ਮਹਾਰਾਸ਼ਟਰ ਸਰਕਾਰ ਵੱਲੋਂ ਕਿਸਾਨੀ ਕਰਜ਼ੇ ਮੁਆਫ਼ ਕਰਨ ਦਾ ਐਲਾਨ

ਮੁੰਬਈ - ਮਹਾਰਾਸ਼ਟਰ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਹੈ ਤੇ ਨਾਲ ਹੀ ਕਰਜ਼ਾ ਮੁਆਫ਼ੀ ਦੇ ਮਾਪਦੰਢ ਤੈਅ ਕਰਨ ਲਈ ਕਮੇਟੀ ਬਣਾਉਣ ਦਾ ਫ਼ੈਸਲਾ ਲਿਆ ਹੈ। ਸਰਕਾਰ ਦੇ ਇਸ ਐਲਾਨ ਮਗਰੋਂ ਕਿਸਾਨਾਂ ਨੇ ਆਪਣਾ ਸੰਘਰਸ਼ ਵਾਪਸ ਲੈ ਲਿਆ ਹੈ।
ਮਾਲ ਮੰਤਰੀ ਚੰਦਰਕਾਂਤ ਪਾਟਿਲ ਨੇ ਦੱਸਿਆ ਕਿ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦਾ ਫ਼ੈਸਲਾ ਕੀਤਾ ਹੈ। ਘੱਟ ਜ਼ਮੀਨਾਂ ਵਾਲੇ ਕਿਸਾਨਾਂ ਦਾ ਸਾਰਾ ਕਰਜ਼ਾ ਅੱਜ ਤੋਂ ਹੀ ਮੁਆਫ਼ ਕੀਤਾ ਜਾਵੇਗਾ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਵੱਲੋਂ ਗਠਿਤ ਉੱਚ ਪੱਧਰੀ ਕਮੇਟੀ ਦੇ ਪ੍ਰਧਾਨ ਪਾਟਿਲ ਅੱਜ ਇੱਥੇ ਕਿਸਾਨ ਆਗੂਆਂ ਨਾਲ ਗੱਲਬਾਤ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਗੱਲਬਾਤ ’ਚ ਭਾਗ ਲੈਣ ਆਏ ਕਿਸਾਨ ਆਗੂ ਤੇ ਲੋਕ ਸਭਾ ਮੈਂਬਰ ਰਾਜੂ ਸ਼ੈੱਟੀ ਨੇ ਕਿਹਾ ਕਿ  ਉਹ ਖੁਸ਼ ਹਨ ਕਿ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਹਨ। ਸ੍ਰੀ ਸ਼ੈੱਟੀ ਨੇ ਕਿਹਾ, ‘ਸਾਡੇ ਮਸਲੇ ਸੁਲਝ ਗਏ ਹਨ। ਅਸੀਂ ਭਲਕੇ ਤੇ ਪਰਸੋਂ ਹੋਣ ਵਾਲੇ ਧਰਨੇ ਮੁਜ਼ਾਹਰੇ ਸਮੇਤ ਆਪਣਾ ਸੰਘਰਸ਼ ਅਸਥਾਈ ਤੌਰ ’ਤੇ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ, ਪਰ ਜੇਕਰ 25 ਜੁਲਾਈ ਤੱਕ ਕਰਜ਼ਾ ਮੁਆਫ਼ੀ ਬਾਰੇ ਕੋਈ ਤਸੱਲੀਬਖ਼ਸ਼ ਫ਼ੈਸਲਾ ਨਾ ਲਿਆ ਗਿਆ ਤਾਂ ਉਹ ਆਪਣਾ ਸੰਘਰਸ਼ ਮੁੜ ਸ਼ੁਰੂ ਕਰ ਦੇਣਗੇ।’ ਇੱਕ ਹੋਰ ਕਿਸਾਨ ਆਗੂ ਰਘੂਨਾਥਦਾਦਾ ਪਾਟਿਲ ਨੇ ਕਿਹਾ ਮੰਤਰੀ ਨੇ ਭਰੋਸਾ ਦਿੱਤਾਅੱਜ ਹੈ ਕਿ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ਼ ਹੋਵੇਗਾ। ਮੰਤਰੀ ਸਮੂਹ ਨੇ ਕਿਸਾਨਾਂ ਨੂੰ  ਨਵੇਂ ਸਿਰੇ ਤੋਂ ਕਰਜ਼ਾ ਦੇਣਾ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਮਾਲ ਮੰਤਰੀ ਨੂੰ ਜਦੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਸਾਧਾਰਨ ਬੈਂਕਿੰਗ ਦਾ ਸਵਾਲ ਹੈ। ਜਦ ਤੱਕ ਪੁਰਾਣਾ ਕਰਜ਼ਾ ਮੁਆਫ਼ ਨਹੀਂ ਹੋਵੇਗਾ, ਨਵਾਂ ਕਰਜ਼ਾ ਨਹੀਂ ਮਿਲ ਸਕਦਾ।                
ਸ਼ਿਵਰਾਜ ਚੌਹਾਨ ਨੇ ਵਰਤ ਕੀਤਾ ਸਮਾਪਤ
