ਸਲਾਹੂਦੀਨ ਨੇ ਭਾਰਤ ’ਚ ਦਹਿਸ਼ਤੀ ਹਮਲਿਆਂ ਦੀ ਗੱਲ ਕਬੂਲੀ


ਇਸਲਾਮਾਬਾਦ - ਅਮਰੀਕਾ ਵੱਲੋਂ ਕੁਝ ਦਿਨ ਪਹਿਲਾਂ ਆਲਮੀ ਦਹਿਸ਼ਤਗਰਦ ਨਾਮਜ਼ਦ ਕੀਤੇ ਗਏ ਸੱਯਦ ਸਲਾਹੂਦੀਨ ਨੇ ਇੱਕ ਟੀਵੀ ਚੈਨਲ ਦੇ ਇੰਟਰਵਿਊ ’ਚ ਕਬੂਲ ਕੀਤਾ ਹੈ ਕਿ ਉਸ ਦੀ ਜਥੇਬੰਦੀ ਹਿਜ਼ਬੁਲ ਮੁਜਾਹਿਦੀਨ ਵੱਲੋਂ ਭਾਰਤ ’ਚ ਦਹਿਸ਼ਤੀ ਹਮਲੇ ਕੀਤੇ ਗਏ ਹਨ। ਮਕਬੂਜ਼ਾ ਕਸ਼ਮੀਰ ’ਚੋਂ ਆਪਣੀਆਂ ਸਰਗਰਮੀਆਂ ਚਲਾਉਣ ਵਾਲੇ ਸਲਾਹੂਦੀਨ ਨੇ ਪਾਕਿਸਤਾਨੀ ਚੈਨਲ ‘ਜੀਓ ਟੀਵੀ’ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਉਹ ‘ਭਾਰਤ ’ਚ ਕਿਸੇ ਵੀ ਸਮੇਂ, ਕਿਸੇ ਵੀ ਥਾਂ ’ਤੇ ਹਮਲੇ’ ਕਰ ਸਕਦਾ ਹੈ। ਚੈਨਲ ਨਾਲ ਇੰਟਰਵਿਊ ਦੌਰਾਨ ਉਸ ਨੇ ਕਿਹਾ ਕਿ ਦਹਿਸ਼ਤੀ ਹਮਲਿਆਂ ਲਈ ਹਥਿਆਰ ਉਸ ਨੂੰ ਪਾਕਿਸਤਾਨ ’ਚ ਅਸਾਨੀ ਨਾਲ ਮਿਲ ਜਾਂਦੇ ਹਨ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਤੋਂ ਐਨ ਪਹਿਲਾਂ ਟਰੰਪ ਪ੍ਰਸ਼ਾਸਨ ਨੇ 71 ਵਰ੍ਹਿਆਂ ਦੇ ਦਹਿਸ਼ਤੀ ਆਗੂ ਸਲਾਹੂਦੀਨ ਨੂੰ ਆਲਮੀ ਦਹਿਸ਼ਤਗਰਦ ਨਾਮਜ਼ਦ ਕਰ ਦਿੱਤਾ ਸੀ। ਪਾਕਿਸਤਾਨ ਨੇ ਸਲਾਹੂਦੀਨ ਦੀ ਹਮਾਇਤ ਕਰਦਿਆਂ ਕਿਹਾ ਸੀ ਕਿ ਅਮਰੀਕਾ ਦਾ ਇਹ ਕਦਮ ਬੇਇਨਸਾਫ਼ੀ ਵਾਲਾ ਹੈ ਕਿਉਂਕਿ ਕਸ਼ਮੀਰੀਆਂ ਦੇ ਸਵੈ ਨਿਰਣੈ ਦੇ ਹੱਕਾਂ ਦੀ ਹਮਾਇਤ ਕਰਨ ਵਾਲਿਆਂ ਨੂੰ ਦਹਿਸ਼ਤਗਰਦ ਆਖਣਾ ਸਹੀ ਨਹੀਂ ਹੈ। ਸਲਾਹੂਦੀਨ ਦਾ ਨਾਮ ਲਏ ਬਿਨਾਂ ਪਾਕਿਸਤਾਨ ਨੇ ਕਿਹਾ ਸੀ ਕਿ ਉਹ ਕਸ਼ਮੀਰੀ ਲੋਕਾਂ ਦੇ ਸੰਘਰਸ਼ ਨੂੰ ਸਿਆਸੀ, ਕੂਟਨੀਤਕ ਅਤੇ ਨੈਤਿਕ ਪੱਖੋਂ ਹਮਾਇਤ ਦਿੰਦਾ ਰਹੇਗਾ। ਸਲਾਹੂਦੀਨ ਨੇ ਵੀ ਮਕਬੂਜ਼ਾ ਕਸ਼ਮੀਰ ’ਚ ਪ੍ਰੈਸ ਕਾਨਫਰੰਸ ਕਰ ਕੇ ਆਖਿਆ ਕਿ ਉਹ ‘ਦਹਿਸ਼ਤਗਰਦ ਨਹੀਂ ਸਗੋਂ ਆਜ਼ਾਦੀ ਘੁਲਾਟੀਆ’ ਹੈ।
ਪਾਕਿਸਤਾਨ ਨੇ ਅਮਰੀਕਾ ਵੱਲੋਂ ਹਿਜ਼ਬੁਲ ਮੁਜਾਹਿਦੀਨ ਮੁਖੀ ਸੱਯਦ ਸਲਾਹੂਦੀਨ ਨੂੰ ਆਲਮੀ ਦਹਿਸ਼ਤਗਰਦ ਨਾਮਜ਼ਦ ਕਰਨ ਦੇ ਫ਼ੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਦੇ ਵਿਦੇਸ਼ ਮਾਮਲਿਆਂ ਬਾਰੇ ਸਲਾਹਕਾਰ ਸਰਤਾਜ ਅਜ਼ੀਜ਼ ਨੇ ਕਿਹਾ ਕਿ ਇਹ ਸੰਯੁਕਤ ਰਾਸ਼ਟਰ ਦਾ ਫ਼ੈਸਲਾ ਨਹੀਂ ਹੈ ਸਗੋਂ ਟਰੰਪ ਪ੍ਰਸ਼ਾਸਨ ਨੇ ਭਾਰਤ ਨੂੰ ਖ਼ੁਸ਼ ਕਰਨ ਲਈ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਕਸ਼ਮੀਰ ਦੇ ਮਸਲੇ ਨੂੰ ਲੰਬੇ ਸਮੇਂ ਤੋਂ ਅਣਗੌਲਿਆਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਸਥਾਨਕ ਪੱਧਰ ’ਤੇ ਮੁਜ਼ਾਹਰਿਆਂ ਨੇ ਭਾਰਤੀ ਪੱਖ ਨੂੰ ਬਦਲ ਕੇ ਰੱਖ ਦਿੱਤਾ ਹੈ। ਅਜ਼ੀਜ਼ ਨੇ ਕਿਹਾ ਕਿ ਕਸ਼ਮੀਰ ਮੁੱਦੇ ਨੂੰ ਏਜੰਡੇ ’ਤੇ ਰੱਖੇ ਬਿਨਾਂ ਭਾਰਤ ਨਾਲ ਗੱਲਬਾਤ ਕਰਨ ਦਾ ਕੋਈ ਸਵਾਲ ਨਹੀਂ ਹੈ। ਉਂਜ ਪਾਕਿਸਤਾਨ ਆਪਣੇ ਗੁਆਂਢੀਆਂ ਨਾਲ ਸਾਰੇ ਮੁੱਦਿਆਂ ’ਤੇ ਵਾਰਤਾ ਕਰਨ ਦਾ ਇਛੁੱਕ ਹੈ।
ਭਾਰਤ ਦੇ ਪੱਖ ਦੀ ਹੋਈ ਤਸਦੀਕ
ਨਵੀਂ ਦਿੱਲੀ - ਭਾਰਤੀ ਗ੍ਰਹਿ ਮੰਤਰਾਲੇ ਨੇ ਹਿਜ਼ਬੁਲ ਮੁਜਾਹਿਦੀਨ ਮੁਖੀ ਸੱਯਦ ਸਲਾਹੂਦੀਨ ਵੱਲੋਂ ਭਾਰਤ ਖ਼ਿਲਾਫ਼ ਉਗਲੇ ਜ਼ਹਿਰ ਦੀ ਅੱਜ ਆਲੋਚਨਾ ਕਰਦਿਆਂ ਕਿਹਾ ਕਿ ਅਮਰੀਕਾ ਵੱਲੋਂ ਉਸ ਨੂੰ ਆਲਮੀ ਦਹਿਸ਼ਤਗਰਦ ਨਾਮਜ਼ਦ ਕਰਨਾ ਬਿਲਕੁਲ ਠੀਕ ਹੈ। ਗ੍ਰਹਿ ਮੰਤਰਾਲੇ ਦੇ ਤਰਜਮਾਨ ਅਸ਼ੋਕ ਪ੍ਰਸਾਦ ਨੇ ਕਿਹਾ ਕਿ ਸਰਕਾਰ ਲੰਬੇ ਸਮੇਂ ਤੋਂ ਸਲਾਹੂਦੀਨ ਨੂੰ ਦਹਿਸ਼ਤਗਰਦ ਆਖਦੀ ਆ ਰਹੀ ਹੈ ਅਤੇ ਹੁਣ ਉਸ ਦੇ ਬਿਆਨਾਂ ਨੇ ਇਸ ਦੀ ਤਸਦੀਕ ਕਰ ਦਿੱਤੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਪ੍ਰਸਾਦ ਨੇ ਕਿਹਾ ਕਿ ਸਲਾਹੂਦੀਨ ਦਹਿਸ਼ਤਗਰਦਾਂ ਦੇ ਨਾਲ ਨਾਲ ਵੱਖਵਾਦੀਆਂ ਨੂੰ ਫੰਡ ਮੁਹੱਈਆ ਕਰਵਾਉਣ ਤੋਂ ਇਲਾਵਾ ਉਨ੍ਹਾਂ ਹੋਰ ਸਹਾਇਤਾ ਵੀ ਦਿੰਦਾ ਸੀ।
 

 

 

fbbg-image

Latest News
Magazine Archive