ਪੰਜਾਬ ਵਿਚ ਛੇ ਸੜਕ ਹਾਦਸੇ: 16 ਹਲਾਕ, ਦਰਜਨਾਂ ਜ਼ਖ਼ਮੀ


 

ਚੰਡੀਗੜ੍ਹ - ਪੰਜਾਬ ਵਿੱਚ ਅੱਜ ਵੱਖ ਵੱਖ ਥਾਈਂ ਵਾਪਰੇ ਸੜਕ ਹਾਦਸਿਆਂ ਵਿੱਚ ਚਾਰ ਬੱਚਿਆਂ ਸਮੇਤ 16 ਜਣਿਆਂ ਦੀ ਮੌਤ ਹੋ ਗਈ ਤੇ ਦਰਜਨ ਤੋਂ ਵਧ ਜ਼ਖ਼ਮੀ ਹੋ ਗਏ। ਇਹ ਹਾਦਸੇ ਸ਼ਾਹਕੋਟ, ਫਿਰੋਜ਼ਪੁਰ, ਪੱਟੀ, ਮੋਗਾ, ਪਟਿਆਲਾ ਅਤੇ ਪਠਾਨਕੋਟ ਵਿੱਚ ਵਾਪਰੇ। ਸ਼ਾਹਕੋਟ ਵਿੱਚ ਬੇਕਾਬੂ ਟਰੱਕ ਜੀਪ ’ਤੇ ਚੜ੍ਹ ਗਿਆ ਜਿਸ ਵਿੱਚ 4 ਜਣਿਆਂ ਦੀ ਮੌਤ ਹੋ ਗਈ ਤੇ ਨੌਂ ਜਣੇ ਜ਼ਖ਼ਮੀ ਹੋ ਗਏ। ਇਸੇ ਤਰ੍ਹਾਂ ਫਿਰੋਜ਼ਪੁਰ ਵਿੱਚ ਇਕ ਗੱਡੀ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਇਕੋ ਪਰਿਵਾਰ ਦੇ ਤਿੰਨ ਜੀਅ ਹਲਾਕ ਅਤੇ ਪੰਜ ਜ਼ਖ਼ਮੀ,  ਪੱਟੀ ਵਿੱਚ ਕਾਰ ਤੇ ਮੋਟਰਸਾਈਕਲ ਦੀ ਟੱਕਰ ਵਿੱਚ ਦੋ ਬੱਚਿਆਂ ਸਣੇ ਤਿੰਨ ਹਲਾਕੇ ਅਤੇ ਇਕ ਜ਼ਖ਼ਮੀ, ਮੋਗਾ ਵਿੱਚ ਟਰੈਕਟਰ ਤੇ ਕੈਂਟਰ ਦੀ ਟੱਕਰ ਵਿੱਚ ਦੋ ਜਣਿਆਂ ਦੀ ਮੌਤ ਹੋ ਗਈ। ਪਟਿਆਲਾ ਵਿੱਚ ਇਨੋਵਾ ਗੱਡੀ ਪਲਟਣ ਕਾਰਨ ਦੋ ਔਰਤਾਂ ਦੀ ਮੌਤ ਹੋ ਗਈ ਤੇ ਤਿੰਨ ਜਣੇ ਜ਼ਖ਼ਮੀ ਹੋ ਗਏ। ਇਸੇ ਤਰ੍ਹਾਂ ਪਠਾਨਕੋਟ ਵਿੱਚ ਸਕੂਟੀ ਬੇਕਾਬੂ ਹੋ ਕੇ ਹਾਦਸਾਗ੍ਰਸਤ ਹੋ ਗਈ ਜਿਸ ਵਿੱਚ ਪਤੀ ਪਤਨੀ ਦੀ ਮੌਤ ਹੋ ਗਈ ਤੇ ਬੱਚੀ ਜ਼ਖ਼ਮੀ ਹੋ ਗਈ।
ਸ਼ਾਹਕੋਟ - ਇਥੇ ਮਲਸੀਆਂ-ਲੋਹੀਆਂ ਖਾਸ ਰਾਸ਼ਟਰੀ ਮਾਰਗ ’ਤੇ ਪਿੰਡ ਰੂਪੇਵਾਲੀ ਦੀ ਦਾਣਾ ਮੰਡੀ ਨੇੜੇ ਜੀਪ ਅਤੇ ਟਰੱਕ ਵਿਚਾਲੇ ਹੋਈ ਟੱਕਰ ਵਿੱਚ 2 ਬੱਚਿਆਂ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ ਅਤੇ ਨੌਂ ਜਣੇ ਗੰਭੀਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਨੰਗਲ ਲੁਬਾਣਾ ਦੇ ਇਕ ਪਰਿਵਾਰ ਦੇ 13 ਜੀਅ ਇਕ ਜੀਪ ਵਿੱਚ ਧਾਰਮਿਕ ਸਥਾਨ ’ਤੇ ਜਾ ਰਹੇ ਸਨ ਕਿ ਪਿੰਡ ਰੂਪੇਵਾਲੀ ਨੇੜੇ ਇਕ ਤੇਜ਼ ਰਫ਼ਤਾਰ ਟਰੱਕ ਬੇਕਾਬੂ ਹੋ ਕੇ ਉਨ੍ਹਾਂ ਦੀ ਜੀਪ ’ਤੇ ਜਾ ਚੜ੍ਹਿਆ। ਇਸ ਹਾਦਸੇ ਵਿੱਚ ਜੀਪ ਚਾਲਕ ਰਣਜੀਤ ਸਿੰਘ, ਪਰਮਿੰਦਰ ਕੌਰ(54), ਸੁਖਦੀਪ ਸਿੰਘ(3)ਅਤੇ ਜਪਜੀਤ ਸਿੰਘ(11 ਮਹੀਨੇ) ਦੀ ਮੌਤ ਹੋ ਗਈ ਅਤੇ ਹਰਮੀਤ ਸਿੰਘ, ਮਨਜੋਤ ਸਿੰਘ(ਢਾਈ ਸਾਲ), ਸੁਖਵੰਤ ਕੌਰ ,ਬਲਜੀਤ ਕੌਰ, ਗੁਰਬਚਨ ਕੌਰ, ਕਰਮਜੀਤ ਸਿੰਘ, ਗੁਰਲੀਨ ਸਿੰਘ, ਗੁਰਜਿੰਦਰ ਸਿੰਘ ਅਤੇ ਜਤਿੰਦਰਜੀਤ ਸਿੰਘ ਲਵਲੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਜਲੰਧਰ ਦੇ ਨਿਜੀ ਹਸਪਤਾਲਾਂ ਵਿੱਚ ਦਾਖਲ ਕਰਾਇਆ ਗਿਆ ਹੈ। ਪੁਲੀਸ ਨੇ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ।
ਫ਼ਿਰੋਜ਼ਪੁਰ - ਇਥੇ ਪਿੰਡ ਲੋਹਗੜ੍ਹ ਨੇੜੇ ਅੱਜ ਤੜਕਸਾਰ ਵਾਪਰੇ ਸੜਕ ਹਾਦਸੇ ਵਿਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਤੇ 4 ਬੱਚਿਆਂ ਸਣੇ ਪੰਜ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਵੱਖ ਵੱਖ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ। ਮਰਨ ਵਾਲਿਆਂ ਦੀ ਪਛਾਣ ਵਰਿੰਦਰ ਕੁਮਾਰ ਉਰਫ਼ ਸੂਰਜ (41),ਉਸਦੀ ਪਤਨੀ ਪੁਸ਼ਪਾ ਰਾਣੀ (36) ਅਤੇ ਭਰਜਾਈ ਮਨੀਸ਼ਾ (32) ਵਜੋਂ ਹੋਈ ਹੈ। ਜ਼ਖ਼ਮੀਆਂ ਵਿਚ ਵਰਿੰਦਰ ਕੁਮਾਰ ਦਾ ਭਰਾ ਅਸ਼ੋਕ ਕੁਮਾਰ (32), ਉਸਦਾ ਬੇਟਾ ਕਸ਼ਵ (6), ਬੇਟੀ ਕਸ਼ਿਸ਼ (7),  ਵਰਿੰਦਰ ਕੁਮਾਰ ਦਾ ਬੇਟਾ ਲਵਪ੍ਰੀਤ (12), ਅਤੇ ਬੇਟੀ ਲੀਜ਼ਾ (9) ਸ਼ਾਮਲ ਹਨ। ਹਾਦਸਾ ਸਵੇਰੇ ਢਾਈ ਵਜੇ ਦੇ ਕਰੀਬ ਵਾਪਰਿਆ। ਹਾਦਸਾਗ੍ਰਸਤ ਹੋਈ ਐਸਯੂਵੀ ਗੱਡੀ ਨੂੰ ਵਰਿੰਦਰ ਚਲਾ ਰਿਹਾ ਸੀ। ਮੰਨਿਆ ਜਾ ਰਿਹਾ ਹੈ ਕਿ ਵਰਿੰਦਰ ਨੂੰ ਨੀਂਦ ਆ ਗਈ ਜਿਸ ਕਾਰਨ  ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਸਫ਼ੇਦੇ ਵਿਚ ਜਾ ਵੱਜੀ। ਇਹ ਪਰਿਵਾਰ ਮਾਤਾ ਚਿੰਤਪੁਰਨੀ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ।
