ਪਾਕਿਸਤਾਨ ਵੱਲੋਂ ਮੇਜ਼ਬਾਨ ਚਾਰੋ ਖਾਨੇ ਚਿੱਤ


 

ਇੰਗਲੈਂਡ ਨੂੰ ਅੱਠ ਵਿਕਟਾਂ ਨਾਲ ਦਿੱਤੀ ਜ਼ਬਰਦਸਤ ਸ਼ਿਕਸਤ; ਫਾਈਨਲ ਦਾ ਕਟਾਇਆ ਟਿਕਟ
ਕਾਰਡਿਫ - ਗੇਂਦਬਾਜ਼ ਹਸਨ ਅਲੀ ਵੱਲੋਂ 35 ਦੌੜਾਂ ’ਤੇ ਲਈਆਂ ਤਿੰਨ ਵਿਕਟਾਂ ਤੇ ਮਗਰੋਂ ਅਜ਼ਹਰ ਅਲੀ ਦੀ 100 ਗੇਂਦਾਂ ’ਤੇ 75 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਪਾਕਿਸਤਾਨ ਨੇ ਅੱਜ ਇਥੇ ਚੈਂਪੀਅਨਜ਼ ਟਰਾਫ਼ੀ ਦੇ ਪਹਿਲੇ ਸੈਮੀ ਫਾਈਨਲ ਵਿੱਚ ਮੇਜ਼ਬਾਨ ਇੰਗਲੈਂਡ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਫਾਈਨਲ ਦਾ ਟਿਕਟ ਕਟਾ ਲਿਆ ਹੈ। ਉਂਜ ਇਹ ਪਹਿਲਾ ਮੌਕਾ ਹੈ ਜਦੋਂ ਪਾਕਿਸਤਾਨ ਨੂੰ ਚੈਂਪੀਅਨਜ਼ ਟਰਾਫ਼ੀ ਦਾ ਖ਼ਿਤਾਬੀ ਮੁਕਾਬਲਾ ਖੇਡਣ ਦਾ ਮੌਕਾ ਮਿਲੇਗਾ। ਫਾਈਨਲ ਵਿੱਚ ਉਸ ਦੀ ਟੱਕਰ ਭਲਕੇ ਭਾਰਤ ਤੇ ਬੰਗਲਾਦੇਸ਼ ਵਿਚਾਲੇ ਹੋਣ ਵਾਲੇ ਦੂਜੇ ਸੈਮੀ ਫਾਈਨਲ ਦੇ ਜੇਤੂ ਨਾਲ ਹੋਵੇਗੀ। ਚੈਂਪੀਅਨਜ਼ ਟਰਾਫ਼ੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਵੇਗਾ ਜਦੋਂ ਏਸ਼ੀਆ ਦੀਆਂ ਦੋ ਟੀਮਾਂ ਫਾਈਨਲ ਵਿੱਚ ਭਿੜਨਗੀਆਂ। ਪਾਕਿਸਤਾਨ ਨੇ ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰ ਮੰਨੇ ਜਾਂਦੇ ਅਤੇ ਗਰੁੱਪ ਲੀਗ ਵਿੱਚ ਅਜਿੱਤ ਰਹੇ ਮੇਜ਼ਬਾਨ ਇੰਗਲੈਂਡ ਨੂੰ 49.5 ਓਵਰਾਂ ਵਿੱਚ 211 ’ਤੇ ਆਉੂਟ ਕਰਨ ਤੋਂ ਬਾਅਦ 37.1 ਓਵਰਾਂ ਵਿੱਚ ਦੋ ਵਿਕਟਾਂ ਦੇ ਨੁਕਸਾਨ ਨਾਲ 215 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਫਖ਼ਰ ਜ਼ਮਾਨ ਨੇ 58 ਗੇਂਦਾਂ ’ਤੇ 57 ਦੌੜਾਂ ਬਣਾਈਆਂ। ਬਾਬਰ ਆਜ਼ਮ ਅਤੇ ਮੁਹੰਮਦ ਹਫੀਜ਼ ਨਾਬਾਦ ਰਹੇ। ਉਨ੍ਹਾਂ ਨੇ ਕ੍ਰਮਵਾਰ 38 ਤੇ 31 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਜੇਕ ਬਾਲ ਅਤੇ ਆਦਿਲ ਰਾਸ਼ਿਦ ਨੇ ਇਕ ਇਕ ਵਿਕਟ ਲਈ।
ਇਸ ਤੋਂ ਪਹਿਲਾਂ ਬੱਲੇਬਾਜ਼ੀ ਕਰਦਿਆਂ ਇੰਗਲੈਂਡ ਨੇ 211 ਦੌੜਾਂ ਬਣਾਈਆਂ ਸਨ। ਪਹਿਲਾਂ ਫੀਲਡਿੰਗ ਕਰਦਿਆਂ ਪਾਕਿਸਤਾਨ ਨੇ ਬਿਹਤਰੀਨ ਗੇਂਦਬਾਜ਼ੀ ਕੀਤੀ ਤੇ 49.5 ਓਵਰਾਂ ਵਿੱਚ ਇੰਗਲੈਂਡ ਨੂੰ ਢੇਰ ਕਰ ਦਿੱਤਾ। ਹਸਨ ਅਲੀ ਨੇ 35 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਜਦੋਂ ਕਿ ਜੁਨੈਦ ਖਾਨ ਅਤੇ ਰੁਮਾਨ ਰਈਸ ਦੇ ਹਿੱਸੇ ਦੋ ਦੋ ਵਿਕਟਾਂ ਆਈਆਂ। ਇੰਗਲੈਂਡ ਲਈ ਜੋਅ ਰੂਟ ਨੇ 46, ਜੌਨੀ ਬੇਅਰਸਟਾਅ ਨੇ 43 ਅਤੇ ਇਓਨ ਮੋਰਗਨ ਨੇ 33 ਦੌੜਾਂ ਬਣਾਈਆਂ। ਇਨ੍ਹਾਂ ਖਿਡਾਰੀਆਂ ਨੇ ਕੁਝ ਦੇਰ ਟਿਕ ਕੇ ਬੱਲੇਬਾਜ਼ੀ ਕੀਤੀ, ਪਰ ਉਨ੍ਹਾਂ ਦੀਆਂ ਵਿਕਟਾਂ ਨਿਰਧਾਰਿਤ ਵਕਫ਼ੇ ਬਾਅਦ ਡਿਗਦੀਆਂ ਰਹੀਆਂ। ਅਖੀਰ ਵਿੱਚ ਹਰਫਨਮੌਲਾ ਬੈੱਨ ਸਟੋਕਸ ਨੇ 34 ਦੌੜਾਂ ਬਣਾਈਆਂ ਜਿਸ ਨਾਲ ਇੰਗਲੈਂਡ ਦੀ ਟੀਮ 200 ਦੌੜਾਂ ਦੇ ਪਾਰ ਪਹੁੰਚ ਸਕੀ।

 

 

fbbg-image

Latest News
Magazine Archive