ਪਾਕਿਸਤਾਨ ਵੱਲੋਂ ਭਾਰਤੀ ਪਿੰਡਾਂ ਉਤੇ ਗੋਲੀਬਾਰੀ


ਭਾਰਤੀ ਫ਼ੌਜੀ ਤੇ ਪਤਨੀ ਦੀ ਮੌਤ; ਤਿੰਨ ਧੀਆਂ ਜ਼ਖ਼ਮੀ
ਜੰਮੂ - ਪਾਕਿਸਤਾਨੀ ਫੌਜ ਵੱਲੋਂ ਜੰਮੂ ਕਸ਼ਮੀਰ ਦੇ ਜ਼ਿਲ੍ਹੇ ਪੁਣਛ ਵਿੱਚ ਸਰਹੱਦੀ ਚੌਕੀਆਂ ਤੇ ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗੋਲੀਬਾਰੀ ਵਿੱਚ ਇਕ ਫੌਜੀ ਤੇ ਉਸ ਦੀ ਪਤਨੀ ਮਾਰੇ ਗਏ ਅਤੇ ਉਨ੍ਹਾਂ ਦੀਆਂ ਤਿੰਨ ਧੀਆਂ ਜ਼ਖ਼ਮੀ ਹੋ ਗਈਆਂ।
ਰੱਖਿਆ ਤਰਜਮਾਨ ਨੇ ਕਿਹਾ ਕਿ ਪਾਕਿ ਥਲ ਸੈਨਾ ਨੇ ਅੱਜ ਸਵੇਰੇ 6:30 ਵਜੇ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਭਾਰਤੀ ਚੌਕੀਆਂ ਉਪਰ ਛੋਟੇ ਤੇ ਆਟੋਮੈਟਿਕ ਹਥਿਆਰਾਂ ਨਾਲ ਅੰਨ੍ਹੇਵਾਹ ਗੋਲੀਬਾਰੀ ਕੀਤੀ ਅਤੇ ਮੋਰਟਾਰ ਦਾਗੇ। ਭਾਰਤੀ ਜਵਾਨਾਂ ਨੇ ਇਸ ਦਾ ਸਖ਼ਤੀ ਨਾਲ ਜਵਾਬ ਦਿੱਤਾ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਛੁੱਟੀ ਉਤੇ ਚੱਲ ਰਿਹਾ ਟੈਰੀਟੋਰੀਅਲ ਆਰਮੀ ਦਾ ਸਿਪਾਹੀ ਮੁਹੰਮਦ ਸ਼ੌਕਤ ਅਤੇ ਉਸ ਦੀ ਪਤਨੀ ਸਫ਼ੀਆ ਬੀਬੀ ਉਦੋਂ ਮਾਰੇ ਗਏ, ਜਦੋਂ ਪਾਕਿ ਫੌਜ ਵੱਲੋਂ ਚਲਾਇਆ ਇਕ ਮੋਰਟਾਰ ਉਨ੍ਹਾਂ ਦੇ ਘਰ ਨੇੜੇ ਆ ਕੇ ਫਟਿਆ। ਇਸ ਜੋੜੇ ਦੀਆਂ ਤਿੰਨ ਧੀਆਂ ਜ਼ਾਇਦਾ ਕੌਸਰ (6), ਰੋਬਿਨਾ ਕੌਸਰ (12) ਤੇ ਨਾਜ਼ੀਆ ਬੀਬੀ ਅਤੇ ਇਕ ਹੋਰ ਵਿਅਕਤੀ ਫੱਟੜ ਹੋ ਗਿਆ। ਉਨ੍ਹਾਂ ਕਿਹਾ ਕਿ ਪਾਕਿ ਸੈਨਿਕਾਂ ਨੇ ਪਿੰਡਾਂ ਨੂੰ ਨਿਸ਼ਾਨਾ ਬਣਾ ਕੇ ਭਾਰੀ ਗੋਲੀਬਾਰੀ ਕੀਤੀ ਅਤੇ ਖਾਦੀ, ਕਰਮਾੜਾ ਅਤੇ ਗੁਪਲੁਰ ਵਰਗੇ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਪਾਕਿ ਫੌਜ ਨੇ ਪੰਜ ਤੋਂ ਛੇ ਪਿੰਡਾਂ ਉਤੇ ਗੋਲੀਬਾਰੀ ਕੀਤੀ।
