ਕਰਜ਼ ਮੁਆਫ਼ੀ: ਕਿਸਾਨਾਂ ਨੂੰ ਰਾਹਤ; ਮਜ਼ਦੂਰ ਵਿਸਰੇ


 

ਕਿਸਾਨਾਂ ਦੇ 59 ਹਜ਼ਾਰ ਕਰੋੜ ਦੇ ਫ਼ਸਲੀ ਕਰਜ਼ੇ ’ਚੋਂ ਨੌਂ ਹਜ਼ਾਰ ਕਰੋੜ ਹੋਣਗੇ ਮੁਆਫ਼
ਚੰਡੀਗੜ੍ਹ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੰਜ ਏਕੜ ਤੱਕ ਜ਼ਮੀਨ ਵਾਲੇ ਕਿਸਾਨਾਂ ਦਾ ਦੋ ਲੱਖ ਰੁਪਏ ਤੱਕ ਦਾ ਫ਼ਸਲੀ ਕਰਜ਼ਾ ਮੁਆਫ਼ ਕਰਨ ਦਾ ਫ਼ੈਸਲਾ ਇੱਕ ਵਰਗ ਲਈ ਤਾਂ ਰਾਹਤ ਭਰਿਆ ਹੈ ਪਰ ਇਸ ਐਲਾਨ ਵਿੱਚੋਂ ਖੇਤ ਮਜ਼ਦੂਰ ਬਾਹਰ ਹਨ। ਕਿਸਾਨਾਂ ਦੇ 59 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਫ਼ਸਲੀ ਕਰਜ਼ੇ ਵਿੱਚੋਂ ਲਗਪਗ ਨੌਂ ਹਜ਼ਾਰ ਕਰੋੜ ਰੁਪਏ ਮੁਆਫ਼ ਹੋਣਗੇ।
ਐਲਾਨ ਮੁਤਾਬਕ ਪੰਜ ਏਕੜ ਵਾਲੇ ਉਨ੍ਹਾਂ ਕਿਸਾਨਾਂ ਦਾ ਫ਼ਸਲੀ ਕਰਜ਼ਾ ਹੀ ਮੁਆਫ਼ ਹੋਵੇਗਾ, ਜਿਨ੍ਹਾਂ ਸਿਰ ਕਰਜ਼ਾ ਦੋ ਲੱਖ ਰੁਪਏ ਤੋਂ ਵੱਧ ਨਹੀਂ ਹੈ। ਢਾਈ ਏਕੜ ਤੱਕ ਵਾਲੇ ਕਿਸਾਨਾਂ ਸਿਰ ਜਿੰਨਾ ਮਰਜ਼ੀ ਫ਼ਸਲੀ ਕਰਜ਼ਾ ਹੋਵੇ ਉਸ ਦੇ ਦੋ ਲੱਖ ਰੁਪਏ ਜ਼ਰੂਰ ਮੁਆਫ਼ ਹੋਣਗੇ। ਖੇਤ ਮਜ਼ਦੂਰ, ਡੇਅਰੀ, ਖੇਤੀ ਮਸ਼ੀਨਰੀ ਅਤੇ ਹੋਰ ਸਹਾਇਕ ਧੰਦਿਆਂ ਨਾਲ ਸਬੰਧਤ ਕਿਸਾਨ ਹਾਲੇ ‘ਕਰਜ਼ਾ ਰਾਹਤ ਸਕੀਮ’ ਵਿੱਚੋਂ ਬਾਹਰ ਹਨ। ਖ਼ੁਦਕੁਸ਼ੀ ਪੀੜਤ ਪਰਿਵਾਰਾਂ ਦਾ ਸਾਰਾ ਸੰਸਥਾਗਤ ਕਰਜ਼ਾ (ਭਾਵ ਬੈਂਕਾਂ ਅਤੇ ਸੁਸਾਇਟੀਆਂ ਦਾ ਕਰਜ਼ਾ) ਮੁਆਫ਼ ਹੋਵੇਗਾ। ਸਾਰੇ ਵਰਗਾਂ ਦਾ ਸ਼ਾਹੂਕਾਰਾਂ ਤੋਂ ਲਿਆ ਕਰਜ਼ਾ ਮੁਆਫ਼ੀ ਦੇ ਦਾਇਰੇ ਵਿੱਚ ਨਹੀਂ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬ ਦੀਆਂ ਸਾਰੀਆਂ ਬੈਂਕਾਂ ਵਿੱਚ     ਕਿਸਾਨਾਂ ਦੇ ਕੁੱਲ 20,23,202 ਖਾਤੇ ਹਨ।  