ਰਾਸ਼ਟਰਪਤੀ ਚੋਣ: ਕੋਵਿੰਦ ਦਾ ਪੱਲੜਾ ਭਾਰੀ


 

ਨਵੀਂ ਦਿੱਲੀ - ਆਸਾਨ ਜਿੱਤ ਵੱਲ ਵਧ ਰਹੇ ਐਨਡੀਏ ਉਮੀਦਵਾਰ ਰਾਮ ਨਾਥ ਕੋਵਿੰਦ ਨੂੰ ਰਾਸ਼ਟਰਪਤੀ ਦੀ ਚੋਣ ਵਿੱਚ 62 ਫ਼ੀਸਦ ਤੋਂ ਵੱਧ ਵੋਟਾਂ ਮਿਲ ਸਕਦੀਆਂ ਪਰ ਇਹ 2012 ਵਿੱਚ ਮੌਜੂਦਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਪਈਆਂ 69 ਫ਼ੀਸਦ ਵੋਟਾਂ ਤੋਂ ਘੱਟ ਹੋਣਗੀਆਂ। ਪਲੇਠੀ ਦਲਿਤ ਬਨਾਮ ਦਲਿਤ ਰਾਸ਼ਟਰਪਤੀ ਚੋਣ ਵਿੱਚ ਭਗਵਾਂ ਬ੍ਰਿਗੇਡ ਦੇ ਉਮੀਦਵਾਰ ਕੋਵਿੰਦ, ਜਿਨ੍ਹਾਂ ਨੂੰ ਤਕਰੀਬਨ ਸੱਤ ਲੱਖ ਵੋਟਾਂ ਮਿਲਣਗੀਆਂ ਜੋ ਕੁੱਲ 1098903 ਵੋਟਾਂ ਦਾ ਤਕਰੀਬਨ ਦੋ ਤਿਹਾਈ ਬਣਦਾ ਹੈ, ਦਾ ਪਲੜਾ ਭਾਰੀ ਹੈ।
ਰਾਸ਼ਟਰੀ ਜਨਤਾ ਦਲ, ਐਸਪੀ, ਬਸਪਾ, ਟੀਮਐਮਸੀ ਅਤੇ ਸੀਪੀਆਈ-ਐਮ ਵਰਗੀਆਂ ਕਈ ਖੇਤਰੀ ਪਾਰਟੀਆਂ ਦੇ ਸਮਰਥਨ ਦੇ ਬਾਵਜੂਦ ਵਿਰੋਧੀ ਧਿਰ ਦੀ ਸਾਂਝੀ ਉਮੀਦਵਾਰ ਮੀਰਾ ਕੁਮਾਰ ਨੂੰ ਤਕਰੀਬਨ ਚਾਰ ਲੱਖ ਵੋਟਾਂ ਮਿਲਣ ਦੀ ਸੰਭਾਵਨਾ ਹੈ। ਜੇਡੀ-ਯੂ, ਬੀਜੇਡੀ, ਅੰਨਾ ਡੀਐਮਕੇ, ਟੀਆਰਐਸ ਤੇ ਵਾਈਐਸਆਰ ਕਾਂਗਰਸ ਵਰਗੀਆਂ ਗੈ਼ਰ-ਐਨਡੀਏ ਪਾਰਟੀਆਂ ਵੱਲੋਂ ਸਮਰਥਨ ਦਿੱਤੇ ਜਾਣ ਬਾਅਦ ਕੋਵਿੰਦ ਦੀ ਸੌਖੀ ਜਿੱਤ ਦੇ ਆਸਾਰ ਰੌਸ਼ਨ ਹਨ। 17 ਜੁਲਾਈ ਨੂੰ ਹੋਣ ਵਾਲੀ ਚੋਣ ਦੇ ਸਮੀਕਰਨਾਂ ਬਾਰੇ ਜਾਣੂ ਹੋਣ ਕਾਰਨ ਵਿਰੋਧੀ ਧਿਰ ਵੱਲੋਂ ਹੁਣ ਇਸ ਨੂੰ ਵਿਚਾਰਧਾਰਕ ਲੜਾਈ ਦੱਸਿਆ ਜਾ ਰਿਹਾ ਹੈ।
ਗ਼ੈਰ-ਐਨਡੀਏ ਪਾਰਟੀਆਂ ਦੇ ਸਮਰਥਨ ਬਾਅਦ ਲਾਏ ਗਏ ਇਕ ਅਨੁਮਾਨ ਮੁਤਾਬਕ ਭਾਜਪਾ ਦੇ ਉਮੀਦਵਾਰ ਕੋਵਿੰਦ ਦੀਆਂ 682677 ਵੋਟਾਂ ਪੱਕੀਆਂ ਹਨ। ਦੂਜੇ ਪਾਸੇ ਮੀਰਾ ਕੁਮਾਰ ਦੀਆਂ 376261 ਪੱਕੀਆਂ ਵੋਟਾਂ ਹਨ, ਜੋ 34 ਫ਼ੀਸਦ ਬਣਦੀਆਂ ਹਨ। ‘ਆਪ’, ਇਨੈਲੋ, ਏਆਈਐਮਆਈਐਮ ਤੇ ਕੁੱਝ ਆਜ਼ਾਦ ਉਮੀਦਵਾਰਾਂ ਨੇ ਹਾਲੇ ਪੱਤੇ ਨਹੀਂ ਖੋਲ੍ਹੇ ਹਨ, ਜਿਨ੍ਹਾਂ ਦੀਆਂ ਤਕਰੀਬਨ 39965 ਵੋਟਾਂ ਬਣਦੀਆਂ ਹਨ।
