ਟੋਏ ’ਚ ਡੁੱਬਣ ਨਾਲ ਪਰਿਵਾਰ ਦੇ ਤਿੰਨ ਬੱਚਿਆਂ ਦੀ ਮੌਤ


*   ਝੋਨਾ ਲਾਉਣ ਆਇਆ ਸੀ ਪਰਵਾਸੀ ਮਜ਼ਦੂਰ ਪਰਿਵਾਰ
ਕਪੂਰਥਲਾ - ਝੋਨਾ ਲਾਉਣ ਪੰਜਾਬ ਆਏ ਇਕ ਪਰਵਾਸੀ ਪਰਿਵਾਰ ’ਤੇ ਉਦੋਂ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਨ੍ਹਾਂ ਨੂੰ ਖੇਤਾਂ ਵਿੱਚ ਝੋਨਾ ਲਾਉਂਦੇ ਸਮੇਂ ਰੋਟੀ ਦੇ ਕੇ ਮੁੜਦੇ ਸਮੇਂ ਉਨ੍ਹਾਂ ਦੇ ਤਿੰਨ ਬੱਚਿਆਂ ਦੀ ਡੂੰਘੇ ਟੋਏ ਵਿੱਚ ਡਿੱਗ ਕੇ ਡੁੱਬਣ ਕਾਰਨ ਮੌਤ ਹੋ ਗਈ। ਇਹ ਬੱਚੇ ਆਪਸ ਵਿੱਚ ਭੈਣ ਭਰਾ ਸਨ।
ਜਾਣਕਾਰੀ ਅਨੁਸਾਰ ਥਾਣਾ ਕੋਤਵਾਲੀ ਅਧੀਨ ਪੈਂਦੇ ਪਿੰਡ ਅਲੋਦੀਪੁਰ ਵਿੱਚ ਸਵੇਰੇ 11 ਵਜੇ ਦੇ ਕਰੀਬ ਖੇਤਾਂ ਵਿੱਚ ਝੋਨੇ ਦੀ ਫਸਲ ਲਗਾ ਰਹੇ ਜੋਗਿੰਦਰ ਰਿਸ਼ੀਕੇਸ਼ ਅਤੇ ਉਸ ਦੀ ਪਤਨੀ ਖਿਰਵਾ ਦੇਵੀ ਨੂੰ ਉਨ੍ਹਾਂ ਦੇ ਤਿੰਨ ਬੱਚੇ 12 ਸਾਲਾ ਲੜਕਾ ਰਾਜਾ, 7 ਸਾਲਾ ਲੜਕੀ ਸ਼ੋਭਾ ਅਤੇ 3 ਸਾਲਾ ਲੜਕੀ ਗੋਰੀ ਦੁਪਹਿਰ ਦੀ ਰੋਟੀ ਦੇ ਕੇ ਪਰਤ ਰਹੇ ਸਨ, ਕਿ ਉਹ ਪਿੰਡ ਵਿੱਚ ਇੱਟਾਂ ਬਣਾਉਣ ਲਈ ਪੁੱਟੀ ਮਿੱਟੀ ਕਾਰਨ ਬਣੇ ਕਰੀਬ 12 ਫੁੱਟ ਡੂੰਘੇ ਟੋਏ ਵਿੱਚ ਡਿੱਗ ਕੇ ਡੁੱਬ ਗਏ। ਸਮਝਿਆ ਜਾਂਦਾ ਹੈ ਕਿ ਪਾਣੀ ਭਰਿਆ ਹੋਣ ਕਾਰਨ ਨਿਆਣਿਆਂ ਨੂੰ ਟੋਏ ਦਾ ਪਤਾ ਨਾ ਲੱਗਾ।
ਡੀਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਪਿੰਡ ਅਲੋਦੀਪੁਰ ਦੇ ਇੱਟਾਂ ਵਾਲੇ ਭੱਠੇ ਦੇ ਨੇੜੇ ਕਰੀਬ ਛੇ ਮਹੀਨੇ ਤੋਂ ਜੋਗਿੰਦਰ ਰਿਸ਼ੀਕੇਸ਼ ਆਪਣੀ ਪਤਨੀ ਖਿਰਵਾ ਦੇਵੀ ਅਤੇ ਚਾਰ ਬੱਚਿਆਂ ਨਾਲ ਰਹਿ ਰਿਹਾ ਹੈ। ਅੱਜ ਉਹ ਭੱਠੇ ਨੇੜਲੀ ਜ਼ਮੀਨ ਵਿੱਚ ਝੋਨਾ ਲਾ ਰਹੇ ਸਨ। ਟੋਏ ਵਿੱਚ ਡਿੱਗਣ ਪਿੱਛੋਂ ਬੱਚਿਆਂ ਨੇ ਜਾਨ ਬਚਾਉਣ ਲਈ ਹੱਥ ਪੈਰ ਮਾਰੇ ਤਾਂ ਨੇੜੇ ਝੁੱਗੀ ਵਿੱਚ ਬੈਠੀ ਉਨ੍ਹਾਂ ਦੀ ਪੰਜ ਸਾਲਾ ਭੈਣ ਮਹਾਵਤੀ ਨੇ ਉਨ੍ਹਾਂ ਨੂੰ ਵੇਖ ਲਿਆ ਤੇ ਭੈਣ ਭਰਾਵਾਂ ਨੂੰ ਬਚਾਉਣ ਲਈ ਦੌੜ ਕੇ ਕੋਲ ਪੁੱਜੀ ਅਤੇ ਰੌਲਾ ਪਾਇਆ। ਧੀ ਦੀਆਂ ਚੀਕਾਂ ਸੁਣ ਕੇ ਜੋਗਿੰਦਰ ਤੇ ਹੋਰ ਮਜ਼ਦੂਰ ਭੱਜ ਕੇ ਆਏ ਤੇ ਉਨ੍ਹਾਂ ਬੱਚਿਆਂ ਨੂੰ ਬਚਾਉਣ ਦਾ ਯਤਨ ਕੀਤਾ ਪਰ ਉਦੋਂ ਬੱਚਿਆਂ ਦੀ ਮੌਤ ਹੋ ਚੁੱਕੀ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਕੋਤਵਾਲੀ ਦੇ ਐਸਐਚਓ ਹਰਗੁਰਦੇਵ ਸਿੰਘ ਪੁਲੀਸ ਪਾਰਟੀ ਸਣੇ ਪੁੱਜੇ ਤੇ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ। ਪੁਲੀਸ ਇਸ ਸਬੰਧੀ ਦਫ਼ਾ 174 ਦੀ ਕਾਰਵਾਈ ਕਰ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਲਾਸ਼ਾਂ ਦਾ ਪੋਸਟ ਮਾਰਟਮ ਨਹੀਂ ਕੀਤਾ ਗਿਆ। ਪੁਲੀਸ ਵੱਲੋਂ ਇੱਟਾਂ ਲਈ ਟੋਏ ਪੁੱਟਣ ਵਾਲੇ ਭੱਠਾ ਮਾਲਕਾਂ ਖ਼ਿਲਾਫ਼ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ।

 

 

fbbg-image

Latest News
Magazine Archive