ਮੰਦਸੌਰ: ਰਾਹੁਲ ਗ਼ਿ੍ਫ਼ਤਾਰ ਤੇ ਰਿਹਾਅ

ਜ਼ਿਲ੍ਹਾ ਪ੍ਰਸ਼ਾਸਨ ਨੇ ਗੋਲੀ ਕਾਂਡ ਦੇ ਪੀੜਤ ਕਿਸਾਨ ਪਰਿਵਾਰਾਂ ਨਾਲ ਕਰਵਾਈ ਮੁਲਾਕਾਤ
* ਮੋਦੀ ਸਰਕਾਰ ਕਿਸਾਨਾਂ ਨੂੰ ਸਹੀ ਮੁੱਲ ਤੇ ਬੋਨਸ ਦੀ ਥਾਂ ਦੇ ਰਹੀ ਹੈ ਗੋਲੀਆਂ: ਗਾਂਧੀ
* ਭਾਜਪਾ ਨੇ ਕਾਂਗਰਸ ’ਤੇ ਲਾਏ ਕਿਸਾਨ ਅੰਦੋਲਨ ’ਚ ਹਿੰਸਾ ਭੜਕਾਉਣ ਦੇ ਦੋਸ਼
ਨਯਾ ਗਾਉਂ (ਮੱਧ ਪ੍ਰਦੇਸ਼) - ਮੱਧ ਪ੍ਰਦੇਸ਼ ਦਾ ਕਿਸਾਨ ਅੰਦੋਲਨ ਅੱਜ ਉਦੋਂ ਜ਼ੋਰਦਾਰ ਸਿਆਸੀ ਰਉਂ ਵਿੱਚ ਆ ਗਿਆ ਜਦੋਂ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਇਥੇ ਪੁਲੀਸ ਨੇ ਪਾਰਟੀ ਦੇ ਕਈ ਹੋਰ ਸੀਨੀਅਰ ਆਗੂਆਂ ਸਣੇ ਹਿਰਾਸਤ ਵਿੱਚ ਲੈ ਲਿਆ। ਉਹ ਅੰਦੋਲਨ ਦੇ ਮੁੱਖ ਕੇਂਦਰ ਮੰਦਸੌਰ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। ਬਾਅਦ ਵਿੱਚ ਪ੍ਰਸ਼ਾਸਨ ਨੇ ਬੀਤੇ ਦਿਨ ਪੁਲੀਸ ਗੋਲੀ ਵਿੱਚ ਮਾਰੇ ਗਏ ਪੰਜ ਕਿਸਾਨਾਂ ਦੇ ਪਰਿਵਾਰਾਂ ਨਾਲ ਸ੍ਰੀ ਗਾਂਧੀ ਦੀ ਮੁਲਾਕਾਤ ਕਰਵਾ ਦਿੱਤੀ। ਦੂਜੇ ਪਾਸੇ ਭਾਜਪਾ ਨੇ ਸ੍ਰੀ ਗਾਂਧੀ ਦੇ ਦੌਰੇ ਨੂੰ ਮਹਿਜ਼ ‘ਫੋਟੋ ਖਿਚਵਾਉਣ’ ਦਾ ਜ਼ਰੀਆ ਕਰਾਰ ਦਿੰਦਿਆਂ ਕਾਂਗਰਸ ਉਤੇ ਕਿਸਾਨ ਅੰਦੋਲਨ ’ਚ ਹਿੰਸਾ ਭੜਕਾਉਣ ਦਾ ਦੋਸ਼ ਲਾਇਆ ਹੈ।
ਸ੍ਰੀ ਗਾਂਧੀ ਪੁਲੀਸ ਵੱਲੋਂ ਕਿਸਾਨ ਮੁਜ਼ਾਹਰਾਕਾਰੀਆਂ ਉਤੇ ਗੋਲੀ ਚਲਾਏ ਜਾਣ ਦੀ ਘਟਨਾ ਦੇ ਮੱਦੇਨਜ਼ਰ ਇਥੇ ਪੁੱਜੇ ਸਨ। ਉਨ੍ਹਾਂ ਜਿਉਂ ਹੀ ਨੀਮਚ ਵਿੱਚ ਨਯਾ ਗਾਉਂ ਵਿਖੇ ਸੁਰੱਖਿਆ ਪ੍ਰਬੰਧਾਂ ਨੂੰ ਨਜ਼ਰਅੰਦਾਜ਼ ਕਰਦਿਆਂ ਮੰਦਸੌਰ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਮੌਕੇ ਸੈਂਕੜੇ ਕਾਂਗਰਸੀ ਵਰਕਰਾਂ ਅਤੇ ਰਾਜਸਥਾਨ ਕਾਂਗਰਸ ਮੁਖੀ ਸਚਿਨ ਪਾਇਲਟ ਤੇ ਮੱਧ ਪ੍ਰਦੇਸ਼ ਦੇ ਵਿਧਾਇਕ ਜੈਵਰਧਨ ਸਿੰਘ ਨੇ ਵੀ ਸ੍ਰੀ ਗਾਂਧੀ ਨਾਲ ਗ੍ਰਿਫ਼ਤਾਰੀ ਦਿੱਤੀ।