ਇਸ ਦੌਰਾਨ ਕਸ਼ਮੀਰ ਦੇ ਜ਼ਿਲ੍ਹੇ ਬਾਂਦੀਪੋਰਾ ਵਿੱਚ ਫੌਜ ਦੀ ਟੁਕੜੀ ਉਤੇ ਅਤਿਵਾਦੀਆਂ ਵੱਲੋਂ ਕੀਤੀ ਗੋਲੀਬਾਰੀ ਵਿੱਚ ਇਕ ਕੈਪਟਨ ਸਣੇ ਤਿੰਨ ਜਵਾਨ ਜ਼ਖ਼ਮੀ ਹੋ ਗਏ। ਇਹ ਹਮਲਾ ਬੀਤੀ ਰਾਤ ਹਾਜਿਨ ਇਲਾਕੇ ਵਿੱਚ ਹੋਇਆ। ਅਤਿਵਾਦੀ ਹਨੇਰੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਏ।
ਪਾਕਿਸਤਾਨ ਵੱਲੋਂ ਭਾਰਤੀ ਡਿਪਟੀ ਹਾਈ ਕਮਿਸ਼ਨਰ ਤਲਬ
ਇਸਲਾਮਾਬਾਦ - ਪਾਕਿਸਤਾਨ ਨੇ ਗੋਲੀਬੰਦੀ ਦੀ ਕਥਿਤ ਉਲੰਘਣਾ ਦੇ ਮੁੱਦੇ ਉਤੇ ਅੱਜ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਜੇ.ਪੀ. ਸਿੰਘ ਨੂੰ ਤਲਬ ਕੀਤਾ। ਇਸ ਦੌਰਾਨ ਭਾਰਤੀ ਡਿਪਲੋਮੈਟ ਨੇ ਪਾਕਿ ਫੌਜੀਆਂ ਦੀ ਗੋਲੀਬਾਰੀ ਵਿੱਚ ਦੋ ਨਾਗਰਿਕਾਂ ਦੀ ਮੌਤ ਹੋਣ ਬਾਰੇ ਵਿਰੋਧ ਦਰਜ ਕਰਵਾਇਆ। ਭਾਰਤੀ ਡਿਪਲੋਮੈਟ ਨੇ ਪਾਕਿਸਤਾਨ ਨੂੰ ਇਹ ਵੀ ਦੱਸਿਆ ਕਿ ਇਸ ਸਾਲ 223 ਦਫ਼ਾ ਗੋਲੀਬੰਦੀ ਦੀ ਉਲੰਘਣਾ ਹੋਈ ਤੇ ਘੁਸਪੈਠ ਦੀਆਂ ਤਕਰੀਬਨ 50 ਕੋਸ਼ਿਸ਼ਾਂ ਹੋਈਆਂ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨਫ਼ੀਸ ਜ਼ਕਾਰੀਆ ਨੇ ਇਕ ਬਿਆਨ ਵਿੱਚ ਕਿਹਾ ਕਿ ਭਾਰਤੀ ਡਿਪਟੀ ਹਾਈ ਕਮਿਸ਼ਨਰ ਨੂੰ ਚਿਰੀਕੋਟ ਅਤੇ ਸਤਵਾਲ ਸੈਕਟਰਾਂ ਵਿੱਚ ਭਾਰਤੀ ਦਸਤਿਆਂ ਵੱਲੋਂ ਕੀਤੀ ਕਥਿਤ ਗੋਲੀਬਾਰੀ ਕਾਰਨ ਤਲਬ ਕੀਤਾ ਗਿਆ ਸੀ।
ਤਿੰਨ ਸ਼ਹਿਰਾਂ ’ਚ ਕਰਫਿਊ; ਅਮਰਨਾਥ ਯਾਤਰਾ ਮੁਲਤਵੀ
ਸ੍ਰੀਨਗਰ - ਅਤਿਵਾਦੀ ਕਮਾਂਡਰ ਬੁਰਹਾਨ ਵਾਨੀ ਦੀ ਪਹਿਲੀ ਬਰਸੀ ਮੌਕੇ ਵੱਖਵਾਦੀਆਂ ਵੱਲੋਂ ਰੈਲੀ ਕਰਨ ਦੀ ਯੋਜਨਾ ਨੂੰ ਨਾਕਾਮ ਕਰਨ ਲਈ ਅਧਿਕਾਰੀਆਂ ਨੇ ਅੱਜ ਵਾਦੀ ਦੇ ਤਿੰਨ ਸ਼ਹਿਰਾਂ ਵਿੱਚ ਕਰਫਿਊ ਲਾ ਦਿੱਤਾ, ਜਦੋਂ ਕਿ ਬਾਕੀ ਥਾਵਾਂ ਉਤੇ ਸਖ਼ਤ ਪਾਬੰਦੀਆਂ ਲਾਈਆਂ ਗਈਆਂ ਹਨ। ਵਾਨੀ ਦੀ ਬਰਸੀ ਕਾਰਨ ਰਾਜ ਵਿੱਚ ਕਾਨੂੰਨ ਵਿਵਸਥਾ ਲਈ ਖ਼ਤਰੇ ਦੀ ਸਥਿਤੀ ਬਣਨ ਕਾਰਨ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਅਮਰਨਾਥ ਯਾਤਰਾ ਮੁਲਤਵੀ ਕਰ ਦਿੱਤੀ ਗਈ।ਅਧਿਕਾਰੀਆਂ ਨੇ ਕਿਹਾ ਕਿ ਰਾਜ ਭਰ ਵਿੱਚ ਪੁਲੀਸ ਤੇ ਅਰਧ ਸੈਨਿਕ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਵੱਖਵਾਦੀਆਂ ਵੱਲੋਂ ਦਿੱਤੇ ਹੜਤਾਲ ਦੇ ਸੱਦੇ ਕਾਰਨ ਵਾਦੀ ਵਿੱਚ ਆਮ ਜੀਵਨ ਪ੍ਰਭਾਵਿਤ ਹੈ। ਪੁਲੀਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਹਤਿਆਤ ਵਜੋਂ ਪੁਲਵਾਮਾ ਜ਼ਿਲ੍ਹੇ ਵਿੱਚ ਪੈਂਦੇ ਵਾਨੀ ਦੇ ਜੱਦੀ ਸ਼ਹਿਰ ਤਰਾਲ ਵਿੱਚ ਕਰਫਿਊ ਲਾਇਆ ਗਿਆ ਹੈ। ਸਈਦ ਅਲੀ ਸ਼ਾਹ ਗਿਲਾਨੀ ਤੇ ਮੀਰਵਾਇਜ਼ ਉਮਰ ਫਾਰੂਕ ਦੀ ਅਗਵਾਈ ਵਾਲੇ ਹੁਰੀਅਤ ਕਾਨਫਰੰਸ ਦੇ ਧੜਿਆਂ ਅਤੇ ਯਾਸੀਨ ਮਲਿਕ ਦੀ ਅਗਵਾਈ ਵਾਲੇ ਜੇਕੇਐਲਐਫ ਸਣੇ ਹੋਰ ਵੱਖਵਾਦੀ ਗੁੱਟਾਂ ਨੇ ਲੋਕਾਂ ਨੂੰ ਤਰਾਲ ਤੱਕ ਮਾਰਚ ਕਰਨ ਦਾ ਸੱਦਾ ਦਿੱਤਾ। ਇਸ ਅਧਿਕਾਰੀ ਨੇ ਕਿਹਾ ਕਿ ਦੱਖਣੀ ਕਸ਼ਮੀਰ ਦੇ ਸ਼ਹਿਰ ਸ਼ੋਪੀਆਂ ਅਤੇ ਉੱਤਰੀ ਕਸ਼ਮੀਰ ਦੇ ਜ਼ਿਲ੍ਹੇ ਕੁਪਵਾੜਾ ਵਿੱਚ ਪੈਂਦੇ ਤ੍ਰੇਹਗਾਮ ਵਿੱਚ ਵੀ ਕਰਫਿਊ ਲਾਇਆ ਗਿਆ ਹੈ। ਇਸ ਤੋਂ ਇਲਾਵਾ ਵਾਦੀ ਦੀਆਂ ਹੋਰ ਥਾਵਾਂ ਉਤੇ ਲੋਕਾਂ ਦੀਆਂ ਗਤੀਵਿਧੀਆਂ ਉਤੇ ਪਾਬੰਦੀਆਂ ਲਾਈਆਂ ਗਈਆਂ ਹਨ।
ਇਸ ਦੌਰਾਨ ਜੰਮੂ ਦੇ ਭਗਵਤੀ ਨਗਰ ਬੇਸ ਕੈਂਪ ਤੋਂ ਅਮਰਨਾਥ ਯਾਤਰਾ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਪਰ ਪਹਿਲਗਾਮ ਤੇ ਬਲਟਾਲ ਬੇਸ ਕੈਂਪਾਂ ਤੋਂ ਯਾਤਰਾ ਜਾਰੀ ਰਹੇਗੀ। ਅੱਜ ਹੋਣ ਵਾਲੀਆਂ ਸਾਰੀਆਂ ਯੂਨੀਵਰਸਿਟੀ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ। ਅੱਜ ਦੁਕਾਨਾਂ ਤੇ ਹੋਰ ਵਪਾਰਕ ਅਦਾਰੇ ਬੰਦ ਰਹੇ, ਜਦੋਂ ਕਿ ਸੜਕਾਂ ਉਤੇ ਵਾਹਨ ਵੀ ਨਹੀਂ ਦਿਸੇ।
 

 
Latest News
Magazine Archive