ਰਾਸ਼ਟਰਪਤੀ ਚੋਣ: ਸੋਨੀਆ ਤੇ ਯੇਚੁਰੀ ਨੂੰ ਮਿਲਣਗੇ ਭਾਜਪਾ ਆਗੂ


 

ਨਵੀਂ ਦਿੱਲੀ - ਭਾਜਪਾ ਨੇ ਆਪਣੇ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਵਾਸਤੇ ਵੱਧ ਤੋਂ ਵੱਧ ਸਮਰਥਨ ਹਾਸਲ ਕਰਨ ਲਈ ਯਤਨ ਤੇਜ਼ ਕਰ ਦਿੱਤੇ ਹਨ। ਇਸ ਵਾਸਤੇ ਭਾਜਪਾ ਨੇ ਤਿੰਨ ਮੈਂਬਰੀ ਪੈਨਲ ਵੱਲੋਂ ਭਾਈਵਾਲਾਂ ਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਨਾਲ ਬੈਠਕਾਂ ਕੀਤੀਆਂ ਜਾ ਰਹੀਆਂ ਹਨ। ਪਾਰਟੀ ਸੂਤਰਾਂ ਮੁਤਾਬਕ ਸਿਖ਼ਰਲੇ ਸੰਵਿਧਾਨਕ ਅਹੁਦੇ ਲਈ ਐਨਡੀਏ ਉਮੀਦਵਾਰ ਦੀ ਨਾਮਜ਼ਦਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 25 ਜੂਨ ਨੂੰ ਅਮਰੀਕਾ ਫੇਰੀ ’ਤੇ ਰਵਾਨਾ ਹੋਣ ਤੋਂ ਪਹਿਲਾਂ ਦਾਖ਼ਲ ਕੀਤੀ ਜਾ ਸਕਦੀ ਹੈ। ਇਸ ਹਫ਼ਤੇ ਨਾਮਜ਼ਦਗੀ ਦਾਖ਼ਲ ਕਰਨ ਤੋਂ ਇਨਕਾਰ ਕਰਦਿਆਂ ਉਨ੍ਹਾਂ ਕਿਹਾ ਕਿ ਸਲਾਹ ਮਸ਼ਵਰੇ ’ਤੇ ਹੋਰ ਸਮਾਂ ਲੱਗੇਗਾ। ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਐਮ ਵੈਂਕਈਆ ਨਾਇਡੂ ਦਾ ਦੋ ਮੈਂਬਰੀ ਪੈਨਲ ਸ਼ੁੱਕਰਵਾਰ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰੇਗਾ ਤਾਂ ਜੋ ਉਮੀਦਵਾਰ ਬਾਰੇ ਸਹਿਮਤੀ ਬਣਾਈ ਜਾ ਸਕੇ। ਸੋਨੀਆ ਨਾਲ ਮੁਲਾਕਾਤ ਬਾਅਦ ਇਸ ਪੈਨਲ ਦੇ ਸੀਪੀਆਈ (ਐਮ) ਦੇ ਸੀਤਾਰਾਮ ਯੇਚੁਰੀ ਨੂੰ ਮਿਲਣ ਦੀ ਸੰਭਾਵਨਾ ਹੈ। ਅੱਜ ਤੋਂ ਨਾਮਜ਼ਦਗੀ ਦਾਖ਼ਲ ਕਰਨ ਦੀ ਸ਼ੁਰੂ ਹੋਈ ਪ੍ਰਕਿਰਿਆ 28 ਜੂਨ ਤਕ ਜਾਰੀ ਰਹੇਗੀ।
17 ਜੁਲਾਈ ਨੂੰ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ਲਈ ਰਣਨੀਤੀ ਬਣਾਉਣ ਵਾਸਤੇ ਅੱਜ ਵਿਰੋਧੀ ਧਿਰਾਂ ਦੇ ਆਗੂਆਂ ਦੀ ਹੋਈ ਬੈਠਕ ਵਿੱਚ ਕਿਸੇ ਵੀ ਆਗੂ ਦੇ ਨਾਂ ਵਿਚਾਰ ਨਹੀਂ ਕੀਤਾ ਗਿਆ। ਬੈਠਕ ਬਾਅਦ ਕਾਂਗਰਸ ਦੇ ਸੀਨੀਅਰ ਆਗੂ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਰਾਸ਼ਟਰਪਤੀ ਦੇ ਅਹੁਦੇ ਲਈ ਢੁਕਵੇਂ ਉਮੀਦਵਾਰ ਬਾਰੇ ਫ਼ੈਸਲੇ ਵਾਸਤੇ ਵਿਰੋਧੀ ਧਿਰਾਂ ਦੇ 10 ਮੈਂਬਰੀ ਪੈਨਲ ਦੀ ਮੁੜ ਬੈਠਕ ਹੋਵੇਗੀ। ਇਸ ਦੌਰਾਨ ਖੱਬੇਪੱਖੀ ਪਾਰਟੀਆਂ ਵੱਲੋਂ ਪੱਛਮੀ ਬੰਗਾਲ ਦੇ ਸਾਬਕਾ ਰਾਜਪਾਲ ਗੋਪਾਲਕ੍ਰਿਸ਼ਨ ਗਾਂਧੀ ਦਾ ਨਾਂ ਰਾਸ਼ਟਰਪਤੀ ਦੇ ਅਹੁਦੇ ਲਈ ਪੇਸ਼ ਕੀਤੇ ਜਾਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਸੀਪੀਆਈ ਤੇ ਸੀਪੀਐਮ ਵਿਚਲੇ ਸੂਤਰਾਂ ਮੁਤਾਬਕ, ‘ਅਸੀਂ ਗੋਪਾਲਕ੍ਰਿਸ਼ਨ ਗਾਂਧੀ ਦੇ ਨਾਂ ’ਤੇ ਵਿਚਾਰ ਕਰ ਰਹੇ ਹਾਂ ਕਿਉਂਕਿ ਉਹ ਕਿਸੇ ਸਿਆਸੀ ਪਾਰਟੀ ਨਾਲ ਸਬੰਧਤ ਨਹੀਂ ਹਨ। ਜੇਡੀ (ਯੂ) ਆਗੂ ਸ਼ਰਦ ਯਾਦਵ ਦੀ ਨਾਮਜ਼ਦਗੀ ਉਤੇ ਵੀ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ ।’                

 

 

fbbg-image

Latest News
Magazine Archive