ਵਿਸ਼ਵ ਹਾਕੀ ਲੀਗ: ਭਾਰਤ ਹੱਥੋਂ ਪਾਕਿ ਨੂੰ ਮੁੜ ਮਾਤ


 

ਲੰਡਨ - ਭਾਰਤ ਨੇ ਹੀਰੋ ਹਾਕੀ ਵਿਸ਼ਵ ਲੀਗ ਸੈਮੀਫਾਈਨਲ ’ਚ ਪਾਕਿਸਤਾਨ ਨੂੰ ਹਰਾਉਣਾ ਜਾਰੀ ਰਖਦਿਆਂ ਅੱਜ ਇੱਥੇ ਪੰਜਵੇਂ ਤੋਂ ਅੱਠਵੇਂ ਸਥਾਨ ਦੇ ਕਲਾਸੀਫਿਕੇਸ਼ਨ ਮੁਕਾਬਲੇ ’ਚ ਆਪਣੇ ਰਵਾਇਤੀ ਵਿਰੋਧੀ ਨੂੰ 6-1 ਨਾਲ ਕਰਾਰੀ ਮਾਤ ਦਿੱਤੀ।
ਰਮਨਦੀਪ ਸਿੰਘ (ਅੱਠਵੇਂ ਅਤੇ 28ਵੇਂ ਮਿੰਟ) ਅਤੇ ਮਨਦੀਪ ਸਿੰਘ ਨੇ (27ਵੇਂ ਅਤੇ 59ਵੇਂ ਮਿੰਟ) ’ਚ 2-2 ਗੋਲ ਦਾਗ਼ੇ ਜਦਕਿ ਹਰਮਨਪ੍ਰੀਤ (36ਵੇਂ ਮਿੰਟ) ਨੇ ਤੀਜੇ ਕੁਆਰਟਰ ’ਚ ਗੋਲ ਕੀਤਾ। ਤਲਵਿੰਦਰ ਸਿੰਘ ਨੇ 25ਵੇਂ ਮਿੰਟ ’ਚ ਇੱਕ ਗੋਲ ਦਾਗ਼ਿਆ। ਪਾਕਿਸਤਾਨ ਲਈ ਇੱਕਲੌਤਾ ਗੋਲ ਐਜਾਜ਼ ਅਹਿਮਦ ਨੇ ਤੀਜੇ ਕੁਆਰਟਰ ’ਚ 41ਵੇਂ ਮਿੰਟ ’ਚ ਕੀਤਾ। ਭਾਰਤ ਨੇ ਇਸ ਟੂਰਨਾਮੈਂਟ ’ਚ ਪਾਕਿਸਤਾਨ ’ਤੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ, ਉਸ ਨੇ ਇਸ ਤੋਂ ਪਹਿਲਾਂ ਹੋਏ ਮੈਚ ’ਚ ਪਾਕਿਸਤਾਨ ਨੂੰ 7-1 ਨਾਲ ਮਾਤ ਦਿੱਤੀ ਸੀ। ਹੁਣ ਭਾਰਤੀ ਟੀਮ ਕੱਲ ਪੰਜਵੇਂ ਤੋਂ ਛੇਵੇਂ ਸਥਾਨ ਦੇ ਮੁਕਾਬਲੇ ’ਚ ਕੈਨੇਡਾ ਨਾਲ ਭਿੜੇਗੀ, ਜਿਸ ਨੇ ਇੱਕ ਵੱਖਰੇ ਮੈਚ ’ਚ ਚੀਨ ਨੂੰ 7-3 ਨਾਲ ਹਰਾਇਆ ਹੈ। ਭਾਰਤ ਤੇ ਕੈਨੇਡਾ ਵਿਚਾਲੇ ਗਰੁੱਪ ਗੇੜ ’ਚ ਮੁਕਾਬਲਾ ਹੋਇਆ ਸੀ ਤਾਂ ਭਾਰਤ ਨੇ 3-0 ਨਾਲ ਜਿੱਤ ਦਰਜ ਕੀਤੀ ਸੀ। ਖ਼ਿਤਾਬੀ ਦੌੜ ’ਚੋਂ ਬਾਹਰ ਹੋ ਚੁੱਕੇ ਭਾਰਤ ਲਈ ਇਹ ਚੰਗਾ ਮੌਕਾ ਹੈ ਕਿ ਉਹ ਐਤਵਾਰ ਨੂੰ ਹੋਣ ਵਾਲੇ ਮੁਕਾਬਲੇ ’ਚ ਕੈਨੇਡਾ ਨੂੰ ਫਿਰ ਤੋਂ ਮਾਤ ਦੇ ਕੇ ਪੰਜਵਾਂ ਸਥਾਨ ਹਾਸਲ ਕਰੇ।