ਇਸ ਮੌਕੇ ਸ੍ਰੀ ਗਾਂਧੀ, ਪਾਰਟੀ ਦੇ ਸੀਨੀਅਰ ਆਗੂਆਂ ਦਿਗਵਿਜੈ ਸਿੰਘ ਤੇ ਕਮਲ ਨਾਥ ਅਤੇ ਜਨਤਾ ਦਲ (ਯੂ) ਦੇ ਸ਼ਰਦ ਯਾਦਵ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਉਤੇ ਜ਼ੋਰਦਾਰ ਹਮਲੇ ਕੀਤੇ। ਸ੍ਰੀ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਅਮੀਰਾਂ ਦੇ 1.50 ਲੱਖ ਕਰੋੜ ਰੁਪਏ ਦੇ ਕਰਜ਼ੇ ਤਾਂ ਮੁਆਫ਼ ਕਰ ਦਿੱਤੇ ਪਰ ਕਿਸਾਨਾਂ ਦੇ ਨਹੀਂ। ਉਨ੍ਹਾਂ ਕਿਹਾ, ‘‘ਉਹ (ਸ੍ਰੀ ਮੋਦੀ) ਕਿਸਾਨਾਂ ਨੂੰ ਉਨ੍ਹਾਂ ਦੀਆਂ ਜਿਣਸਾਂ ਦਾ ਸਹੀ ਮੁੱਲ ਨਹੀਂ ਦੇ ਸਕਦੇ, ਬੋਨਸ ਨਹੀਂ ਦੇ ਸਕਦੇ, ਮੁਆਵਜ਼ਾ ਨਹੀਂ ਦੇ ਸਕਦੇ… ਸਿਰਫ਼ ਗੋਲੀਆਂ ਦੇ ਸਕਦੇ ਹਨ।’’ ਉਨ੍ਹਾਂ ਪੰਜ ਕਿਸਾਨਾਂ ਦੀ ਮੌਤ ਲਈ ਸ੍ਰੀ ਮੋਦੀ ਤੇ ਮੱਧ ਪ੍ਰਦੇਸ਼ ਦੇ ਭਾਜਪਾ ਮੁੱਖ  ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਦੋਸ਼ੀ ਕਰਾਰ ਦਿੱਤਾ।
ਕਾਂਗਰਸੀ ਆਗੂਆਂ ਨੂੰ ਫੜੇ ਜਾਣ ਵੇਲੇ ਕਾਫ਼ੀ ਡਰਾਮਾ ਹੋਇਆ। ਪੁਲੀਸ ਦਾ ਕਹਿਣਾ ਸੀ ਕਿ ਮੰਦਸੌਰ ਵਿੱਚ ਕਰਫ਼ਿਊ ਲੱਗਾ ਹੋਣ ਕਾਰਨ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਇਸ ਤੋਂ ਪਹਿਲਾਂ ਸ੍ਰੀ ਗਾਂਧੀ ਰਾਜਸਥਾਨ ਦੇ ਚਿਤੌੜਗੜ੍ਹ ਜ਼ਿਲ੍ਹੇ ’ਚੋਂ ਕਰੀਬ 100 ਮੀਟਰ ਪੈਦਲ ਚੱਲ ਕੇ ਮੱਧ ਪ੍ਰਦੇਸ਼ ਵਿੱਚ ਦਾਖ਼ਲ ਹੋਏ। ਉਨ੍ਹਾਂ ਦਿੱਲੀ ਤੋਂ ਉਦੇਪੁਰ ਤੱਕ ਹਵਾਈ ਜਹਾਜ਼ ਰਾਹੀਂ ਤੇ ਉਥੋਂ ਕਰੀਬ ਸੱਤ ਕਿਲੋਮੀਟਰ ਮੋਟਰ ਸਾਈਕਲ ਉਤੇ ਸਫ਼ਰ ਕੀਤਾ। ਉਨ੍ਹਾਂ ਨਾਲ ਕਰੀਬ 150 ਵਾਹਨਾਂ ਵਿੱਚ 2000 ਦੇ ਕਰੀਬ ਪਾਰਟੀ ਕਾਰਕੁਨ ਸਨ।
