ਇੱਕ ਲੱਖ ਤੋਂ ਵੱਧ ਸ਼ਰਧਾਲੂਆਂ ਵੱਲੋਂ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਦਰਸ਼ਨ


ਅੰਮ੍ਰਿਤਸਰ - ਉੱਤਰਾਖੰਡ ਵਿੱਚ ਲਗਪਗ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਲਗਪਗ 25 ਦਿਨਾਂ ਵਿੱਚ ਇੱਕ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਦਰਸ਼ਨ ਕੀਤੇ ਹਨ ਅਤੇ ਇਹ ਯਾਤਰਾ ਨਿਰੰਤਰ ਜਾਰੀ ਹੈ। ਇਸ ਦੌਰਾਨ ਯਾਤਰਾ ਦੇ ਪ੍ਰਬੰਧਕਾਂ ਨੇ ਯਾਤਰਾ ਸਬੰਧੀ ਸੋਸ਼ਲ ਮੀਡੀਆ ’ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪਾਈ ਜਾ ਰਹੀ ਜਾਣਕਾਰੀ ਨੂੰ ਗੁਮਰਾਹਕੁੰਨ ਪ੍ਰਚਾਰ ਕਰਾਰ ਦਿੱਤਾ ਹੈ।
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 24 ਮਈ ਨੂੰ ਗੁਰਦੁਆਰਾ ਗੋਬਿੰਦ ਘਾਟ ਤੋਂ ਸ਼ੁਰੂ ਹੋਈ ਸੀ, ਜਿਸਨੂੰ ਉੱਤਰਾਖੰਡ ਸਰਕਾਰ ਦੇ ਕੈਬਨਿਟ ਮੰਤਰੀ ਅਤੇ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਅਹੁਦੇਦਾਰਾਂ ਨੇ ਰਵਾਨਾ ਕੀਤਾ ਸੀ। ਲਗਪਗ 25 ਦਿਨਾਂ ਦੌਰਾਨ ਇੱਕ ਲੱਖ ਤੋਂ ਵੱਧ ਸ਼ਰਧਾਲੂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਚੁੱਕੇ ਹਨ।
ਗੁਰਦੁਆਰਾ ਗੋਬਿੰਦ ਘਾਟ ਤੋਂ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ 25 ਮਈ ਤੋਂ 20 ਜੂਨ ਤਕ ਲਗਪਗ ਇੱਕ ਲੱਖ 7840 ਯਾਤਰੂਆਂ ਨੇ ਯਾਤਰਾ ਵਿੱਚ ਹਿੱਸਾ ਲਿਆ ਹੈ ਅਤੇ ਜੂਨ ਦੇ ਅਖੀਰ ਤਕ ਇਹ ਗਿਣਤੀ ਡੇਢ ਲੱਖ ਤਕ ਪੁੱਜ ਜਾਵੇਗੀ। ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇਸ ਵਾਰ ਯਾਤਰਾ ਦੌਰਾਨ ਲਗਪਗ ਸਾਢੇ ਤਿੰਨ ਲੱਖ ਯਾਤਰੂ ਪੁੱਜਣ ਦੀ ਉਮੀਦ ਹੈ, ਜੋ ਪਿਛਲੇ ਵਰ੍ਹਿਆਂ ਨਾਲੋਂ ਤਸੱਲੀਬਖਸ਼ ਹੁੰਗਾਰਾ ਹੈ।