ਭੋਪਾਲ - ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਅੱਜ ਆਪਣਾ ਮਰਨ ਵਰਤ ਖ਼ਤਮ ਕਰਦਿਆਂ ਐਲਾਨ ਕੀਤਾ ਹੈ ਕਿ ਸੂਬੇ ਵਿੱਚ ਹੁਣ ਹਾਲਾਤ ਸ਼ਾਂਤ ਹੋ ਗਏ ਹਨ। ਸੂਬੇ ਵਿੱਚ ਕਿਸਾਨ ਮੁੱਦਿਆਂ ’ਤੇ ਫੈਲੀ ਹਿੰਸਾ ਮਗਰੋਂ ਵਿਵਾਦਾਂ ’ਚ ਸਾਹਮਣਾ ਕਰ ਰਹੇ ਮੱੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸਾਬਕਾ ਮੁੱਖ ਮੰਤਰੀ ਕੈਲਾਸ਼ ਜੋਸ਼ੀ ਹੱਥੋਂ ਨਾਰੀਅਲ ਪਾਣੀ ਪੀ ਕੇ ਮਰਨ ਵਰਤ ਤੋੜਿਆ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਹੁਣ ਅਮਨ ਦੀ ਸਥਿਤੀ ਹੈ ਤੇ ਦੋ ਦਿਨ ਤੋਂ ਸੂਬੇ ’ਚ ਕੋਈ ਵੀ ਹਿੰਸਕ ਘਟਨਾ ਨਹੀਂ ਵਾਪਰੀ। ਉਨ੍ਹਾਂ ਕਿਹਾ ਕਿ ਮੰਦਸੌਰ ’ਚ ਪੰਜ ਕਿਸਾਨਾਂ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਬਣਦੀ ਸਜ਼ਾ ਦਿੱਤੀ ਜਾਵੇਗੀ। ਇੱਥੇ ਦਸਹਿਰਾ ਮੈਦਾਨ ’ਚ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਐਲਾਨ ਕੀਤਾ ਕਿ ਮੱਧ ਪ੍ਰਦੇਸ਼ ਵਿੱਚ ਕੇਂਦਰ ਸਰਕਾਰ ਵੱਲੋਂ  ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਕੀਮਤ ’ਤੇ ਕਿਸਾਨਾਂ ਦੀ ਜਿਣਸ ਖਰੀਦਣਾ ਅਪਰਾਧ ਹੋਵੇਗਾ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਕਿਸਾਨ ਦੀ ਸਹਿਮਤੀ ਤੋਂ ਬਿਨਾਂ ਖੇਤੀਬਾੜੀ ਵਾਲੀ ਜ਼ਮੀਨ ਐਕੁਆਇਰ ਨਹੀਂ ਕੀਤੀ ਜਾ ਸਕੇਗੀ। ਉਨ੍ਹਾਂ ਸੂਬਾ ਸਰਕਾਰ ਵੱਲੋਂ ਕਿਸਾਨ ਬਾਜ਼ਾਰ ਸਥਾਪਤ ਕਰਨ ਦੀ ਗੱਲ ਵੀ ਕਹੀ। ਦੂਜੇ ਪਾਸੇ ਕਿਸਾਨ ਅੰਦੋਲਨ ਹਿੰਸਾ ’ਚ ਮਾਰੇ ਗਏ ਕਿਸਾਨਾਂ ਦੇ ਪਰਿਵਾਰ ਨੂੰ ਮਿਲਣ ਜਾ ਰਹੇ ਆਗੂਆਂ ਮੇਧਾ ਪਾਟਕਰ, ਯੋਗਿੰਦਰ ਯਾਦਵ ਤੇ ਸਵਾਮੀਅਗਨੀਵੇਸ਼ ਸਮੇਤ 30 ਸਮਾਜਿਕ ਕਾਰਕੁਨਾਂ ਨੂੰ ਰਤਲਾਮ ਵਿੱਚ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਕੁਝ ਸਮਾਂ ਬਾਅਦ ਰਿਹਾਅ ਕਰ ਦਿੱਤਾ ਗਿਆ।
ਉੱਧਰ ਮੰਦਸੌਰ ਵਿੱਚ ਹਾਲਾਤ ਸ਼ਾਂਤ ਰਹਿਣ ਮਗਰੋਂ ਤਿੰਨ ਥਾਣਿਆਂ ਅਧੀਨ ਖੇਤਰਾਂ ’ਚੋਂ ਕਰਫਿਊ ਹਟਾ ਲਿਆ ਗਿਆ ਹੈ, ਪਰ ਜ਼ਿਲ੍ਹੇ ਵਿੱਚ ਧਾਰਾ 144 ਤਹਿਤ ਲਾਈਆਂ ਗਈਆਂ ਪਾਬੰਦੀਆਂ ਅਜੇ ਜਾਰੀ ਰਹਿਣਗੀਆਂ। ਇੱਕ ਵੱਖਰੀ ਸੂਚਨਾ ਮੁਤਾਬਕ ਪਾਟੀਦਾਰ ਅੰਦੋਲਨ ਦਾ ਆਗੂ ਹਾਰਦਿਕ ਪਟੇਲ ਵੀ ਆਪਣੇ ਸਮਰਥਕਾਂ ਸਮੇਤ ਮੰਦਸੌਰ ਦਾ ਦੌਰਾ ਕਰੇਗਾ।      

 

 

fbbg-image

Latest News
Magazine Archive