ਜੀਐਸਟੀ ਨਾਲ ਘਟਣਗੀਆਂ ਕਾਰੋਬਾਰੀਆਂ ਦੀਆਂ ਮੁਸ਼ਕਲਾਂ: ਜੇਤਲੀ


ਲੁਧਿਆਣਾ - ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵਸਤਾਂ ਤੇ ਸੇਵਾਵਾਂ ਕਰ (ਜੀਐਸਟੀ) ਲਾਗੂ ਹੋਣ ਤੋਂ ਬਾਅਦ ਅੱਜ ਪਹਿਲੀ ਵਾਰ ਸਨਅਤੀ ਸ਼ਹਿਰ ਪੁੱਜੇ, ਜਿੱਥੇ ਉਨ੍ਹਾਂ ਦਾਅਵਾ ਕੀਤਾ ਕਿ ਜੀਐਸਟੀ ਲਾਗੂ ਹੋਣ ਤੋਂ ਬਾਅਦ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਜ਼ਰੂਰ ਫਾਇਦਾ ਪੁੱਜੇਗਾ। ਉਨ੍ਹਾਂ ਟੈਕਸ ਮਾਮਲੇ ਵਿੱਚ ਹੁਸ਼ਿਆਰੀ ਵਿਖਾਉਣ ਵਾਲਿਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹੇ ਲੋਕ ਬਚ ਨਹੀਂ ਸਕਣਗੇ। ਵਿੱਤ ਮੰਤਰੀ ਅੱਜ ਸਨਅਤੀ ਸ਼ਹਿਰ ਦੇ ਦੁਗਰੀ ਸਥਿਤ ਸਤਪਾਲ ਮਿੱਤਲ ਸਕੂਲ ਵਿੱਚ ‘ਸੱਤਿਆ ਭਾਰਤੀ ਅਭਿਆਨ’ ਵਿੱਚ ਹਿੱਸਾ ਲੈਣ ਪੁੱਜੇ ਸਨ। ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਵੀ ਹਾਜ਼ਰ ਸਨ। ਭਾਰਤੀ ਫਾਊਂਡੇਸ਼ਨ ਦੇ ਰਾਕੇਸ਼ ਭਾਰਤੀ ਮਿੱਤਲ ਨੇ ਵਿੱਤ ਮੰਤਰੀ ਅਰੁਣ ਜੇਤਲੀ ਦਾ ਸਮਾਗਮ ’ਚ ਸਵਾਗਤ ਕੀਤਾ।
ਇਸ ਮੌਕੇ ਸ੍ਰੀ ਜੇਤਲੀ ਨੇ ਕਿਹਾ ਕਿ ਜੀਐਸਟੀ ਨਾਲ ਦੇਸ਼ ਨੂੰ ਮਜ਼ਬੂਤੀ ਮਿਲੇਗੀ, ਕਿਉਂਕਿ ਇਸ ਤਹਿਤ ਇਕਸਾਰ ਟੈਕਸ ਲੱਗਣਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਮਾਨਦਾਰ ਲੋਕ ਜੀਐਸਟੀ ਬਿਨਾਂ ਦੇਰੀ ਜਾਂ ਪ੍ਰੇਸ਼ਾਨੀ ਭਰ ਦੇਣਗੇ ਤੇ ਉਨ੍ਹਾਂ ਨੂੰ ਪੂਰੀ ਜ਼ਿੰਦਗੀ ਕਦੇ ਵੀ ਟੈਕਸ ਅਫ਼ਸਰ ਜਾਂ ਇੰਸਪੈਕਟਰ ਦਾ ਮੂੰਹ ਨਹੀਂ ਦੇਖਣਾ ਪਵੇਗਾ ਅਤੇ ਨਾ ਕਦੇ ਕੋਈ ਨੋਟਿਸ ਆਵੇਗਾ।
ਉਨ੍ਹਾਂ ਹੁਸ਼ਿਆਰ ਦਿਖਾਉਣ ਵਾਲਿਆਂ ਨੂੰ ਚਿਤਵਾਨੀ ਦਿੱਤੀ ਕਿ ਅਜਿਹੇ ਲੋਕ ਕਾਰਵਾਈ ਲਈ ਤਿਆਰ ਰਹਿਣ। ਕੇਂਦਰੀ ਵਿੱਤ ਮੰਤਰੀ ਨੇ ਨਿੱਜੀ ਕੰਪਨੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਦੇਸ਼ ਦਾ ਮੁਹਾਂਦਰਾ ਸੰਵਾਰਨ ਅਤੇ ਦੇਸ਼ ਦੀ ਵਿਕਾਸ ਦੀ ਚਾਲ ਹੋਰ ਤੇਜ਼ ਕਰਨ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਚਲਾਈਆਂ ਯੋਜਨਾਵਾਂ ਨਾਲ ਭਾਰਤ, ਵਿਸ਼ਵ ਦਾ ਸਭ ਤੋਂ ਵੱਧ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਦੇਸ਼ ਬਣ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੋਈ ਵੀ ਦੇਸ਼ ਉਦੋਂ ਤੱਕ ਵਿਕਸਤ ਨਹੀਂ ਹੋ ਸਕਦਾ, ਜਦੋਂ ਤੱਕ ਉਥੇ ਸਥਾਪਿਤ ਕੰਪਨੀਆਂ ਤੇ ਦੇਸ਼ ਦੇ ਲੋਕ ਸਹਿਯੋਗ ਨਹੀਂ ਦਿੰਦੇ। ਉਨ੍ਹਾਂ ਭਾਰਤੀ ਫਾਊਂਡੇਸ਼ਨ ਅਤੇ ਭਾਰਤੀ ਐਂਟਰਪ੍ਰਾਈਜ਼ਜ਼ ਵੱਲੋਂ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ।