ਇਨ੍ਹਾਂ ਖਾਤਿਆਂ ਸਬੰਧੀ ਜਾਣਕਾਰੀ ਮੁਤਾਬਕ 31 ਮਾਰਚ 2017 ਤੱਕ ਸੂਬੇ ਦੇ ਕਿਸਾਨਾਂ ਸਿਰ ਫ਼ਸਲੀ ਕਰਜ਼ਾ 59,620 ਕਰੋੜ ਰੁਪਏ ਹੈ। ਦੋ ਲੱਖ ਰੁਪਏ ਤੱਕ ਦੇ ਫ਼ਸਲੀ ਕਰਜ਼ੇ ਵਾਲੇ ਸੀਮਾਂਤ ਕਿਸਾਨਾਂ (ਢਾਈ ਏਕੜ ਵਾਲੇ) ਦੇ 4,25,284 ਖਾਤੇ ਹਨ ਅਤੇ ਇਨ੍ਹਾਂ ਸਿਰ ਕਰਜ਼ਾ ਲਗਪਗ 2,747 ਕਰੋੜ ਰੁਪਏ ਹੈ। ਦੋ ਲੱਖ ਰੁਪਏ ਤੱਕ ਦੇ ਫ਼ਸਲੀ ਕਰਜ਼ੇ ਵਾਲੇ ਛੋਟੇ ਕਿਸਾਨਾਂ (ਭਾਵ ਪੰਜ ਏਕੜ ਤੱਕ) ਵਾਲਿਆਂ ਦੇ 4,50,585 ਬੈਂਕ ਖਾਤੇ ਹਨ ਤੇ ਇਨ੍ਹਾਂ ਸਿਰ ਕਰਜ਼ਾ ਕਰੀਬ 3,353 ਕਰੋੜ ਰੁਪਏ ਹੈ।
ਦੋ ਲੱਖ ਤੋਂ ਪੰਜ ਲੱਖ ਰੁਪਏ ਤੱਕ ਦੇ ਕਰਜ਼ੇ ਵਾਲੇ ਸੀਮਾਂਤ ਕਿਸਾਨਾਂ ਦੇ 1,10,131 ਅਤੇ ਪੰਜ ਲੱਖ ਰੁਪਏ ਤੋਂ ਵੱਧ ਫ਼ਸਲੀ ਕਰਜ਼ੇ ਵਾਲੇ ਕਿਸਾਨਾਂ ਦੇ 35,877 ਖਾਤੇ ਹਨ। ਇਨ੍ਹਾਂ 1,46,008 ਖਾਤਾਧਾਰਕ ਸੀਮਾਂਤ ਕਿਸਾਨਾਂ ਨੂੰ ਵੀ ਦੋ ਲੱਖ ਰੁਪਏ ਤੱਕ ਦੀ ਮੁਆਫ਼ੀ ਦਾ ਲਾਭ ਮਿਲੇਗਾ ਤੇ ਕਰੀਬ 2,920 ਕਰੋੜ ਰੁਪਏ ਮੁਆਫ਼ ਹੋਣਗੇ। ਮੋਟੇ ਤੌਰ ਉੱਤੇ ਜਿਹੜੇ ਕਿਸਾਨ ਦੋ ਲੱਖ ਰੁਪਏ ਦੇ ਫ਼ਸਲੀ ਕਰਜ਼ੇ ਦੇ ਦਾਇਰੇ ਵਿੱਚ ਆਉਂਦੇ ਹਨ, ਉਨ੍ਹਾਂ ਦੇ ਲਗਪਗ 9,000 ਕਰੋੜ  ਰੁਪਏ ਮੁਆਫ਼ ਹੋਣਗੇ। ਸੂਤਰਾਂ ਅਨੁਸਾਰ 5,71,292 ਖਾਤਾਧਾਰਕ ਸੀਮਾਂਤ ਕਿਸਾਨਾਂ ਸਿਰ ਕੁੱਲ ਫ਼ਸਲੀ ਕਰਜ਼ਾ 9,845 ਕਰੜੋ ਰੁਪਏ ਦੇ ਕਰੀਬ ਹੈ।  8,15,822 ਛੋਟੇ ਕਿਸਾਨਾਂ ਸਿਰ ਫ਼ਸਲੀ ਕਰਜ਼ਾ 18,714 ਕਰੋੜ ਰੁਪਏ ਅਤੇ ਇਨ੍ਹਾਂ ਤੋਂ ਵੱਧ ਜ਼ਮੀਨ ਵਾਲੇ 6,36,088 ਕਿਸਾਨਾਂ ਸਿਰ 31,061 ਕਰੋੜ ਰੁਪਏ ਦਾ ਫ਼ਸਲੀ ਕਰਜ਼ਾ ਹੈ।
