ਸ੍ਰੀਨਗਰ ਮੁਕਾਬਲਾ ਸਮਾਪਤ; ਦੋ ਅਤਿਵਾਦੀ ਹਲਾਕ


 

ਸ੍ਰੀਨਗਰ - ਇਥੇ ਬਾਹਰਵਾਰ ਇਕ ਸਕੂਲ ਵਿੱਚ ਵੜੇ ਦੋ ਅਤਿਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਅੱਜ ਮਾਰ ਦਿੱਤਾ। 14 ਘੰਟੇ ਚੱਲੇ ਇਸ ਮੁਕਾਬਲੇ ਵਿੱਚ ਫ਼ੌਜ ਦੇ ਦੋ ਜਵਾਨ ਵੀ ਫੱਟੜ ਹੋਏ ਹਨ। ਕੱਲ੍ਹ ਸ਼ਾਮ ਪੈਂਥਾ ਚੌਕ ਨੇੜੇ ਸੀਆਰਪੀਐਫ ਦੇ ਵਾਹਨ ਉਤੇ ਹਮਲਾ, ਜਿਸ ’ਚ ਇਕ ਸਬ-ਇੰਸਪੈਕਟਰ ਮਾਰਿਆ ਗਿਆ ਸੀ ਅਤੇ ਇਕ ਕਾਂਸਟੇਬਲ ਫੱਟੜ ਹੋਇਆ ਸੀ, ਕਰਨ ਬਾਅਦ ਅਤਿਵਾਦੀ ਸ੍ਰੀਨਗਰ-ਜੰਮੂ ਸ਼ਾਹਰਾਹ ਨੇੜੇ ਸਥਿਤ ਦਿੱਲੀ ਪਬਲਿਕ ਸਕੂਲ ਵਿੱਚ ਵੜ ਗਏ ਸਨ। ਸੀਆਰਪੀਐਫ ਦੇ ਦਲ ’ਤੇ ਇਹ ਹਮਲਾ ਹਾਈ ਸਕਿਉਰਿਟੀ ਜ਼ੋਨ ਵਿੱਚ ਕੀਤਾ ਗਿਆ ਸੀ। ਇਸ ਜਗ੍ਹਾ ਤੋਂ ਮਹਿਜ਼ ਇਕ ਕਿਲੋਮੀਟਰ ਦੂਰ ਸ੍ਰੀਨਗਰ ਆਰਮੀ ਕੋਰ ਦਾ ਹੈੱਡਕੁਆਰਟਰ ਹੈ।
ਸੁਰੱਖਿਆ ਬਲਾਂ ਨੇ ਤੁਰੰਤ ਸਕੂਲ ਨੂੰ ਘੇਰਾ ਪਾ ਲਿਆ, ਜਿਸ ਵਿੱਚ 36 ਕਮਰਿਆਂ ਵਾਲੀਆਂ ਸੱਤ ਇਮਾਰਤਾਂ ਹਨ। ਕੱਲ੍ਹ ਰਾਤ ਸਟਾਫ ਤੇ ਹੋਰਾਂ ਨੂੰ ਬਾਹਰ ਕੱਢਿਆ ਗਿਆ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਤਿਵਾਦੀਆਂ ਖ਼ਿਲਾਫ਼ ਅੱਜ ਸਵੇਰੇ ਮੁਹਿੰਮ ਛੇੜੀ ਗਈ। ਉਨ੍ਹਾਂ ਦੱਸਿਆ ਕਿ ਤੜਕੇ ਤਕਰੀਬਨ 3.40 ਵਜੇ ਸੁਰੱਖਿਆ ਬਲਾਂ ਤੇ ਅਤਿਵਾਦੀਆਂ ਵਿਚਾਲੇ ਗੋਲੀਬਾਰੀ ਸ਼ੁਰੂ ਹੋਈ। 14 ਘੰਟੇ ਚੱਲੇ ਮੁਕਾਬਲੇ ਬਾਅਦ ਅੱਜ ਸ਼ਾਮ ਇਕ ਅਧਿਕਾਰੀ ਨੇ ਦੱਸਿਆ ਕਿ ਮੁਕਾਬਲਾ ਸਮਾਪਤ ਹੋ ਗਿਆ ਹੈ ਅਤੇ ਦੋ ਅਤਿਵਾਦੀ ਮਾਰੇ   ਗਏ ਹਨ। ਉਨ੍ਹਾਂ ਕਿਹਾ ਕਿ ਮੁਕਾਬਲੇ ਵਾਲੇ ਸਥਾਨ ਉਤੇ ਹਾਲੇ ਤਲਾਸ਼ ਮੁਹਿੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਗੋਲੀਬਾਰੀ ਦੌਰਾਨ ਫ਼ੌਜ ਦੇ ਦੋ ਜਵਾਨ ਫੱਟੜ ਹੋ ਗਏ। ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਾਇਆ ਗਿਆ ਹੈ। ਪ੍ਰਸ਼ਾਸਨ ਵੱਲੋਂ ਮੁਕਾਬਲੇ ਵਾਲੀ ਥਾਂ ਨੇੜੇ ਰੋਸ ਪ੍ਰਦਰਸ਼ਨਾਂ ਨੂੰ ਰੋਕਣ ਵਾਸਤੇ ਇਹਤਿਆਤ ਵਜੋਂ ਕੌਮੀ ਮਾਰਗ ’ਤੇ ਰਾਮ ਮੁਨਸ਼ੀ ਬਾਗ ਤੋਂ ਸੇਮਪੋਰਾ ਤਕ ਸੀਆਰਪੀਸੀ ਦੀ ਧਾਰਾ 144 ਤਹਿਤ ਪਾਬੰਦੀਆਂ ਲਗਾ ਦਿੱਤੀਆਂ ਸਨ। ਨੈੱਟਵਰਕ ਸਪੀਡ ਘਟਾਏ ਜਾਣ ਕਾਰਨ ਪੂਰੀ ਵਾਦੀ ਵਿੱਚ ਮੋਬਾਈਲ ਇੰਟਰਨੈੱਟ ਸੇਵਾਵਾਂ ਪ੍ਰਭਾਵਿਤ ਰਹੀਆਂ।

 

 

fbbg-image

Latest News
Magazine Archive