ਬਰਤਾਨੀਆ ਦੀਆਂ ਆਮ ਚੋਣਾਂ ਲਈ ਪਈਆਂ ਵੋਟਾਂ

ਦਹਿਸ਼ਤੀ ਹਮਲਿਆਂ ਮਗਰੋਂ ਸੁਰੱਖਿਆ ਦੇ ਪ੍ਰਬੰਧ ਸਖ਼ਤ;
ਭਾਰਤੀ ਮੂਲ ਦੇ 1.5 ਕਰੋੜ ਵੋਟਰਾਂ ਨੇ ਵੀ ਪਾਈ ਵੋਟ
ਲੰਡਨ - ਬਰਤਾਨੀਆ ਦੀਆਂ ਆਮ ਚੋਣਾਂ ਲਈ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਿੰਗ ਸ਼ੁਰੂ ਹੋਈ, ਜਿਸ ’ਚ ਮੌਜੂਦਾ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਅਤੇ ਵਿਰੋਧੀ ਧਿਰ ਦੇ ਆਗੂ ਜੈਰੇਮੀ ਕੌਰਬਿਨ ’ਚੋਂ ਕਿਸੇ ਇੱਕ ਦੀ ਚੋਣ ਲਈ 4.6 ਕਰੋੜ ਵੋਟਰ ਆਪਣੇ ਹੱਕ ਦੀ ਵਰਤੋਂ ਕਰਨਗੇ, ਜਿਨ੍ਹਾਂ ਭਾਰਤੀ ਮੂਲ ਦੇ 1.5 ਕਰੋੜ ਦੇ ਕਰੀਬ ਵੋਟਰ ਵੀ ਸ਼ਾਮਲ ਹਨ।
ਬਰਤਾਨੀਆ ਦੀ ਕੌਮੀ ਅਤਿਵਾਦ ਰੋਕੂ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਸਥਾਨਕ ਪੁਲੀਸ ਵੱਲੋਂ ਪੋਲਿੰਗ ਬੂਥਾਂ ’ਤੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾ ਗਏ ਹਨ ਤੇ ਸਮੇਂ ਸਮੇਂ ’ਤੇ ਇਸ ਦਾ ਜਾਇਜ਼ਾ ਵੀ ਲਿਆ ਜਾ ਰਿਹਾ ਹੈ। ਹਾਲ ਹੀ ਵਿੱਚ ਦੋ ਥਾਈਂ ਹੋਏ ਵੱਡੇ ਦਹਿਸ਼ਤੀ ਹਮਲਿਆਂ ਤੋਂ ਬਾਅਦ ਅੱਜ ਪੋਲਿੰਗ ਬੂਥਾਂ ’ਤੇ ਵੱਡੇ ਪੱਧਰ ’ਤੇ ਹਥਿਆਰਬੱਧ ਪੁਲੀਸ ਤੈਨਾਤ ਦਿਖਾਈ ਦਿੱਤੀ। ਅੱਜ ਪਈਆਂ ਵੋਟਾਂ ਦਾ ਪਹਿਲਾ ਨਤੀਜਾ ਸਥਾਨਕ ਸਮੇਂ ਮੁਤਾਬਕ ਅੱਧੀ ਰਾਤ ਤੱਕ ਅਤੇ ਅੰਤਿਮ ਨਤੀਜੇ ਸ਼ੁੱਕਰਵਾਰ ਦੁਪਹਿਰ ਤੱਕ ਐਲਾਨੇ ਜਾਣ ਦੀ ਸੰਭਾਵਨਾ ਹੈ। ਅੱਧੀ ਰਾਤ ਮਗਰੋਂ ਜਦੋਂ ਸਾਰੇ ਬਰਤਾਨੀਆ ’ਚੋਂ ਨਤੀਜਿਆਂ ਦਾ ਐਲਾਨ ਹੋਣ ਲੱਗੇਗਾ ਤਾਂ ਨਵੀਂ ਸਰਕਾਰ ਦੀ ਰੂਪ ਰੇਖਾ  ਸਪੱਸ਼ਟ ਹੋਣੀ ਸ਼ੁਰੂ ਹੋ ਜਾਵੇਗੀ। ਹਾਲਾਂਕਿ ਬਹੁਤ ਸਾਰੀਆਂ ਵੋਟਾਂ ਡਾਕ ਰਾਹੀਂ ਪਹਿਲਾਂ ਹੀ ਪੈ ਚੁੱਕੀਆਂ ਹਨ, ਜਿਨ੍ਹਾਂ ਦੀ ਗਿਣਤੀ 16.4 ਫੀਸਦ ਹੈ। ਵੋਟਾਂ ਪੈਣ ਦਾ ਕੰਮ ਨੇਪਰੇ ਚੜ੍ਹਨ ਤੋਂ ਤੁਰੰਤ ਬਾਅਦ ਗਿਣਤੀ ਦਾ ਕੰਮ ਸ਼ੁਰੂ ਹੋ ਜਾਵੇਗਾ। ਚੋਣ ਸਰਵੇਖਣਾਂ ਅਨੁਸਾਰ ਬਰਤਾਨੀਆ ਵਾਸੀ ਪ੍ਰਧਾਨ ਮੰਤਰੀ ਨੂੰ ਬਣਾਏ ਰੱਖਣ ਦੇ ਪੱਖ ’ਚ ਦਿਖਾਈ ਦੇ ਰਹੇ ਹਨ। ਵੋਟਾਂ ਪੈਣ ਦਾ ਕੰਮ ਬਰਤਾਨਵੀ ਸਮੇਂ ਅਨੁਸਾਰ ਰਾਤ 10 ਵਜੇ (ਭਾਰਤੀ ਸਮੇਂ ਅਨੁਸਾਰ ਅੱਧੀ ਰਾਤ ਮਗਰੋਂ 2.30 ਵਜੇ) ਮੁਕੰਮਲ ਹੋਵੇਗਾ ਤੇ ਇਸ ਤੋਂ ਇੱਕ ਘੰਟੇ ਬਾਅਦ ਹੀ ਨਤੀਜੇ ਆਉਣ ਦੀ ਸੰਭਾਵਨਾ ਹੈ। ਮੇਅ ਨੇ ਨਿਰਧਾਰਤ ਸਮੇਂ ਤੋਂ ਤਿੰਨ ਸਾਲ ਪਹਿਲਾਂ ਹੀ ਚੋਣਾਂ ਦਾ ਸੱਦਾ ਦਿੱਤਾ ਸੀ।

 

 

fbbg-image

Latest News
Magazine Archive