ਅਮਰੀਕਾ ਵੱਲੋਂ ਪਾਕਿ ਪ੍ਰਤੀ ਸਖ਼ਤ ਰੁਖ਼ ਦੇ ਆਸਾਰ


 

ਵਾਸ਼ਿੰਗਟਨ - ਟਰੰਪ ਪ੍ਰਸ਼ਾਸਨ ਵੱਲੋਂ ਪਾਕਿਸਤਾਨ ਪ੍ਰਤੀ ਰਵੱਈਆ ਸਖ਼ਤ ਕਰਨ ਦੇ ਆਸਾਰ ਹਨ, ਤਾਂ ਕਿ ਇਸਲਾਮਾਬਾਦ ਉਤੇ ਪਾਕਿਸਤਾਨੀ ਸਰਜ਼ਮੀਨ ਤੋਂ ਅਫ਼ਗ਼ਾਨਿਸਤਾਨ ਵਿੱਚ ਹਮਲੇ ਕਰਨ ਵਾਲੇ ਦਹਿਸ਼ਤੀ ਗਰੁੱਪਾਂ ਖ਼ਿਲਾਫ਼ ਕਾਰਵਾਈ ਲਈ ਦਬਾਅ ਪਾਇਆ ਜਾ ਸਕੇ।
ਅਮਰੀਕਾ ਵੱਲੋਂ ਇਸ ਸਬੰਧੀ ਚੁੱਕੇ ਜਾ ਸਕਣ ਵਾਲੇ ਕਦਮਾਂ ਉਤੇ ਵਿਚਾਰ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿੱਚ ਅਮਰੀਕੀ ਡਰੋਨ ਹਮਲੇ ਵਧਾਉਣਾ ਅਤੇ ਪਾਕਿਸਤਾਨ ਨੂੰ ਅਮਰੀਕੀ ਇਮਦਾਦ ਉਤੇ ਕੁਝ ਰੋਕ ਲਾਉਣਾ ਸ਼ਾਮਲ ਹੈ। ਟਰੰਪ ਪ੍ਰਸ਼ਾਸਨ ਵੱਲੋਂ ਪਾਕਿਸਤਾਨ ਦਾ ਆਪਣੇ ਭਾਈਵਾਲ ਵਜੋਂ ਰੁਤਬਾ ਵੀ ਘਟਾਇਆ ਜਾ ਸਕਦਾ ਹੈ।
ਉਂਜ ਕੁਝ ਅਮਰੀਕੀ ਅਧਿਕਾਰੀਆਂ ਨੇ ਇਸ ਰਣਨੀਤੀ ਦੀ ਸਫਲਤਾ ਉਤੇ ਸ਼ੱਕ ਜ਼ਾਹਰ ਕੀਤਾ ਹੈ। ਉਨ੍ਹਾਂ ਦੀ ਦਲੀਲ ਹੈ ਕਿ ਬੀਤੇ ਸਾਲਾਂ ਦੌਰਾਨ ਪਾਕਿਸਤਾਨ ਨੂੰ ਦਹਿਸ਼ਤੀ ਗਰੁੱਪਾਂ ਦੀ ਪਿੱਠ ਠੋਕਣ ਤੋਂ ਵਰਜਣ ਦੀਆਂ ਅਮਰੀਕੀ ਕੋਸ਼ਿਸ਼ਾਂ ਨੂੰ ਖ਼ਾਸ ਬੂਰ ਨਹੀਂ ਪਿਆ। ਇਸ ਤੋਂ ਇਲਾਵਾ ਭਾਰਤ ਦੀਆਂ ਅਮਰੀਕਾ ਨਾਲ ਵਧ ਰਹੀਆਂ ਨਜ਼ਦੀਕੀਆਂ ਕਾਰਨ ਵੀ ਵਾਸ਼ਿੰਗਟਨ ਨੂੰ ਇਸਲਾਮਾਬਾਦ ਨਾਲ ਰਣਨੀਤਕ ਮੋਰਚੇ ਉਤੇ ਪੇਸ਼ਕਦਮੀ ਦੀ ਜ਼ਿਆਦਾ ਉਮੀਦ ਨਹੀਂ ਹੈ।
ਅਮਰੀਕੀ ਅਧਿਕਾਰੀਆਂ ਦੀ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ 16 ਸਾਲ ਪੁਰਾਣੀ ਅਫ਼ਗ਼ਾਨ ਜੰਗ ਦੀ ਕੀਤੀ ਜਾ ਰਹੀ ਨਜ਼ਰਸਾਨੀ ਤੋਂ ਬਾਅਦ ਉਹ ਪਾਕਿਸਤਾਨ ਨਾਲ ਸਬੰਧ ਤੋੜਨ ਦੇ ਨਹੀਂ ਸਗੋਂ ਮਜ਼ਬੂਤ ਕਰਨ ਦੇ ਚਾਹਵਾਨ ਹਨ। ਨਜ਼ਰਸਾਨੀ ਮੁਕੰਮਲ ਹੋਣ ਤੋਂ ਪਹਿਲਾਂ ਇਸ ਸਬੰਧੀ ਵਾਈਟ ਹਾਊਸ ਜਾਂ ਪੈਂਟਾਗਨ (ਅਮਰੀਕੀ ਰੱਖਿਆ ਵਿਭਾਗ) ਨੇ ਕੁਝ ਕਹਿਣ ਤੋਂ ਨਾਂਹ ਕਰ ਦਿੱਤੀ। ਵਾਸ਼ਿੰਗਟਨ ਸਥਿਤ ਪਾਕਿਸਤਾਨੀ ਸਫ਼ਾਰਤਖ਼ਾਨੇ ਨੇ ਵੀ ਕੋਈ ਟਿੱਪਣੀ ਨਹੀਂ ਕੀਤੀ। ਉਂਜ ਵਿਚਾਰ-ਵਟਾਂਦਰਿਆਂ ਤੋਂ ਇਹੋ  ਜਾਪਦਾ ਹੈ ਕਿ ਅਮਰੀਕਾ ਵੱਲੋਂ ਦਹਿਸ਼ਤਗਰਦਾਂ ਦੀਆਂ ਪਾਕਿਸਤਾਨ ਵਿਚਲੀਆਂ ਸੁਰੱਖਿਅਤ ਲੁਕਣਗਾਹਾਂ ਪ੍ਰਤੀ ਵਧੇਰੇ ਸਖ਼ਤ ਰੁਖ਼ ਅਪਣਾਇਆ ਜਾ ਸਕਦਾ ਹੈ।

 

 

fbbg-image

Latest News
Magazine Archive