ਸੁਖਬੀਰ ਨੂੰ ਰਾਸ ਆਏ ‘ਆਪ’ ਦੇ ਗ਼ੈਰ-ਤਜਰਬੇਕਾਰ ਵਿਧਾਇਕ: ਜਾਖੜ


 

ਚੰਡੀਗੜ੍ਹ - ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ (ਆਪ) ’ਤੇ ਚੋਣਾਂ ਤੋਂ ਪਹਿਲਾਂ ਰਲ-ਮਿਲ ਕੇ ‘ਮੈਚ ਖੇਡਣ’ ਦਾ ਦੋਸ਼ ਲਾਉਂਦਿਆਂ ਕਿਹਾ ਕਿ ਹੁਣ ਵਿਧਾਨ ਸਭਾ ਵਿੱਚ ਵੀ ਇਨ੍ਹਾਂ ਦੋਵਾਂ ਪਾਰਟੀਆਂ ਨੇ ਆਪਣੀ ਪੁਰਾਣੀ ਸਾਂਝ ਦਿਖਾਈ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ‘ਆਪ’ ਵਿਧਾਇਕਾਂ ਦੇ ਗ਼ੈਰ-ਤਜਰਬੇਕਾਰ ਹੋਣ ਦਾ ਲਾਹਾ ਲਿਆ ਹੈ। ਇਨ੍ਹਾਂ ਪਾਰਟੀਆਂ ਨੇ ਸਦਨ ਨੂੰ ਜੰਗ ਦਾ ਮੈਦਾਨ ਬਣਾ ਕੇ ਰੱਖ ਦਿੱਤਾ। ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਜਾਖੜ ਨੇ ਦੋਵਾਂ ਪਾਰਟੀਆਂ ਨੂੰ ਸਦਨ ਤੇ ਸਪੀਕਰ ਦੇ ਅਹੁਦੇ ਨੂੰ ਢਾਹ ਲਾਉਣ ਲਈ ਬਿਨਾਂ ਸ਼ਰਤ ਮੁਆਫ਼ੀ ਮੰਗਣ ਲਈ ਕਿਹਾ।
ਕਾਂਗਰਸ ਸਰਕਾਰ ਦੇ ਸੱਤਾ ਵਿੱਚ ਆਉਣ ’ਤੇ ਨਸ਼ਿਆਂ ਦੇ ਕਾਰੋਬਾਰ ਖ਼ਿਲਾਫ਼ ਕਾਰਵਾਈ ਕਰਨ ਦੇ ਵਾਅਦੇ ਦੇ ਬਾਵਜੂਦ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫ਼ਤਾਰ ਨਾ ਕਰਨ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਸ੍ਰੀ ਜਾਖੜ ਨੇ ਆਖਿਆ ਕਿ ਅਜਿਹਾ ਸਿਰਫ਼ ਧਾਰਨਾ ਨੂੰ ਆਧਾਰ ਬਣਾ ਕੇ ਨਹੀਂ ਕੀਤਾ ਜਾ ਸਕਦਾ। ਇਸ ਸਬੰਧੀ ਕਾਨੂੰਨੀ ਪ੍ਰਕਿਰਿਆ ਮੁਤਾਬਕ ਕੰਮ ਕੀਤਾ ਜਾਵੇਗਾ। ਕੈਪਟਨ ਸਰਕਾਰ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਪੈਦਾ ਹੋਏ ਮਾਫੀਏ ਵਿਰੁੱਧ ਕਾਰਵਾਈ ਅਤੇ ਜਾਂਚ ਯੋਜਨਾਬੱਧ ਢੰਗ ਨਾਲ ਕਰੇਗੀ। ਕਾਂਗਰਸ ਸਰਕਾਰ ਬਦਲਾਖੋਰੀ ਵਾਲਾ ਰਵੱਈਆ ਨਹੀਂ ਅਪਣਾਏਗੀ ਪਰ ਮਾਫੀਆ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਆਖਿਆ ਕਿ ਟਰੱਕ ਯੂਨੀਅਨਾਂ ਦਾ ਖ਼ਾਤਮਾ ਅਤੇ ਰੇਤੇ ਦੀਆਂ ਖੱਡਾਂ ਦੀ ਨਿਲਾਮੀ ਵਿੱਚ ਪਾਰਦਰਸ਼ਤਾ ਲਿਆਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਹਰ ਵਾਅਦਾ ਪੂਰਾ ਕਰਨ ਪ੍ਰਤੀ ਵਚਨਬੱਧਤਾ ਨਜ਼ਰ ਆਉਂਦੀ ਹੈ।