ਜੇ ਟਰਮ ਲੋਨ ਭਾਵ ਸਹਾਇਕ ਧੰਦਿਆਂ ਅਤੇ ਖੇਤੀ ਮਸ਼ੀਨਰੀ ਆਦਿ ਦਾ ਕਰਜ਼ ਵੀ ਜੋੜ ਲਿਆ ਜਾਵੇ ਤਾਂ ਪੰਜਾਬ ਦੇ ਕਿਸਾਨਾਂ ਸਿਰ ਬੈਂਕਾਂ ਅਤੇ ਸਹਿਕਾਰੀ ਸਭਾਵਾਂ ਦਾ 31 ਮਾਰਚ 2017 ਤੱਕ 72,771 ਕਰੋੜ ਰੁਪਏ ਤੋਂ ਵੱਧ ਦਾ ਕਰਜ਼ਾ ਹੈ। ਇਸ ਨਾਲ ਖਾਤੇ ਵੀ ਵਧ ਕੇ 25,70,995 ਹੋ ਜਾਂਦੇ  ਹਨ ਅਤੇ ‘ਟਰਮ ਲੋਨ’ ਲਗਪਗ 13150 ਕਰੋੜ ਰੁਪਏ ਹੈ। ਜੇ ‘ਟਰਮ ਲੋਨ’ ਨੂੰ ਵੀ ਸ਼ਾਮਲ ਕੀਤਾ ਜਾਵੇ ਤਾਂ ਸੀਮਾਂਤ ਕਿਸਾਨਾਂ ਸਿਰ 11,289 ਕਰੋੜ ਰੁਪਏ, ਛੋਟੇ ਕਿਸਾਨਾਂ ਸਿਰ 21,356 ਕਰੋੜ ਅਤੇ ਇਨ੍ਹਾਂ ਤੋਂ ਉੱਪਰਲੇ ਕਿਸਾਨਾਂ ਸਿਰ 40,125 ਕਰੋੜ ਰੁਪਏ ਦਾ ਕਰਜ਼ਾ ਹੈ। ਸ਼ਾਹੂਕਾਰਾਂ ਦਾ ਕਰਜ਼ਾ ਇਸ ਤੋਂ ਬਾਹਰ ਹੈ ਤੇ ਇਹ ਕਰਜ਼ਾ ਕਿਸਾਨੀ ਦੇ ਕੁੱਲ ਕਰਜ਼ੇ ਦਾ 25 ਫ਼ੀਸਦ ਹੋ ਸਕਦਾ ਹੈ।
ਖੇਤ ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਕਰਨ ਸਬੰਧੀ ਸਰਕਾਰ ਚੁੱਪ ਹੈ। ਖੇਤ ਮਜ਼ਦੂਰ ਪਰਿਵਾਰਾਂ ਦੀ ਗਿਣਤੀ ਲਗਪਗ 15 ਲੱਖ ਹੈ ਤੇ ਇਨ੍ਹਾਂ ਦੇ ਕਰਜ਼ੇ ਬਾਰੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ। ਇਹ ਜ਼ਰੂਰ ਕਿਹਾ ਹੈ ਕਿ ਹਾਸ਼ੀਏ ’ਤੇ ਪੁੱਜੇ ਕਿਸਾਨ ਤੇ ਮਜ਼ਦੂਰ ਦੀ ਬਾਂਹ ਫੜਨੀ ਜ਼ਰੂਰੀ ਹੈ। ਪੰਜਾਬ ਸਰਕਾਰ ਨੇ ਬਜਟ ਵਿੱਚ 1500 ਕਰੋੜ ਰੁਪਏ ਕਰਜ਼ਾ ਮੁਆਫ਼ੀ ਲਈ ਰੱਖੇ ਹਨ। ਸਰਕਾਰ ਬੈਂਕਾਂ ਨਾਲ ਗੱਲਬਾਤ ਕਰ ਕੇ ਮੁਆਫ਼ ਕੀਤੇ ਜਾਣ ਵਾਲਾ ਕਰਜ਼ਾ ਆਪਣੇ ਸਿਰ ਲਵੇਗੀ ਅਤੇ ਅੱਗੇ ਇੱਕਮੁਸ਼ਤ ਜਾਂ ਕਿਸ਼ਤਾਂ ਰਾਹੀਂ ਵਾਪਸ ਕਰੇਗੀ।

 

 

fbbg-image

Latest News
Magazine Archive