ਨੈਦਰਲੈਂਡਜ਼ ਤੋਂ 3-1 ਗੋਲਾਂ ਨਾਲ ਹਾਰਿਆ ਭਾਰਤ


 

ਲੰਡਨ - ਵਿਸ਼ਵ ਹਾਕੀ ਲੀਗ ਸੈਮੀ ਫਾਈਨਲਜ਼ ਵਿੱਚ ਪੁੱਜਣ ਦੀਆਂ ਭਾਰਤ ਦੀਆਂ ਕੋ਼ਸਿਸ਼ਾਂ ਨੂੰ ਉਦੋਂ ਝਟਕਾ ਲੱਗਾ ਜਦੋਂ ਟੀਮ ਗਰੁੱਪ (ਬੀ) ਦੇ ਆਖਰੀ ਮੈਚ ਵਿੱਚ ਨੈਦਰਲੈਂਡਜ਼ ਤੋਂ ਹਾਰ ਗਈ। ਨੈਦਰਲੈਂਡਜ਼ ਦੀ ਟੀਮ ਨੇ ਸਾਰੇ ਤਿੰਨ ਗੋਲ ਪਹਿਲੇ ਦੋ ਕੁਆਰਟਰਾਂ ਵਿੱਚ ਕੀਤੇ। ਨੈਦਰਲੈਂਡਜ਼ ਦੇ ਥੈਰੀ ਬਰਿੰਕਮੈਨ ਨੇ ਦੂਜੇ ਮਿੰਟ ਵਿੱਚ ਹੀ ਭਾਰਤ ਦਾ ਫੱਟਾ ਖੜਕਾ ਕੇ ਟੀਮ ਨੂੰ ਇੱਕ ਗੋਲ ਨਾਲ ਅੱਗੇ ਕਰ ਦਿੱਤਾ ਅਤੇ ਇਸ ਦੇ ਨਾਲ ਹੀ ਭਾਰਤੀ ਟੀਮ ਦਬਾਅ ਵਿੱਚ ਆ ਗਈ। ਇਸ ਤੋਂ ਬਾਅਦ ਦੂਜਾ ਗੋਲ ਸੈਂਡਰ ਬਾਰਟ ਨੇ ਮੈਚ ਦੇ 12ਵੇਂ ਮਿੰਟ ਵਿੱਚ ਕੀਤਾ। ਮੈਚ ਦੇ 24ਵੇਂ ਮਿੰਟ ਵਿੱਚ ਡੱਚ ਟੀਮ ਦੇ ਹੀ ਮਾਈਕਰੋ ਪਰੁਜਿਸੇਰ ਨੇ 24ਵੇਂ ਮਿੰਟ ਵਿੱਚ ਗੋਲ ਕੀਤਾ। ਇਸ ਦੇ ਨਾਲ ਭਾਰਤ ਦੀਆਂ ਜਿੱਤ ਦੀਆਂ ਸੰਭਾਵਨਾਵਾਂ ਉੱਤੇ ਪਾਣੀ ਫਿਰ ਗਿਆ। ਭਾਰਤ ਦੀ ਤਰਫੋਂ ਇੱਕੋ-ਇੱਕ ਗੋਲ ਆਕਾਸ਼ਦੀਪ ਸਿੰਘ ਨੇ ਕੀਤਾ। ਇਹ ਬੇਹੱਦ ਸ਼ਾਨਦਾਰ ਫੀਲਡ ਗੋਲ ਸੀ।
ਭਾਵੇਂ ਇਸ ਹਾਰ ਦਾ ਭਾਰਤ ਦੀਆਂ ਵਿਸ਼ਵ ਹਾਕੀ ਲੀਗ ਵਿੱਚ ਸੰਭਾਵਨਾਵਾਂ ਉੱਤੇ ਅਸਰ ਨਹੀਂ ਪਵੇਗਾ ਕਿਉਂਕਿ ਟੀਮ ਪਹਿਲਾਂ ਹੀ ਕੁਆਰਟਰ ਫਾਈਨਲਜ਼ ਲਈ ਕੁਆਲੀਫਾਈ ਕਰ ਚੁੱਕੀ ਹੈ। ਟੀਮ ਅੱਜ ਦੇ ਮੈਚ ਤੋਂ ਪਹਿਲਾਂ ਤਿੰਨ ਮੈਚ ਜਿੱਤ ਚੁੱਕੀ ਹੈ। ਅੱਜ ਦੀ ਜਿੱਤ ਦੇ ਨਾਲ ਨੈਦਰਲੈਂਡਜ਼ ਚਾਰ ਮੈਚ ਜਿੱਤ ਕੇ ਗਰੁੱਪ (ਬੀ) ਵਿੱਚ ਸਿਖਰ ਉੱਤੇ ਰਿਹਾ। ਭਾਰਤ ਚਾਰ ਵਿੱਚੋਂ ਤਿੰਨ ਮੈਚ ਜਿੱਤ ਕੇ ਗਰੁੱਪ ਵਿੱਚ ਦੂਜੇ ਨੰਬਰ ਉੱਤੇ ਰਿਹਾ। ਹੁਣ ਸੈਮੀ ਫਾਈਨਲ ਵਿੱਚ ਭਾਰਤ ਵੀਰਵਾਰ ਨੂੰ ਮਲੇਸ਼ੀਆ ਨਾਲ ਅਤੇ ਨੈਦਰਲੈਂਡਜ਼ ਪੂਲ ਏ ਵਿੱਚੋਂ ਚੌਥੇ ਸਥਾਨ ਉੱਤੇ ਰਹੀ ਟੀਮ ਚੀਨ ਨਾਲ ਭਿੜੇਗਾ।
ਡੱਚ ਟੀਮ ਅੱਜ ਭਾਰਤ ਨਾਲ ਆਸ ਅਨੁਸਾਰ ਖੇਡੀ ਅਤੇ ਬਹੁਤਾ ਸਮਾਂ ਗੇਂਦ ਉੱਤੇ ਕਬਜ਼ਾ ਕਰ ਕੇ ਰੱਖਿਆ। ਅੱਜ ਮੈਚ ਦੇ ਦੂਜੇ ਮਿੰਟ ਵਿੱਚ ਹੀ ਡੱਚ ਟੀਮ ਨੇ ਅਜਿਹਾ ਹੱਲਾ ਬੋਲਿਆ ਕਿ ਸਰਦਾਰ ਸਿੰਘ ਡੀ ਤੋਂ ਬਾਹਰ ਬਾਲ ਖੁਆਹ ਬੈਠਾ ਅਤੇ ਬਰਿੰਕਮੈਨ ਨੇ ਗੋਲ ਕਰਨ ਵਿੱਚ ਰਤਾ ਵੀ ਕੁਤਾਹੀ ਨਾ ਵਰਤੀ । ਇਸ ਤੋਂ ਬਾਅਦ ਆਕਾਸ਼ ਚਿਕਤੇ ਇੱਕ ਗੋਲ ਨੂੰ ਬਚਾਉਣ ਵਿੱਚ ਕਾਮਯਾਬ ਰਿਹਾ। ਉਸ ਨੇ ਡੈਨੀ ਜੋਨਜ਼ ਡਿ ਗੁਏਜ਼ ਨੂੰ ਛੇਵੇਂ ਮਿੰਟ ਵਿੱਚ ਰੋਕ ਦਿੱਤਾ ਪਰ ਨੈਦਰਲੈਂਡ ਨੇ 12 ਵੇਂ ਮਿੰਟ ਵਿੱਚ ਗੋਲ ਕਰ ਦਿੱਤਾ। ਇਹ ਗੋਲ ਪੈਨਲਟੀ ਕਾਰਨਰ ਤੋਂ ਕੀਤਾ ਗਿਆ। ਇਸ ਤੋਂ ਬਾਅਦ ਭਾਰਤ  ਨੂੰ ਪੈਨਲਟੀ ਕਾਰਨਰ ਮਿਲਿਆ ਪਰ ਟੀਮ ਲਾਹਾ ਨਾ ਲੈ ਸਕੀ। ਇਸ ਤੋਂ ਬਾਅਦ ਨੈਦਰਲੈਂਡਜ਼ ਨੂੰ ਦੋ ਪੈਨਲਟੀ ਕਰਨਰ ਮਿਲੇ ਪਰ ਬੇਅਰਥ ਗਏ। 24ਵੇਂ ਮਿੰਟ ਵਿੱਚ ਨੈਦਰਲੈਂਡਜ਼ ਨੇ ਗੋਲ ਕਰਕੇ ਲੀਡ 3-0 ਕਰ ਦਿੱਤੀ। ਆਖਰੀ ਦਸ ਮਿੰਟਾਂ ਵਿੱਚ ਭਾਰਤ ਨੂੰ ਦੋ ਪੈਨਲਟੀ ਕਾਰਨਰ ਮਿਲੇ ਪਰ ਟੀਮ ਗੋਲ ਨਾ ਕਰ ਸਕੀ।       

 

 

fbbg-image

Latest News
Magazine Archive