਰੀ ਅਤੇ ਕਰੀਬ 600 ਤਰ੍ਹਾਂ ਦੇ ਹਥਿਆਰਾਂ ਦਾ ਪ੍ਰਦਰਸ਼ਨ ਕੀਤਾ ਗਿਆ। ਜਵਾਨਾਂ ਨੂੰ ਸੰਬੋਧਨ ਕਰਦਿਆਂ ਸ਼ੀ ਨੇ ਕਿਹਾ ਕਿ ਪੀਐਲਏ ਕਮਿਊਨਿਸਟ ਪਾਰਟੀ ਦੀ ਲੀਡਰਸ਼ਿਪ ਦਾ ਸਖ਼ਤੀ ਨਾਲ ਪਾਲਣ ਕਰੇ ਅਤੇ ਪਾਰਟੀ ਜਿਹੜੇ ਮੋਰਚੇ ’ਤੇ ਫ਼ੌਜ ਨੂੰ ਭੇਜੇ, ਉਹ ਉਥੇ ਜਾਣ। ਰਾਸ਼ਟਰਪਤੀ ਨੇ ਕਿਹਾ,‘‘ਮੈਨੂੰ ਪੱਕਾ ਯਕੀਨ ਹੈ ਕਿ ਸਾਡੇ ਬਹਾਦਰ ਫ਼ੌਜੀਆਂ ’ਚ ਦੁਸ਼ਮਣਾਂ ਨੂੰ ਹਰਾਉਣ ਦੀ ਪੂਰੀ ਦਲੇਰੀ ਅਤੇ ਸਮਰੱਥਾ ਹੈ।’’ ਆਪਣੇ ਭਾਸ਼ਣ ’ਚ ਉਨ੍ਹਾਂ ਫ਼ੌਜ ਨੂੰ ਲੜਾਕੂ ਤਾਕਤ ’ਚ ਸੁਧਾਰ ਅਤੇ ਅਤਿ ਆਧੁਨਿਕ ਬਣਾਉਣ ਦਾ ਸੱਦਾ ਦਿੱਤਾ। ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਡੋਕਲਾਮ ’ਚ ਆਹਮੋ-ਸਾਹਮਣੇ ਹਨ ਅਤੇ ਵਿਦੇਸ਼ ਤੇ ਰੱਖਿਆ ਮੰਤਰਾਲੇ ਦੋਸ਼ ਲਾ ਰਹੇ ਹਨ ਕਿ ਭਾਰਤੀ ਫ਼ੌਜਾਂ ਨੇ ਡੋਕਲਾਮ ’ਚ ਚੀਨੀ ਇਲਾਕੇ ਅੰਦਰ ਘੁਸਪੈਠ ਕੀਤੀ ਹੈ। ਚੀਨੀ ਰੱਖਿਆ ਮੰਤਰਾਲੇ ਦੇ ਤਰਜਮਾਨ ਕਰਨਲ ਰੇਨ ਗੁਕਿਆਂਗ ਨੇ ਕਿਹਾ ਕਿ ਜ਼ੁਰਿਹੇ ਨੂੰ ਪੀਐਲਏ ਦੀ ਤਿਆਰੀ ਵਜੋਂ ਚੁਣਿਆ ਗਿਆ ਹੈ ਪਰ ਉਥੇ ਜੰਗ ਸਬੰਧੀ ਸਿਖਲਾਈ ਦਾ ਖ਼ਿੱਤੇ ਦੇ ਮੌਜੂਦਾ ਹਾਲਾਤ ਨਾਲ ਕੁਝ ਵੀ ਲੈਣਾ-ਦੇਣਾ ਨਹੀਂ ਹੈ।
 

 

Latest News
Magazine Archive