ਸ੍ਰੀ ਜੇਤਲੀ ਨੇ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਪ੍ਰਾਈਵੇਟ ਕੰਪਨੀਆਂ ਆਪਣੀ ਸਮਾਜਿਕ ਤੇ ਵਪਾਰਕ ਜ਼ਿੰਮੇਵਾਰੀ ਨੂੰ ਸਮਝਦਿਆਂ ਆਪਣੇ ਮੁਨਾਫ਼ੇ ਦਾ 2 ਫ਼ੀਸਦੀ ਹਿੱਸਾ ਦੇਸ਼ ਦੇ ਵਿਕਾਸ ਵਿੱਚ ਲਾਉਣ। ਇਸ ਨਾਲ ਸਾਲਾਨਾ 14-15 ਹਜ਼ਾਰ ਕਰੋੜ ਰੁਪਏ ਦੇਸ਼ ਦੇ ਵਿਕਾਸ ’ਤੇ ਲੱਗ ਸਕਦੇ ਹਨ।  ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰੀ ਵਿੱਤ ਮੰਤਰੀ ਨੂੰ ਅਪੀਲ ਕੀਤੀ ਕਿ ਕੇਂਦਰ ਸਰਕਾਰ ਪੰਜਾਬ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਵੇ। ਉਨ੍ਹਾਂ ਸੂਬੇ ਦੇ ਵਪਾਰਕ ਘਰਾਣਿਆਂ ਨੂੰ ਵੀ ਆਪਣਾ ਬਣਦਾ ਹਿੱਸਾ ਪਾਉਣ ਦੀ ਅਪੀਲ ਕੀਤੀ। ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ‘ਸਵੱਛ ਭਾਰਤ ਮਿਸ਼ਨ’ ਤਹਿਤ ਭਾਰਤੀ ਫਾਊਂਡੇਸ਼ਨ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮਗਰੋਂ ਸ੍ਰੀ ਜੇਤਲੀ ਨੇ ਦੁਗਰੀ ਤੇ ਦਾਣਾ ਮੰਡੀ ਵਿਚਾਲੇ ਭਾਜਪਾ ਦੇ ਨਵੇਂ ਭਵਨ ਅਤੇ ਦਫ਼ਤਰ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਵਿਜੈ ਸਾਂਪਲਾ, ਰਾਜ
ਤਿੰਨ ਭਾਜਪਾ ਆਗੂਆਂ ਦੀਆਂ ਜੇਬਾਂ ਹੋਈਆਂ ਸਾਫ਼
ਲੁਧਿਆਣਾ - ਸਨਅਤੀ ਸ਼ਹਿਰ ਵਿੱਚ ਭਾਜਪਾ ਦਫ਼ਤਰ ਦੇ ਨੀਂਹ ਪੱਥਰ ਸਮਾਗਮ ਦੌਰਾਨ ਇੱਕ ਜੇਬ ਕਤਰੇ ਨੇ ਤਿੰਨ ਭਾਜਪਾ ਆਗੂਆਂ ਦੀਆਂ ਜੇਬਾਂ ਕੱਟ ਲਈਆਂ। ਕੇਂਦਰੀ ਤੇ ਸੂਬਾ ਸੁਰੱਖਿਆ ਏਜੰਸੀਆਂ ਦਾ ਸਖ਼ਤ ਘੇਰਾ ਹੋਣ ਦੇ ਬਾਵਜੂਦ ਇਹ ਜੇਬ ਕਤਰਾ ਸੜਕ ਤੋਂ ਸਮਾਗਮ ਸਥਾਨ ਤੱਕ ਅਰੁਣ ਜੇਤਲੀ ਦੇ ਨਾਲ ਚੱਲਦਾ ਹੋਇਆ ਭਾਜਪਾ ਆਗੂਆਂ ਦੀਆਂ ਜੇਬਾਂ ਕੱਟਦਾ ਰਿਹਾ। ਜੇਬ ਕਤਰੇ ਨੇ ਪਹਿਲਾਂ ਸਾਬਕਾ ਮੰਤਰੀ ਤੀਕਸ਼ਣ ਸੂਦ ਦੀ ਜੇਬ ਕੱਟੀ। ਉਸ ਤੋਂ ਬਾਅਦ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਮਦਨ ਮੋਹਨ ਵਿਆਸ ਦੀ ਜੇਬ ਕੱਟੀ। ਉਸ ਨੇ ਜਦੋਂ ਸਾਬਕਾ ਪ੍ਰਧਾਨ ਕਮਲ ਸ਼ਰਮਾ ਦੀ ਜੇਬ ਕੱਟੀ ਤਾਂ ਪਰਸ ਥੱਲੇ ਡਿੱਗ ਪਿਆ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਪ੍ਰਵੀਨ ਬਾਂਸਲ ਨੇ ਉਸ ਨੂੰ ਫੜ ਲਿਆ। ਜੇਬ ਕਤਰੇ ਕੋਲੋਂ ਸਾਬਕਾ ਮੰਤਰੀ ਦਾ ਪਰਸ ਤਾਂ ਬਰਾਮਦ ਹੋ ਗਿਆ ਪਰ ਬਾਕੀ ਦੋ ਭਾਜਪਾ ਆਗੂਆਂ ਦੇ ਪਰਸ ਅਜੇ ਨਹੀਂ ਮਿਲੇ ਹਨ।

 

 

fbbg-image

Latest News
Magazine Archive