ਰਾਸ਼ਟਰਪਤੀ ਚੋਣ ਕੋਲਿਜੀਅਮ ’ਚ ਕੁੱਲ 776 ਸੰਸਦ ਮੈਂਬਰ ਹਨ। ਸ੍ਰੀ ਕੋਵਿੰਦ ਨੂੰ 524 ਐਮਪੀਜ਼ ਦਾ ਸਮਰਥਨ ਹਾਸਲ ਹੈ, ਜਿਨ੍ਹਾਂ ’ਚੋਂ 337 ਭਾਜਪਾ ਦੇ ਹਨ। ਮੀਰਾ ਕੁਮਾਰ ਕੋਲ 235 ਸੰਸਦ ਮੈਂਬਰਾਂ ਦਾ ਸਮਰਥਨ ਹੈ। ਦੱਸਣਯੋਗ ਹੈ ਕਿ ਇਕ ਐਮਪੀ ਦੀ ਵੋਟ 708 ਵੋਟਾਂ ਦੇ ਬਰਾਬਰ ਹੈ। ਐਨਡੀਏ ਉਮੀਦਵਾਰ ਨੂੰ 370992 ਐਮਪੀ ਅਤੇ 311685 ਵੋਟਾਂ ਵਿਧਾਇਕਾਂ ਦੀਆਂ ਮਿਲਣੀਆਂ ਹਨ। ਜਦੋਂ ਕਿ ਮੀਰਾ ਕੁਮਾਰ ਨੂੰ 166380 ਵੋਟਾਂ ਐਮਪੀ ਅਤੇ 209881 ਵੋਟਾਂ ਵਿਧਾਇਕਾਂ ਤੋਂ ਮਿਲਣੀਆਂ ਹਨ।     
ਕੋਵਿੰਦ ਵੱਲੋਂ ਯੂਪੀ ਤੋਂ ਦੇਸ਼ ਵਿਆਪੀ ਯਾਤਰਾ ਦਾ ਆਗਾਜ਼
ਲਖਨਊ - ਕੌਮੀ ਜਮਹੂਰੀ ਗੱਠਜੋੜ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਰਾਮ ਨਾਥ ਕੋਵਿੰਦ ਨੇ ਅੱਜ ਆਪਣੇ ਪਿੱਤਰੀ ਰਾਜ ਉੱਤਰ ਪ੍ਰਦੇਸ਼ ਤੋਂ ਦੇਸ਼ਵਿਆਪੀ ਯਾਤਰਾ ਦੀ ਸ਼ੁਰੂਆਤ ਕਰਦਿਆਂ ਰਾਜ ਨਾਲ ਸਬੰਧਤ ਸੰਸਦ ਮੈਂਬਰਾਂ ਅਤੇ ਭਾਜਪਾ ਤੇ ਉਸ ਦੀ ਭਾਈਵਾਲ ਪਾਰਟੀਆਂ ਦੇ ਵਿਧਾਇਕਾਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਭੁਪਿੰਦਰ ਯਾਦਵ ਵੀ ਮੌਜੂਦ ਸਨ। ਸ੍ਰੀ ਕੋਵਿੰਦ ਹਵਾਈ ਅੱਡੇ ਤੋਂ ਸਿੱਧੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ਅਧਿਕਾਰਤ ਰਿਹਾਇਸ਼ ’ਤੇ ਪੁੱਜੇ ਤੇ ਪਾਰਟੀ ਵਿਧਾਇਕਾਂ ਦੇ ਰੂਬਰੂ ਹੋਏ।

 

 

fbbg-image

Latest News
Magazine Archive