ਤਿੰਨ ਜ਼ੋਨ ਖਤਮ ਕਰਕੇ ਬਣਾਈਆਂ ਜਾਣਗੀਆਂ ਸੱਤ ਪੁਲੀਸ ਰੇਂਜਾਂ


 

ਚੰਡੀਗੜ੍ਹ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲੀਸ ਵਿਭਾਗ ਵਿੱਚ ਵਿਆਪਕ ਸੁਧਾਰ ਕਰਦਿਆਂ ਸੂਬੇ ਵਿੱਚ ਤਿੰਨ ਜ਼ੋਨ ਖਤਮ ਕਰਕੇ ਸੱਤ ਪੁਲੀਸ ਰੇਂਜਾਂ ਕਾਇਮ ਕਰਨ ਦਾ ਐਲਾਨ ਕੀਤਾ ਹੈ। ਰੇਂਜਾਂ ਦੇ ਇੰਚਾਰਜ ਆਈ.ਜੀ. ਪੱਧਰ ਦੇ ਅਧਿਕਾਰੀ ਹੋਣਗੇ। ਪਹਿਲਾਂ ਤੋਂ ਬਣੀ ਬਾਰਡਰ ਰੇਂਜ ਦੇ ਇੰਚਾਰਜ ਐਸਟੀਐਫ ਮੁਖੀ ਐਚ.ਐੱਸ. ਸਿੱਧੁੂ ਅਤੇ ਡੀਜੀਪੀ ਦੋਵੇਂ ਹੋਣਗੇ। ਇਸ ਲਈ ਸਿੱਧੂ ਦੀ ਬਾਰਡਰ ਰੇਂਜ ਦੀ ਬਦਲੀ ਕਰ ਦਿੱਤੀ ਹੈ। ਜ਼ਿਲ੍ਹਾ ਪੁਲੀਸ ਮੁਖੀ ਅਤੇ ਆਈ.ਜੀ. ਦਾ ਘੱਟੋ-ਘੱਟ ਇੱਕ ਸਾਲ ਦਾ ਕਾਰਜਕਾਲ ਹੋਵੇਗਾ, ਉਸ ਤੋਂ ਪਹਿਲਾਂ ਉਨ੍ਹਾਂ ਦੀ ਬਦਲੀ ਨਹੀਂ  ਕੀਤੀ ਜਾਵੇਗੀ। ਸੱਤ ਪੁਲੀਸ ਰੇਂਜਾਂ ਵਿੱਚ ਅੰਮ੍ਰਿਤਸਰ, ਬਠਿੰਡਾ, ਪਟਿਆਲਾ, ਫਿਰੋਜ਼ਪੁਰ, ਜਲੰਧਰ, ਰੋਪੜ ਤੇ ਲੁਧਿਆਣਾ ਸ਼ਾਮਲ ਹਨ। ਰੇਂਜਾਂ ਦੇ ਸਮੁੱਚੇ ਕੰਮਕਾਜ ਦੀ ਜ਼ਿੰਮੇਵਾਰੀ ਆਈ.ਜੀ. ਹੀ ਲੈਣਗੇ। ਇੱਕ ਰੇਂਜ ਵਿੱਚ ਤਿੰਨ ਤੋਂ ਚਾਰ ਜ਼ਿਲ੍ਹੇ ਸ਼ਾਮਲ ਕੀਤੇ ਗਏ ਹਨ। ਇਸ ਦੇ ਨਾਲ ਚਾਰ ਏਡੀਜੀਪੀ ਨੂੰ ਤਰੱਕੀਆਂ  ਦੇ ਕੇ ਡੀਜੀਪੀ ਬਣਾ ਦਿੱਤਾ ਹੈ।
ਸਨਅਤੀ ਨੀਤੀ ਛੇਤੀ: ਇੱਥੇ ਆਪਣੀ ਰਿਹਾਇਸ਼ ’ਤੇ ਮੀਡੀਆ ਨਾਲ ਗੱਲਬਾਤ ਕਰਦਿਆ ਮੁੱਖ ਮੰਤਰੀ ਨੇ ਕਿਹਾ ਕਿ ਛੇਤੀ ਸਨਅਤੀ ਨੀਤੀ ਤੇ ਟਰਾਂਸਪੋਰਟ ਨੀਤੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਕੋਲ 1400 ਮੈਗਾਵਾਟ ਸਰਪਲੱਸ ਬਿਜਲੀ ਹੈ, ਜਿਹੜੀ ਸਨਅਤਾਂ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਪਣੇ ਪਲਾਂਟਾਂ ਤੋਂ ਬਿਜਲੀ ਮਹਿੰਗੀ ਮਿਲ ਰਹੀ ਹੈ, ਜਦੋਂਕਿ ਰਿਲਾਇੰਸ ਤੇ ਹੋਰ ਕੰਪਨੀਆਂ ਪੌਣੇ ਦੋ ਰੁਪਏ ਯੁੂਨਿਟ ਦੇ ਹਿਸਾਰ ਨਾਲ ਬਿਜਲੀ ਦੇਣ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਬਿਜਲੀ ਵੇਚਣ ਬਾਰੇ ਪ੍ਰਧਾਨ ਮੰਤਰੀ ਨਾਲ ਗੱਲ ਕੀਤੀ ਹੈ ਤੇ ਉਨ੍ਹਾਂ ਨੇ ਇਸ ਬਾਰੇ ਹਾਮੀ ਭਰ ਦਿੱਤੀ ਪਰ ਉਸ ਦੇਸ਼ ਨਾਲ ਤਣਾਅ ਦੇ ਚਲਦਿਆਂ ਗੱਲ ਸਿਰੇ ਨਹੀਂ ਲੱਗ ਰਹੀ। ਸੂਬੇ ਦੇ ਸਨਅਤੀ ਮਾਹੌਲ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਆਈ.ਟੀ. ਸੈਕਟਰ ਦੇ ਵਿਕਾਸ ਦੀਆਂ ਸੰਭਾਵਨਾਵਾਂ ਚੰਗੀਆਂ ਹਨ।
ਅੰਗਰੇਜ਼ੀ ਲਾਗੂ ਹੋਵੇਗੀ: ਉਨ੍ਹਾਂ ਸਿੱਖਿਆ ਖੇਤਰ ਬਾਰੇ ਕਿਹਾ ਕਿ ਪ੍ਰਾਇਮਰੀ ਤੋਂ ਅੰਗਰੇਜ਼ੀ ਦੀ ਪੜ੍ਹਾਈ ਛੇਤੀ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹਰੇਕ ਬਲਾਕ ਦੇ ਇੱਕ ਇੱਕ ਸਕੂਲ ਵਿੱਚ ਦਸਵੀਂ ਤੋਂ ਫਰੈਂਚ, ਚੀਨੀ ਤੇ ਇਟਾਲੀਅਨ ਦੀ ਪੜ੍ਹਾਈ ਆਪਸ਼ਨਲ ਵਿਸ਼ੇ ਵਜੋਂ ਕਰਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਟੈਕਨੀਕਲ ਯੂਨੀਵਰਸਿਟੀ ਦੇ ਵੀ.ਸੀ. ਅਦਾਕਮਿਕ ਖੇਤਰ ਵਿੱਚੋਂ ਹੀ ਚੁਣੇ ਜਾਣਗੇ। ਕੇਬਲ ਮਾਫ਼ੀਆ ਤੇ ਖ਼ਾਸ ਕਰਕੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਫਾਸਟ ਵੇਅ ’ਤੇ ਕਾਨੂੰਨ ਦੀਆਂ ਧੱਜੀਆਂ ਉਡਾਉਣ ਦੇ ਦੋਸ਼ਾਂ ਸਬੰਧੀ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਸਿੱਧੁੂ ਹਰੇਕ ਕੰਮ ਕਰਨ ਤੋਂ ਪਹਿਲਾਂ ਆਪਣਾ ਪੂਰਾ ਹੋਮਵਰਕ ਕਰਦੇ ਹਨ ਤੇ ਉਹ ਪੂਰੀ ਤਿਆਰੀ ਨਾਲ ਮੀਟਿੰਗਾਂ ਵਿੱਚ ਆਉਂਦੇ ਹਨ। ਉਨ੍ਹਾਂ ਨੇ ਜਿਹੜੀ ਵੀ ਗੱਲ ਕੀਤੀ ਹੈ, ਉਹ ਸਹੀ ਹੈ। ਇਸ ਸਬੰਧੀ ਵਿਭਾਗ ਦੇ ਸਕੱਤਰ ਕੋਲੋਂ ਰਿਪੋਰਟ ਮੰਗ ਲਈ ਹੈ।
