ਡਮਟਾਲ ਕੋਲ ਦੋ ਬੱਸਾਂ ਦੀ ਸਿੱਧੀ ਟੱਕਰ; 60 ਜ਼ਖ਼ਮੀ


ਪਠਾਨਕੋਟ - ਪਠਾਨਕੋਟ-ਜਲੰਧਰ ਕੌਮੀ ਸ਼ਾਹਰਾਹ ’ਤੇ ਡਮਟਾਲ ਖੇਤਰ ਕੋਲ ਦੋ ਬੱਸਾਂ ਦੀ ਸਿੱਧੀ ਟੱਕਰ ਹੋ ਗਈ। ਇਹ ਟੱਕਰ ਏਨੀ ਜਬਰਦਸਤ ਸੀ ਕਿ ਦੋਹਾਂ ਬੱਸਾਂ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ ਕਰੀਬ 60 ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਾਇਆ ਗਿਆ ਹੈ।
ਕੰਡਵਾਲ ਪੁਲੀਸ ਚੌਕੀ ਮੁਖੀ ਈਸ਼ਵਰ ਪ੍ਰਸ਼ਾਦ ਨੇ ਦੱਸਿਆ ਕਿ ਹਿਮਾਚਲ ਰੋਡਵੇਜ਼ ਦੀ 45 ਯਾਤਰੀਆਂ ਵਾਲੀ ਬੱਸ ਦਿੱਲੀ ਤੋਂ ਚੰਬਾ ਜਾ ਰਹੀ ਸੀ। ਇਸ ਬੱਸ ਨੂੰ ਡਰਾਈਵਰ ਜੁਗਿੰਦਰ ਸਿੰਘ ਚਲਾ ਰਿਹਾ ਸੀ ਤੇ ਉਸ ਨਾਲ ਸਹਿ ਚਾਲਕ ਮਾਨ ਸਿੰਘ ਸੀ। ਕੌਮੀ ਸ਼ਾਹਰਾਹ ’ਤੇ ਸਵੇਰੇ ਕਰੀਬ 3 ਵਜੇ ਡਮਟਾਲ ਸਥਿਤ ਦੁਰਗਾ ਮੰਦਰ ਕੋਲ ਬੱਸ ਦੀ ਕੱਟੜਾ ਤੋਂ ਕੈਥਲ ਜਾ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਨਾਲ ਸਿੱਧੀ ਟੱਕਰ ਹੋ ਗਈ। ਇਸ ਹਾਦਸੇ ਵਿੱਚ ਹਿਮਾਚਲ ਰੋਡਵੇਜ਼ ਬੱਸ ਦੇ ਚਾਲਕ ਅਤੇ ਸਹਿ ਚਾਲਕ ਸਣੇ ਦੋਵਾਂ ਬੱਸਾਂ ਦੀਆਂ ਕਰੀਬ 60 ਸਵਾਰੀਆਂ ਜ਼ਖ਼ਮੀ ਹੋ ਗਈਆਂ। ਟੱਕਰ ਏਨੀ ਜਬਰਦਸਤ ਸੀ ਕਿ ਦੋਵਾਂ ਬੱਸਾਂ ਵਿੱਚੋਂ ਅੱਗ ਦੀਆਂ ਲਾਟਾਂ ਨਿਕਲਣ ਲੱਗੀਆਂ ਤੇ ਯਾਤਰੀ ਤੇਜ਼ੀ ਨਾਲ ਬਾਹਰ ਆਏ। ਹਾਦਸੇ ਦੀ ਸੂਚਨਾ ਮਿਲਦੇ ਹੀ ਡਮਟਾਲ ਅਤੇ ਕੰਡਵਾਲ ਪੁਲੀਸ ਮੌਕੇ ’ਤੇ ਪੁੱਜ ਗਈ। ਥਾਣਾ ਮੁਖੀ ਈਸ਼ਵਰ ਪ੍ਰਸ਼ਾਦ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਸਵਾਰੀਆਂ ਨੂੰ ਹਸਪਤਾਲ ਪਹੁੰਚਾਇਆ। ਇਸ ਮਗਰੋਂ ਨੂਰਪੁਰ ਦੇ ਡੀਐਸਪੀ ਮੇਘਨਾਥ ਚੌਹਾਨ ਸਿਵਲ ਹਸਪਤਾਲ ਪਠਾਨਕੋਟ ਪੁੱਜੇ ਅਤੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ।
ਇਸ ਹਾਦਸੇ ਵਿੱਚ ਹਿਮਾਚਲ ਪ੍ਰਦੇਸ਼ ਦੇ ਅਨਿਲ ਕੁਮਾਰ ਵਾਸੀ ਡਲਹੌਜ਼ੀ, ਅਸ਼ੋਕ ਕੁਮਾਰ ਵਾਸੀ ਗੁੜਾ ਛੱਪੜ (ਚੰਬਾ), ਵਿਨੋਦ ਕੁਮਾਰ ਵਾਸੀ ਚੌਤੜ (ਚੰਬਾ), ਮਾਨ ਸਿੰਘ ਵਾਸੀ ਡਲਹੌਜ਼ੀ, ਜੁਗਿੰਦਰ ਸਿੰਘ ਵਾਸੀ ਸਮੱਕੜ ਧਮੇਟਾ ਤੇ ਯੋਗਰਾਜ ਵਾਸੀ ਪਿੰਡ ਬਾਰੀਈ (ਚੰਬਾ) ਤੋਂ ਇਲਾਵਾ ਪ੍ਰੇਮ ਕੁਮਾਰ ਵਾਸੀ ਅਵਾਂਖਾ (ਦੀਨਾਨਗਰ), ਸੁਮਿਤ ਕੁਮਾਰ ਵਾਸੀ ਅਵਾਂਖਾ, ਰੇਣੂ ਕੁਕਰੇਜਾ ਵਾਸੀ ਫਰੀਦਾਬਾਦ, ਅਜੀਤ ਸਿੰਘ ਵਾਸੀ ਫਰੀਦਾਬਾਦ, ਮੋਨਿਕਾ ਵਾਸੀ ਪਿੰਡ ਸਾਲ (ਚੰਬਾ), ਸੁਮਨ ਵਾਸੀ ਪਿੰਡ ਸਾਲ (ਚੰਬਾ), ਸ਼੍ਰਿੰਗ ਪਲਮੋ ਵਾਸੀ ਗਾਂਧੀ ਚੌਕ ਡਲਹੌਜ਼ੀ, ਸ਼ੰਪਾ ਵਾਸੀ ਡਲਹੌਜ਼ੀ, ਨੀਲਮ ਵਾਸੀ ਫੌਲਗਤ (ਚੰਬਾ), ਅਰੁਣ ਕੁਮਾਰ ਵਾਸੀ ਫੌਲਗਤ, ਮਹਿੰਦਰ ਸਿੰਘ ਵਾਸੀ ਪਿੰਡ ਟਰਵਾਲ (ਡਲਹੌਜ਼ੀ), ਕੁਲਦੀਪ ਸਿੰਘ ਵਾਸੀ ਕੁਈ (ਚੰਬਾ), ਅੰਗਰੇਜ਼ ਠਾਕੁਰ ਵਾਸੀ ਪਿੰਡ ਮੰਡੋਹ (ਚੰਬਾ), ਕਰਣ ਗੁਪਤਾ ਵਾਸੀ ਪਿੰਡ ਆਦਮਪੁਰ, ਸੰਜੀਵ ਗੁਪਤਾ ਵਾਸੀ ਆਦਮਪੁਰ, ਕਣਿਕਾ ਗੁਪਤਾ ਵਾਸੀ ਆਦਮਪੁਰ, ਦਿਸ਼ਾ ਗੁਪਤਾ ਵਾਸੀ ਆਦਮਪੁਰ ਆਦਿ ਜ਼ਖ਼ਮੀ ਹੋ ਗਏ।

 

 

fbbg-image

Latest News
Magazine Archive