ਸਰਹੱਦੀ ਵਿਵਾਦ ਲਈ ਭਾਰਤ ਜ਼ਿੰਮੇਵਾਰ: ਵਾਂਗ ਯੀ


ਪੇਈਚਿੰਗ - ਚੀਨ ਦੇ  ਵਿਦੇਸ਼ ਮੰਤਰੀ ਵਾਂਗ ਯੀ ਨੇ ਸਰਹੱਦੀ ਵਿਵਾਦ ਲਈ ਭਾਰਤ ਨੂੰ ਜ਼ਿੰਮੇਵਾਰ ਆਖਦਿਆਂ ਇਸ ਨੂੰ ਡੋਕਲਾਮ ’ਚੋਂ ਆਪਣੇ ਫ਼ੌਜੀ ਵਾਪਸ ਬੁਲਾਉਣ ਲਈ ਕਿਹਾ ਹੈ। ਇਹ ਪਹਿਲੀ ਵਾਰ ਹੈ ਕਿ ਚੀਨ ਦੇ ਇੱਕ ਉੱਚ ਸਰਕਾਰੀ ਅਧਿਕਾਰੀ ਨੇ ਸਿੱਕਮ ਵਿੱਚ ਚੱਲ ਰਹੇ ਸਰਹੱਦੀ ਵਿਵਾਦ ਸਬੰਧੀ ਆਪਣੀ ਪ੍ਰਤਿਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ,‘‘ਸਹੀ ਅਤੇ ਗਲਤ ਸਪਸ਼ਟ ਹੈ। ਇੱਥੋਂ ਤਕ ਕਿ ਸੀਨੀਅਰ ਭਾਰਤੀ ਅਧਿਕਾਰੀਆਂ ਨੇ ਸ਼ਰ੍ਹੇਆਮ ਕਿਹਾ ਹੈ ਕਿ ਚੀਨ ਦੀਆਂ ਫ਼ੌਜਾਂ ਭਾਰਤੀ ਇਲਾਕੇ ਵਿੱਚ ਦਾਖ਼ਲ ਨਹੀਂ ਹੋਈਆਂ ਹਨ। ਇੰਜ, ਭਾਰਤ ਨੇ ਇਹ ਮੰਨ ਲਿਆ ਹੈ ਕਿ ਇਹ ਚੀਨ ਦੇ ਇਲਾਕੇ ਵਿੱਚ ਦਾਖ਼ਲ ਹੋਇਆ ਹੈ। ਇਸ ਦਾ ਹੱਲ ਬਹੁਤ ਆਸਾਨ ਹੈ। ਭਾਰਤ ਨੂੰ ਆਪਣੀਆਂ ਫ਼ੌਜਾਂ ਨੂੰ ਇਮਾਨਦਾਰੀ ਨਾਲ ਵਾਪਸ ਬੁਲਾ ਲੈਣਾ ਚਾਹੀਦਾ ਹੈ।’’
ਜ਼ਿਕਰਯੋਗ ਹੈ ਕਿ ਭਾਰਤ ਵੱਲੋਂ ਚੀਨ ਦੀ ਫ਼ੌਜ ਨੂੰ ਵਿਵਾਦਤ ਇਲਾਕੇ ਵਿੱਚ ਸੜਕ ਉਸਾਰੀ ਤੋਂ ਰੋਕਣ ਤੋਂ ਬਾਅਦ ਹੀ ਚੀਨੀ ਅਤੇ ਭਾਰਤੀ ਫ਼ੌਜੀ ਡੋਕਲਾਮ ਵਿੱਚ ਆਹਮੋ-ਸਾਹਮਣੇ ਹਨ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬੀਤੇ ਵੀਰਵਾਰ ਨੂੰ ਸੰਸਦ ਵਿੱਚ ਦੱਸਿਆ ਸੀ ਕਿ ਕਿਸੇ ਵੀ ਕਿਸਮ ਦੀ ਗੱਲਬਾਤ ਲਈ ਦੋਵਾਂ ਮੁਲਕਾਂ ਨੂੰ ਆਪਣੀਆਂ ਫ਼ੌਜਾਂ ਵਾਪਸ ਬੁਲਾ ਲੈਣੀਆਂ ਚਾਹੀਦੀਆਂ ਹਨ ਤਾਂ ਕਿ ਸਰਹੱਦੀ ਵਿਵਾਦ ਦਾ ਸ਼ਾਂਤਮਈ ਹੱਲ ਕੱਢਿਆ ਜਾ ਸਕੇ। ‘ਬ੍ਰਿਕਸ’ ਮੁਲਕਾਂ ਦੇ ਕੌਮੀ ਸੁਰੱਖਿਆ ਸਲਾਹਕਾਰਾਂ ਦੀ 27-28 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਲਈ ਪੇਈਚਿੰਗ ਪੁੱਜ ਰਹੇ ਭਾਰਤੀ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਦੋਵਾਲ ਦੀ ਫੇਰੀ ਦੌਰਾਨ ਡੋਕਲਾਮ ਵਿਸ਼ੇ ’ਤੇ ਗੱਲਬਾਤ ਹੋਣ ਦੀ ਸੰਭਾਵਨਾ ਹੈ।
ਪੇਈਚਿੰਗ - ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਦੋਵਾਲ ਦੀ ਫੇਰੀ ਤੋਂ ਪਹਿਲਾਂ ਚੀਨ ਦਾ ਸਰਕਾਰੀ ਮੀਡੀਆ ਦੋ ਹਿੱਸਿਆਂ ਵਿੱਚ ਵੰਡਿਆ ਨਜ਼ਰ ਆ ਰਿਹਾ ਹੈ। ਜਿੱਥੇ ‘ਚਾਈਨਾ ਡੇਲੀ’ ਨੂੰ ਭਾਰਤ ਨਾਲ ਇਸ ਵਿਵਾਦ ਦੇ ਸ਼ਾਂਤਮਈ ਹੱਲ ਦੀ ਉਮੀਦ ਹੈ, ਉੱਥੇ ‘ਗਲੋਬਲ ਟਾਈਮਜ਼’ ਦਾ ਕਹਿਣਾ ਹੈ ਕਿ ਦੋਵਾਲ ਦੀ ਫੇਰੀ ਨਾਲ ਚੀਨ ਪ੍ਰਭਾਵਿਤ ਨਹੀਂ ਹੋਵੇਗਾ। ‘ਚਾਈਨਾ ਡੇਲੀ’ ਨੇ ਆਪਣੀ ਸੰਪਾਦਕੀ ਵਿੱਚ ਲਿਖਿਆ ਹੈ ਕਿ ‘ਭਾਰਤ ਲਈ ਆਪਣਾ ਰਸਤਾ ਸੁਧਾਰਨ ’ਚ ਕੋਈ ਦੇਰੀ ਨਹੀਂ ਹੋਈ ਹੈ। ਇਸ ਨੇ ਟਕਰਾਅ ਤੋਂ ਬਚਾਅ ਲਈ ਤਰੀਕੇ ਲੱਭਣ ’ਤੇ ਜ਼ੋਰ ਦਿੱਤਾ ਹੈ। ‘ਗਲੋਬਲ ਟਾਈਮਜ਼’ ਨੇ ਆਪਣੇ ਸੰਪਾਦਕੀ ਵਿੱਚ ਲਿਖਿਆ ਹੈ ਕਿ ਇਸ ਫੇਰੀ ਨਾਲ ਵਿਵਾਦ ਸਬੰਧੀ ਚੀਨ ਦਾ ਰੁਖ਼ ਨਹੀਂ ਬਦਲੇਗਾ। ਜਦੋਂ ਤਕ ਭਾਰਤੀ ਫ਼ੌਜੀ ਵਾਪਸ ਨਹੀਂ ਬੁਲਾਏ ਜਾਂਦੇ, ਚੀਨ ਗੱਲਬਾਤ ਨਹੀਂ ਕਰੇਗਾ।

 

 

fbbg-image

Latest News
Magazine Archive