ਮੁੱਖ ਮੰਤਰੀ ਨੇ ਕਿਸਾਨੀ ਦੇ ਕਰਜ਼ੇ ਬਾਰੇ ਸਪੱਸ਼ਟ ਕੀਤਾ ਕਿ ਸਰਕਾਰ 9500 ਕਰੋੜ ਦਾ ਕਰਜ਼ਾ ਮੁਆਫ਼ ਕਰੇਗੀ। ਆੜ੍ਹਤੀਆਂ ਦੇ ਵਿਆਜ ਅਤੇ ਕਰਜ਼ੇ ਦਾ ਹੱਲ ਕੱਢਣ ਲਈ ਦੋ-ਤਿੰਨਾਂ ਵਿੱਚ ਆੜ੍ਹਤੀਆਂ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨਗੇ। ਆੜ੍ਹਤੀਆਂ ਦੇ ਕਰਜ਼ੇ ਦਾ ਵੀ ਨਿਬੇੜਾ ਵੀ ਕਰਵਾਇਆ ਜਾਵੇਗਾ। ਕਿਸਾਨਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਹਰ ਤਿੰਨ ਮਹੀਨਿਆਂ ਬਾਅਦ ਆਗੂਆਂ ਨਾਲ ਮੀਟਿੰਗ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸੱਟ ਲੱਗਣ ਕਾਰਨ ਉਹ ਸੂਬੇ ਦੇ ਦੌਰੇ ’ਤੇ ਨਹੀਂ ਜਾ ਸਕੇ। ਉਹ 12 ਅਗਸਤ ਨੂੰ ਨਾਭੇ ਜਾਣਗੇ ਤੇ ਉਸ ਤੋਂ ਬਾਅਦ ਹੋਰ ਪ੍ਰੋਗਰਾਮ ਵੀ ਬਣਾਏ ਜਾਣਗੇ।
ਮੁੱਖ ਮੰਤਰੀ ਦੀ ਦਿੱਲੀ ਫੇਰੀ 6 ਤੋਂ
ਕੈਪਟਨ ਅਮਰਿੰਦਰ ਸਿੰਘ 6 ਜੁਲਾਈ ਨੂੰ ਦਿੱਲੀ ਜਾਣਗੇ। ਉਹ ਕਾਂਗਰਸ ਦੇ ਕੌਮੀ ਮੀਤ ਪ੍ਰਧਾਨ ਰਾਹੁਲ ਗਾਂਧੀ ਨਾਲ ਮੀਟਿੰਗ ਕਰਨਗੇ। ਇਸ ਮੀਟਿੰਗ ਦੌਰਾਨ ਕੈਬਨਿਟ ਵਿੱਚ ਵਾਧੇ, ਸੰਸਦੀ ਸਕੱਤਰਾਂ ਅਤੇ ਚੇਅਰਮੈਨਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਸੰਸਦੀ ਸਕੱਤਰ ਲਾਉਣ ਬਾਰੇ ਕਾਨੂੰਨੀ ਮਾਹਿਰਾਂ ਕੋਲੋਂ ਲਈ ਰਾਇ ਲਈ ਗਈ ਹੈ, ਇਸੇ ਅਨੁਸਾਰ ਹੀ ਸੰਸਦੀ ਸਕੱਤਰ ਲਾਏ ਜਾਣਗੇ।

 

 

fbbg-image

Latest News
Magazine Archive