ਪੁਲੀਸ ਨੇ ਸ੍ਰੀ ਗਾਂਧੀ ਤੇ ਹੋਰ ਆਗੂਆਂ ਨੂੰ ਹਿਰਾਸਤ ਵਿੱਚ ਲੈਣ ਪਿੱਛੋਂ ਇਕ ਸੀਮਿੰਟ ਕੰਪਨੀ ਦੇ ਗੈਸਟ ਹਾਊਸ ਵਿੱਚ ਰੱਖਿਆ, ਜਿਥੇ ਗੋਲੀ ਕਾਂਡ ਵਿੱਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨਾਲ ਉਨ੍ਹਾਂ ਨੂੰ ਮਿਲਾਇਆ ਗਿਆ। ਪਾਰਟੀ ਦੀ ਸਾਬਕਾ ਐਮਪੀ ਮੀਨਾਕਸ਼ੀ ਨਟਰਾਜਨ ਨੇ ਗੈਸਟ ਹਾਊਸ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ, ‘‘ਭਾਰਤੀ ਸੰਘਰਸ਼ ਤੋਂ ਬਾਅਦ ਆਖ਼ਰ ਪ੍ਰਸ਼ਾਸਨ ਨੇ ਸ੍ਰੀ ਗਾਂਧੀ ਨੂੰ ਪੁਲੀਸ ਫਾਇਰਿੰਗ ਵਿੱਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨਾਲ ਮਿਲਣ ਦੀ ਇਜਾਜ਼ਤ ਦੇ ਦਿਤੀ।’’ ਇਸ ਦੌਰਾਨ ਪ੍ਰਸ਼ਾਸਨ ਨੇ ਹਿੰਸਾ ਦਾ ਸ਼ਿਕਾਰ ਮੰਦਸੌਰ ਤੇ ਪਿਪਲੀਆਮੰਡੀ ਇਲਾਕਿਆਂ ਵਿੱਚ ਅੱਜ ਦੋ ਘੰਟੇ ਲਈ ਕਰਫ਼ਿਊ ਵਿੱਚ ਢਿੱਲ ਦਿੱਤੀ।
ਨਵੀਂ ਦਿੱਲੀ - ਸ੍ਰੀ ਗਾਂਧੀ ਦੀ ਮੱਧ ਪ੍ਰਦੇਸ਼ ਫੇਰੀ ਨੂੰ ਮਹਿਜ਼ ‘ਫੋਟੋ ਖਿਚਵਾਉਣ’ ਦਾ ਜ਼ਰੀਆ ਕਰਾਰ ਦਿੰਦਿਆਂ ਭਾਜਪਾ ਨੇ ਕਾਂਗਰਸ ਉਤੇ ਕਿਸਾਨਾਂ ਦੇ ਅੰਦੋਲਨ ’ਚ ‘ਹਿੰਸਾ ਭੜਕਾਉਣ’ ਦਾ ਦੋਸ਼ ਲਾਇਆ। ਪਾਰਟੀ ਆਗੂ ਤੇ ਕੇਂਦਰੀ ਮੰਤਰੀ ਐਮ. ਵੈਂਕਈਆ ਨਾਇਡੂ ਨੇ ਕਿਹਾ ਕਿ ‘ਦੋਸ਼ੀ’ ਆਗੂਆਂ ਦੀ ਪਛਾਣ ਕਰ ਲਈ ਗਈ ਹੈ ਤੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਕਿਹਾ, ‘‘ਇਹ ਅਫ਼ਸੋਸਨਾਕ ਹੈ ਕਿ ਕਾਂਗਰਸ ਵੱਲੋਂ ਮੁੱਦੇ ਨੂੰ ਸਿਆਸੀ ਰੰਗ ਦਿੱਤਾ ਜਾ ਰਿਹਾ ਹੈ।’’ ਉਨ੍ਹਾਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਚੌਹਾਨ ਦੇ ਅਸਤੀਫ਼ੇ ਦੀ ਕਾਂਗਰਸ ਦੀ ਮੰਗ ਵੀ ਖ਼ਾਰਜ ਕਰ ਦਿੱਤੀ। ਭਾਜਪਾ ਹੈਡ ਕੁਆਰਟਰ ਵਿਖੇ ਪਾਰਟੀ ਤਰਜਮਾਨ ਜੀ.ਵੀ.ਐਲ. ਨਰਸਿਮਹਾ ਰਾਓ ਨੇ ਵੀ ਕਾਂਗਰਸ ਉਤੇ ਕਿਸਾਨਾਂ ਨੂੰ ਭੜਕਾਉਣ ਦਾ ਦੋਸ਼ ਲਾਇਆ। ਮੁੰਬਈ ਵਿਖੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ ‘ਕੁਝ ਤਾਕਤਾਂ ਕਿਸਾਨਾਂ ਨੂੰ ਭੜਕਾ’ ਰਹੀਆਂ ਹਨ।
ਸਰਕਾਰ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ: ਸ਼ਿਵਰਾਜ ਚੌਹਾਨ
ਭੋਪਾਲ - ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਅੰਦੋਲਨਕਾਰੀ ਕਿਸਾਨਾਂ ਨਾਲ ਗੱਲਬਾਤ ਵਾਸਤੇ ਤਿਆਰ ਹੈ ਤਾਂ ਕਿ ਮਤਭੇਦ ਦੂਰ ਕੀਤੇ ਜਾ ਸਕਣ। ਉਨ੍ਹਾਂ ਕਿਸਾਨਾਂ ਨੂੰ ਅਮਨ ਬਣਾਈ ਰੱਖਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ, ‘‘ਸਰਕਾਰ ਕਿਸਾਨਾਂ ਤੇ ਜਨਤਾ ਦੀ ਹੈ ਤੇ ਇਹ ਹਮੇਸ਼ਾ ਗੱਲਬਾਤ ਲਈ ਤਿਆਰ ਹੈ।’’ ਸਰਕਾਰ ਪਹਿਲਾਂ ਹੀ ਕਿਸਾਨਾਂ ਦੇ ਹੱਕ ਵਿੱਚ ਕਈ ਫ਼ੈਸਲੇ ਲੈ ਚੁੱਕੀ ਹੈ, ਜਿਨ੍ਹਾਂ ਵਿੱਚ ਇਕ ਕਿਲੋ ਪਿਆਜ਼ 8 ਰੁਪਏ ’ਚ ਖ਼ਰੀਦਣਾ ਵੀ ਸ਼ਾਮਲ ਹੈ। ਉਨ੍ਹਾਂ ਕਿਹਾ, ‘‘ਤੁੜ ਤੇ ਉੜਦ ਦੀ ਦਾਲ ਵੀ 10 ਜੂਨ ਤੋਂ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦੀ ਜਾਵੇਗੀ।’’ ਉਨ੍ਹਾਂ ਦੋਸ਼ ਲਾਇਆ ਕਿ ਕੁਝ ‘ਗ਼ੈਰਸਮਾਜੀ ਅਨਸਰ’ ਸੂਬੇ ਨੂੰ ਸੰਕਟ ਵਿੱਚ ਪਾਉਣਾ ਚਾਹੁੰਦੇ ਹਨ, ਜਿਨ੍ਹਾਂ ਨਾਲ ‘ਸਖ਼ਤੀ ਨਾਲ’ ਸਿੱਝਿਆ ਜਾਵੇਗਾ।

 

 

fbbg-image

Latest News
Magazine Archive