ਸਾਲ 2013 ਵਿੱਚ ਹੜ੍ਹ ਆਉਣ ਕਾਰਨ ਉੱਤਰਾਖੰਡ ਵਿੱਚ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਸੀ, ਜਿਸ ਕਾਰਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਸਮੇਤ ਚਾਰ ਧਾਮਾਂ (ਗੰਗੋਤਰੀ, ਯਮਨੋਤਰੀ, ਕੇਦਾਰਨਾਥ ਅਤੇ ਬਦਰੀਨਾਥ) ਦੀ ਯਾਤਰਾ ਬੰਦ ਹੋ ਗਈ ਸੀ। ਅਗਲੇ ਵਰ੍ਹੇ ਭਾਵੇਂ ਸਰਕਾਰ ਨੇ ਪੁਖ਼ਤਾ ਪ੍ਰਬੰਧ ਕੀਤੇ ਸਨ ਪਰ ਯਾਤਰੀਆਂ ਦੀ ਗਿਣਤੀ ਵਿੱਚ ਵਿਸ਼ੇਸ਼ ਵਾਧਾ ਨਹੀਂ ਹੋਇਆ ਸੀ। ਇਸ ਵਰ੍ਹੇ ਇਨ੍ਹਾਂ ਸਾਰੀਆਂ ਯਾਤਰਾਵਾਂ ਨੂੰ ਸ਼ੁਰੂ ਵਿੱਚ ਭਰਵਾਂ ਹੁੰਗਾਰਾ ਮਿਲਿਆ ਹੈ ਪਰ ਇਸ ਦੌਰਾਨ ਸੋਸ਼ਲ ਮੀਡੀਆ ’ਤੇ ਇਹ ਗੱਲ ਪ੍ਰਚਾਰੀ ਜਾ ਰਹੀ ਹੈ ਕਿ ਗੋਬਿੰਦ ਘਾਟ ਵਿਖੇ ਹੜ੍ਹ ਆਉਣ ਕਾਰਨ ਮਾਲੀ ਨੁਕਸਾਨ ਹੋਇਆ ਹੈ, ਜਿਸ ਤਹਿਤ ਕਈ ਕਾਰਾਂ ਰੁੜ੍ਹ ਗਈਆਂ ਹਨ। ਮੈਨੇਜਰ ਸੇਵਾ ਸਿੰਘ ਨੇ ਇਸ ਨੂੰ ਗੁਮਰਾਹਕੁੰਨ ਪ੍ਰਚਾਰ ਕਰਾਰ ਦਿੰਦਿਆਂ ਆਖਿਆ ਕਿ ਅਜਿਹੇ ਪ੍ਰਚਾਰ ਨਾਲ ਯਾਤਰਾ ਨੂੰ ਤਾਰਪੀਡੋ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਹੁਣ ਤਕ ਉ੍ਵਤਰਾਖੰਡ ਇਲਾਕੇ ਦੇ ਉੱਪਰਲੇ ਹਿੱਸਿਆਂ ਵਿੱਚ ਮਾਮੂਲੀ ਬਾਰਿਸ਼ ਹੋਈ ਹੈ ਅਤੇ ਖਾਸ ਕਰਕੇ ਗੋਬਿੰਦ ਘਾਟ ਵਿਖੇ ਪਾਣੀ ਆਉਣ ਦੀ ਗੱਲ ਨਿਰਾਆਧਾਰ ਅਤੇ ਬੇਬੁਨਿਆਦ ਹੈ। ਉਨ੍ਹਾਂ ਸੰਗਤਾਂ ਅਤੇ ਯਾਤਰੀਆਂ ਨੂੰ ਅਜਿਹੇ ਗੁਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਲਈ ਆਉਣ ਵਾਲੀਆਂ ਸੜਕਾਂ ਵੀ ਵਧੀਆ ਹਾਲਤ ਵਿੱਚ ਹਨ। ਬੀਤੇ ਦਿਨੀਂ ਪਹਾੜ ਡਿੱਗਣ ਨਾਲ ਨੁਕਸਾਨੀ ਗਈ ਸੜਕ ਨੂੰ ਵੀ ਮੁੜ ਬਿਹਤਰ ਬਣਾ ਦਿੱਤਾ ਗਿਆ ਹੈ।
ਇਸ ਯਾਤਰਾ ਦੌਰਾਨ ਹੇਮਕੁੰਟ ਸਾਹਿਬ ਟਰੱਸਟ ਵੱਲੋਂ ਗੁਰਦੁਆਰਾ ਰਿਸ਼ੀਕੇਸ਼, ਗੁਰਦੁਆਰਾ ਸ੍ਰੀਨਗਰ, ਗੁਰਦੁਆਰਾ ਜੋਸ਼ੀ ਮੱਠ, ਗੁਰਦੁਆਰਾ ਗੋਬਿੰਦਘਾਟ ਅਤੇ ਗੁਰਦੁਆਰਾ ਗੋਬਿੰਦਧਾਮ ਵਿਖੇ ਯਾਤਰੂਆਂ ਦੇ ਠਹਿਰਾਅ, ਲੰਗਰ ਅਤੇ ਮੈਡੀਕਲ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ।

 

 

fbbg-image

Latest News
Magazine Archive