ਪੱਟੀ - ਇਥੇ ਪੱਟੀ- ਤਰਨ ਤਾਰਨ ਸੜਕ ’ਤੇ ਮਾਹੀ ਪੈਲੇਸ ਕੈਰੋਂ ਨਜ਼ਦੀਕ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਵਿੱਚ ਦੋ ਮਾਸੂਮ ਬੱਚਿਆਂ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ ਤੇ ਇਕ ਔਰਤ ਗੰਭੀਰ ਜ਼ਖ਼ਮੀ ਹੋ ਗਈ। ਮ੍ਰਿਤਕ ਜੋਗਾ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਪੁਲੀਸ ਥਾਣਾ ਖੇਮਕਰਨ ਅਧੀਨ ਪੈਂਦੇ ਪਿੰਡ ਕਲਸ ਵਿੱਚ ਆਪਣੀ ਭੈਣ ਅਤੇ ਬੱਚਿਆਂ ਨੂੰ ਸਕੂਲ ਦੀਆਂ ਛੁੱਟੀਆਂ ਹੋਣ ਕਾਰਨ ਲੈਣ ਲਈ ਗਿਆ ਹੋਇਆ ਸੀ। ਅੱਜ ਜਦ ਉਹ ਆਪਣੀ ਭੈਣ ਗੁਰਮੀਤ ਕੌਰ ਪਤਨੀ ਪ੍ਰੇਮ ਸਿੰਘ, ਭਾਣਜੀ ਪੁਨੀਤ ਕੌਰ (1) ਪੁੱਤਰੀ ਪ੍ਰੇਮ ਸਿੰਘ ਅਤੇ ਸੁਖਮਨਦੀਪ ਸਿੰਘ(6) ਨੂੰ ਆਪਣੇ ਮੋਟਰਸਾਈਕਲ ’ਤੇ ਲੈ ਕੇ ਆ ਰਿਹਾ ਸੀ ਤਾਂ ਮਾਹੀ ਪੈਲਸ ਨੇੜੇ ਤਰਨ ਤਾਰਨ ਵੱਲੋਂ ਆ ਰਹੀ ਕਾਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਜੋਗਾ ਸਿੰਘ ਅਤੇ ਉਸ ਦੀ ਭਾਣਜੀ ਪੁਨੀਤ ਕੌਰ, ਭਾਣਜਾ ਸੁਖਮਨਦੀਪ ਸਿੰਘ ਦੀ ਮੌਤ ਹੋ ਗਈ ਅਤੇ ਉਸ ਦੀ ਲੜਕੀ ਗੁਰਮੀਤ ਕੌਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਪੁਲੀਸ ਨੇ ਸੁਖਵਿੰਦਰ ਸਿੰਘ ਦੇ ਬਿਆਨਾਂ ’ਤੇ ਕੇਸ ਦਰਜ ਕਰ ਲਿਆ ਹੈ।
ਮੋਗਾ -  ਇਥੇ ਮੋਗਾ-ਲੁਧਿਆਣਾ ਕੌਮੀ ਸ਼ਾਹ ਮਾਰਗ ਉੱਤੇ ਪਿੰਡ ਚੂਹੜਚੱਕ ਸੇਮਨਾਲਾ ਨੇੜੇ ਟਰੈਕਟਰ ਤੇ ਕੈਂਟਰ ਵਿਚਾਲੇ ਟੱਕਰ ਹੋ ਗਈ ਤੇ ਟਰੈਕਟਰ ਡਰੇਨ ’ਚ ਪਲਟ ਗਿਆ। ਇਸ ਹਾਦਸੇ ’ਚ ਟਰੈਕਟਰ ਚਾਲਕ ਸਹੁਰਾ-ਜਵਾਈ ਦੀ ਮੌਤ ਹੋ ਗਈ। ਥਾਣਾ ਅਜੀਤਵਾਲ ਪੁਲੀਸ ਨੇ ਕੈਂਟਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਗਿਆਨ ਸਿੰਘ (50) ਨਿਵਾਸੀ ਪਿੰਡ ਮਲਿਕ ਜਗਰਾਓਂ ਆਪਣੇ ਜਵਾਈ ਧਰਮਵੀਰ ਸਿੰਘ (26) ਵਾਸੀ ਅਲੀਗੜ੍ਹ ਯੂ.ਪੀ. ਨਾਲ ਟਰੈਕਟਰ ਟਰਾਲੀ ਤੇ ਭੇਡਾਂ ਲੱਦ ਕੇ ਜਗਰਾਓਂ ਤੋਂ ਮੋਗਾ ਵੱਲ ਆ ਰਹੇ ਸਨ ਕਿ ਸੇਮਨਾਲਾ ਚੂਹੜਚੱਕ ਨੇੜੇ ਪਿੱਛੋਂ ਆ ਰਹੇ ਤੇਜ਼ ਰਫ਼ਤਾਰ ਕੈਂਟਰ ਨੇ ਟੱਕਰ ਮਾਰੀ ਤੇ ਟਰੈਕਟਰ ਸੇਮ ਨਾਲੇ ’ਚ ਪਲਟ ਗਿਆ। ਇਸ ਹਾਦਸੇ ਵਿੱਚ ਧਰਮਵੀਰ ਸਿੰਘ ਵਾਸੀ ਅਲੀਗੜ੍ਹ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਉਸਦੇ ਸਹੁਰੇ ਗਿਆਨ ਸਿੰਘ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਪੁਲੀਸ ਨੇ ਮਲਕੀਤ ਸਿੰਘ ਦੇ ਬਿਆਨਾਂ ’ਤੇ ਕੈਂਟਰ ਚਾਲਕ ਬਹਾਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਪਟਿਆਲਾ - ਰਾਜਪੁਰਾ ਵਿੱਚ ਅੱਜ ਇੱੱਕ ਵਿਆਹ ਸਮਾਗਮ ਤੋਂ ਪਰਤਦਿਆਂ ਇਨੋਵਾ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਦੋ ਔਰਤਾਂ ਦੀ ਮੌਤ ਹੋ ਗਈ ਤੇ ਤਿੰਨ  ਜਣੇ ਜ਼ਖਮੀ  ਹੋ ਗਏ। ਇਹ ਪਰਿਵਾਰ ਇਨੋਵਾ ਗੱਡੀ ਵਿਚ ਸਵਾਰ ਸੀ ਜੋ ਭਵਾਨੀਗੜ੍ਹ ਦਾ ਦੱਸਿਆ ਜਾ ਰਿਹਾ ਹੈ। ਇਹ ਗੱਡੀ ਰਾਜਪੁਰਾ ਸੜਕ ’ਤੇ ਪਿੰਡ ਧਰੇੜੀ ਜੱਟਾਂ ਨੇੜੇ ਅੱਗੇ ਆਵਾਰਾ ਪਸ਼ੂ ਆਉਣ ਕਾਰਨ ਪਲਟ ਗਈ। ਮਿ੍ਤਕ ਔਰਤਾਂ ਸੱਸ-ਨੂੰਹ ਸਨ। ਉਨ੍ਹਾਂ ਦੀ ਪਛਾਣ ਸੁਨੇਹ ਲਤਾ(56) ਪਤਨੀ ਰਾਜਿੰਦਰ ਸੱਚਦੇਵਾ ਅਤੇ ਕਾਮਨੀ(26)  ਪਤਨੀ  ਕਰਨ ਪੁੱਤਰ ਰਾਜਿੰਦਰ ਸੱਚਦੇਵਾ ਵਾਸੀਆਨ ਭਵਾਨੀਗੜ੍ਹ ਵਜੋਂ ਹੋਈ ਹੈ| ਜ਼ਖ਼ਮੀਆਂ ਦੀ ਪਛਾਣ ਰਾਜਿੰਦਰ ਸੱਚਦੇਵਾ,  ਕਰਨ ਅਤੇ ਉਨ੍ਹਾਂ ਦੇ ਨੇੜਲੇ ਵਜੋਂ ਹੋਈ ਹੈ। ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਆਰੰਭ ਦਿੱਤੀ ਹੈ।
ਪਠਾਨਕੋਟ - ਇਥੇ ਪਠਾਨਕੋਟ-ਜਲੰਧਰ ਕੌਮੀ ਸ਼ਾਹਰਾਹ ’ਤੇ ਪੈਂਦੇ ਡਮਟਾਲ ਸਥਿਤ ਹਿਲਟਾਪ ਮੰਦਿਰ ਨੇੜੇ ਅੱਜ ਬਾਅਦ ਦੁਪਹਿਰ ਇਕ ਸਕੂਟੀ ਬੇਕਾਬੂ ਹੋ ਕੇ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿੱਚ ਸਕੂਟੀ ਸਵਾਰ ਪਤੀ-ਪਤਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦ ਕਿ ਉਨ੍ਹਾਂ ਦੀ 12 ਸਾਲਾਂ ਦੀ ਧੀ ਜ਼ਖ਼ਮੀ ਹੋ ਗਈ।  ਮਿ੍ਤਕ ਜੋੜੇ ਦੀ ਪਛਾਣ ਸੰਤੋਖ ਰਾਜ, ਪਤਨੀ ਸੁਨੀਤਾ ਵਜੋਂ ਹੋਈ ਹੈ ਜਦੋਂ ਕਿ ਹਾਦਸੇ ਵਿੱਚ ਜ਼ਖ਼ਮੀ ਹੋਈ ਬੱਚੀ ਦੀ ਪਛਾਣ ਭਾਨੂ ਪ੍ਰਿਆ ਵਜੋਂ ਹੋਈ ਹੈ।

 

 

fbbg-image

Latest News
Magazine Archive