ਅੱਜ ਦੇ ਮੈਚ ਦਾ ਪਹਿਲਾ ਕੁਆਰਟਰ ਭਾਰਤ ਦੇ ਨਾਂ ਰਿਹਾ, ਜਿਸ ’ਚ ਜ਼ਿਆਦਾ ਖੇਡ ਪਾਕਿਸਤਾਨੀ ਖੇਮੇ ’ਚ ਹੀ ਹੋਈ। ਰਮਨਦੀਪ ਨੇ ਆਪਣੀ ਰਿਵਰਸ ਫਲਿੱਕ ਨਾਲ ਪਾਕਿਸਤਾਨੀ ਗੋਲਕੀਪਰ ਨੂੰ ਧੋਖਾ ਦਿੰਦਿਆਂ ਅੱਠਵੇਂ ਹੀ ਮਿੰਟ ’ਚ ਟੀਮ ਨੂੰ ਲੀਡ ਦਿਵਾ ਦਿੱਤੀ। ਆਕਾਸ਼ਦੀਪ ਕੋਲ ਚਾਰ ਮਿੰਟ ਮਗਰੋਂ ਇਸ ਲੀਡ ਨੂੰ ਦੁੱਗਣਾ ਕਰਨ ਦਾ ਮੌਕਾ ਸੀ, ਪਰ ਉਹ ਕਾਮਯਾਬ ਨਾ ਹੋ ਸਕਿਆ। ਤਲਵਿੰਦਰ ਨੇ ਹਾਲਾਂਕਿ ਭਾਰਤ ਲਈ ਦੂਜਾ ਗੋਲ ਕਰਨ ’ਚ ਕੋਈ ਗਲਤੀ ਨਹੀਂ ਕੀਤੀ। ਦੂਜੇ ਕੁਆਰਟਰ ’ਚ ਭਾਰਤ ਨੇ ਤਿੰਨ ਗੋਲ ਕਰਕੇ ਪਾਕਿਸਤਾਨ ਹੱਥੋਂ ਮੈਚ ਖੋਹ ਲਿਆ ਅਤੇ ਹਾਫ ਟਾਈਮ ਤੱਕ ਉਸ ਦੀ ਲੀਡ 4-0 ਹੋ ਗਈ ਸੀ। ਮਨਦੀਪ ਨੇ 27ਵੇਂ ਮਿੰਟ ’ਚ ਇੱਕ ਹੋਰ ਗੋਲ ਕਰ ਦਿੱਤਾ। ਰਮਨਦੀਪ ਨੇ ਜਦੋਂ ਦੂਜਾ ਗੋਲ ਕੀਤਾ ਤਾਂ ਪਾਕਿਸਤਾਨ ਦੀ ਟੀਮ ਬੁਰੀ ਤਰ੍ਹਾਂ ਹਫ਼ ਚੁੱਕੀ ਸੀ।
ਐਸ ਵੀ ਸੁਨੀਲ ਨੇ ਡੀ ਤੋਂ ਪਾਸ ਦਿੱਤਾ ਜਿਸ ਨੂੰ ਰਮਨਦੀਪ ਨੇ ਸ਼ਾਨਦਾਰ ਢੰਗ ਨਾਲ ਗੋਲ ਵਿੱਚ ਤਬਦੀਲ ਕਰ ਦਿੱਤਾ। ਹਰਮਨਪ੍ਰੀਤ ਨੇ ਸ਼ਾਰਟ ਕਾਰਨਰ ਤੋਂ ਗੋਲ ਦਾਗ਼ ਕੇ ਸਕੋਰ 5-0 ਕੀਤਾ। ਅਹਿਮਦ ਨੇ ਹਾਲਾਂਕਿ ਭਾਰਤੀ ਖਿਡਾਰੀਆਂ ਦੇ ਡਿਫੈਂਸ ਦੀ ਢਿੱਲ ਦਾ ਫਾਇਦਾ ਚੁੱਕ ਕੇ ਇਕ ਗੋਲ ਕਰ ਦਿੱਤਾ ਤੇ ਆਪਣੀ ਹਾਰ ਦੇ ਫਰਕ ਨੂੰ ਥੋੜ੍ਹਾ ਘੱਟ ਕੀਤਾ। ਭਾਰਤ ਨੇ ਆਖਰੀ ਪਲਾਂ ’ਚ ਪੈਨਲਟੀ ਕਾਰਨ ਹਾਸਲ ਕੀਤਾ ਅਤੇ ਮਨਦੀਪ ਨੇ ਰਿਬਾਉਂਡ ’ਤੇ ਗੋਲ ਕਰਕੇ ਸਕੋਰ 6-1 ਕਰ ਦਿੱਤਾ ਜਿਸ ਨਾਲ ਭਾਰਤ ਨੇ ਆਸਾਨ ਜਿੱਤ ਦਰਜ ਕੀਤੀ। ਇਸ ਨਤੀਜੇ ਨਾਲ ਪਾਕਿਸਤਾਨ ਦੀ ਅਗਲੇ ਸਾਲ ਭੁਵਨੇਸ਼ਵਰ ’ਚ ਹੋਣ ਵਾਲੇ ਹਾਕੀ ਵਿਸ਼ਵ ਕੱਪ ’ਚ ਭਾਗ ਲੈਣ ਲਈ   ਸਥਾਨ ਪੱਕਾ ਕਰਨ ਦੀ ਆਸ ਟੁੱਟ ਗਈ ਹੈ।

 

 

fbbg-image

Latest News
Magazine Archive