ਵਿਧਾਨ ਸਭਾ ਵਿੱਚ ਵਾਪਰੀਆਂ ਘਟਨਾਵਾਂ ਬਾਰੇ ਸ੍ਰੀ ਜਾਖੜ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਸਦਨ ਵਿੱਚ ਨਹੀਂ ਆ ਰਹੇ ਸਨ, ਕਿਉਂਕਿ ਅਕਾਲੀ ਦਲ ਨੁੱਕਰੇ ਲੱਗ ਗਿਆ ਹੈ ਅਤੇ ‘ਆਪ’ ਵੀ ਆਪਣੀ ਅੰਦਰੂਨੀ ਲੜਾਈ ਦਾ ਸੇਕ ਝੱਲ ਰਹੀ ਹੈ, ਜਿਸ ਵਿੱਚ ਐੱਚ.ਐੱਸ. ਫੂਲਕਾ ਆਪਣੀ ਚੌਧਰ ਕਾਇਮ ਕਰਨ ਲਈ ਹੱਥ-ਪੈਰ ਮਾਰ ਰਹੇ ਹਨ। ਸ੍ਰੀ ਜਾਖੜ ਨੇ ਸਪੀਕਰ ਨੂੰ ‘ਆਪ’ ਦੇ ਵਿਧਾਇਕਾਂ ਪ੍ਰਤੀ ਨਰਮੀ ਦਿਖਾਉਣ ਦੀ ਅਪੀਲ ਕੀਤੀ, ਕਿਉਂਕਿ ਉਹ ਵਿਧਾਨ ਸਭਾ ਵਿੱਚ ਪਹਿਲੀ ਵਾਰ ਆਏ ਹਨ। ਉਨ੍ਹਾਂ ਨੇ ਇਨ੍ਹਾਂ ਵਿਧਾਇਕਾਂ ਨੂੰ ਸਦਨ ਦੇ ਕੰਮ-ਕਾਜ ਦੀ ਸਿਖਲਾਈ ਦੇਣ ਦੀ ਵੀ ਅਪੀਲ ਕੀਤੀ। ਸ੍ਰੀ ਜਾਖੜ ਨੇ ਵਿਰੋਧੀ ਧਿਰ ਨੂੰ ਜ਼ਿੰਮੇਵਾਰ ਲੀਡਰਸ਼ਿਪ ਵਜੋਂ ਕੰਮ ਕਰਨ ਅਤੇ ਭਵਿੱਖ ਵਿੱਚ ਵਿਧਾਨ ਸਭਾ ਵਿੱੱਚ ਅਜਿਹੀਆਂ ਘਟਨਾਵਾਂ ਨਾ ਹੋਣ ਦੇਣ ਦੀ ਅਪੀਲ ਕੀਤੀ।
‘ਕੈਪਟਨ ਨੇ 100 ਦਿਨਾਂ ਅੰਦਰ ਕਰਜ਼ਾ ਮੁਆਫ਼ ਕਰ ਦਿਖਾਇਆ’
ਸੁਨੀਲ ਜਾਖੜ ਨੇ ਕਿਹਾ ਕਿ ਕਰਜ਼ਾ ਮੁਆਫ਼ੀ ਦਾ ਐਲਾਨ ਕਰਨ ਲਈ ਮੁੱਖ ਮੰਤਰੀ ਚਾਰ ਵਰ੍ਹਿਆਂ ਦੀ ਉਡੀਕ ਕਰ ਸਕਦੇ ਸਨ ਪਰ ਉਨ੍ਹਾਂ ਨੇ ਇਹ ਕੰਮ 100 ਦਿਨਾਂ ਵਿੱਚ ਹੀ ਕਰ ਕੇ ਵਿਖਾ ਦਿੱਤਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਦੀ ਭਾਜਪਾ ਸਰਕਾਰ ਵੀ ਕੁਝ ਨਾ ਕੁਝ ਕਰੇਗੀ, ਕਿਉਂਕਿ ਕਰਜ਼ਾ ਮੁਆਫੀ ਦਾ ਮੁੱਦਾ ਭਾਜਪਾ ਵੱਲੋਂ ਸਿਆਸੀ ਮੁੱਦੇ ਵਜੋਂ ਰਿੜਕਿਆ ਜਾ ਰਿਹਾ ਸੀ।
 

 

Latest News
Magazine Archive