ਜੰਮੂ ਤੇ ਸ੍ਰੀਨਗਰ ’ਚ ਐਨਆਈਏ ਵੱਲੋਂ ਮੁੜ ਛਾਪੇ

ਵਿਦੇਸ਼ੀ ਕਰੰਸੀ ਬਰਾਮਦ; ਗਿਲਾਨੀ ਦੇ ਕਰੀਬੀਆਂ ਦੇ ਘਰਾਂ ’ਤੇ ਵੀ ਛਾਪੇ
ਸ੍ਰੀਨਗਰ/ਜੰਮੂ - ਕਸ਼ਮੀਰ ਵਿੱਚ ਸਰਕਾਰ ਵਿਰੋਧੀ ਗਤੀਵਿਧੀਆਂ ਲਈ ਆਉਂਦੇ ਫੰਡਾਂ ਦੀ ਪੜਤਾਲ ਵਿੱਚ ਜੁਟੀ ਕੌਮੀ ਜਾਂਚ ਏਜੰਸੀ (ਐਨਆਈਏ) ਨੇ ਅੱਜ ਵੱਖਵਾਦੀ ਆਗੂਆਂ ਦੀ ਰਿਹਾਇਸ਼ ਅਤੇ ਸੂਬੇ ਵਿੱਚ ਹੋਰ ਥਾਵਾਂ ਉਤੇ ਛਾਪੇ ਮਾਰੇ। ਇਸ ਦੌਰਾਨ ਵਿਦੇਸ਼ੀ ਕਰੰਸੀ ਜ਼ਬਤ ਕੀਤੀ ਗਈ ਹੈ। ਐਨਆਈਏ ਦੇ ਤਰਜਮਾਨ ਨੇ ਦੱਸਿਆ, ‘ਛਾਪਿਆਂ ਦੌਰਾਨ ਕੁੱਝ ਹਜ਼ਾਰ ਪਾਕਿਸਤਾਨੀ ਰੁਪਏ, ਯੂਏਈ ਤੇ ਸਾਊਦੀ ਅਰਬ ਨਾਲ ਸਬੰਧਤ ਕਰੰਸੀ ਤੋਂ ਇਲਾਵਾ ਦੋਸ਼ ਸਿੱਧ ਕਰਨ ਵਾਲੇ ਦਸਤਾਵੇਜ਼ ਬਰਾਮਦ ਹੋਏ ਹਨ, ਜਿਨ੍ਹਾਂ ਨੂੰ ਜ਼ਬਤ ਕਰ ਲਿਆ ਹੈ।’
ਅਧਿਕਾਰੀਆਂ ਮੁਤਾਬਕ ਸੱਯਦ ਅਲੀ ਸ਼ਾਹ ਗਿਲਾਨੀ ਦੀ ਅਗਵਾਈ ਵਾਲੀ ਤਹਿਰੀਕ-ਏ-ਹੁਰੀਅਤ ਦੇ ਤਰਜਮਾਨ ਐਯਾਜ਼ ਅਕਬਰ ਅਤੇ ਪੀਰ ਸੈਫੁੱਲ੍ਹਾ, ਜੋ ਗਿਲਾਨੀ ਦੇ ਕਰੀਬੀਆਂ ’ਚੋਂ ਇਕ ਹੈ, ਦੀ ਰਿਹਾਇਸ਼ ਉਤੇ ਛਾਪੇ ਮਾਰੇ ਗਏ ਹਨ। ਇਸੇ ਤਰ੍ਹਾਂ ਦੀ ਕਾਰਵਾਈ ਇਕ ਵਪਾਰੀ ਦੀ ਜੰਮੂ ਸਥਿਤ ਰਿਹਾਇਸ਼ ਤੇ ਗੁਦਾਮ ਉਤੇ ਵੀ ਕੀਤੀ ਗਈ ਹੈ, ਜਿਸ ਨੂੰ ਐਨਆਈਏ ਦੇ ਸੂਹੀਏ ਸਰਹੱਦ ਪਾਰ ਵਪਾਰ ਘਪਲੇ ਵਿੱਚ ਸ਼ਾਮਲ ਮੰਨਦੇ ਹਨ। ਐਨਆਈਏ ਨੇ ਦੋਸ਼ ਲਾਇਆ ਕਿ ਕਸ਼ਮੀਰ ਵਿੱਚ ਉੜੀ ਅਤੇ ਜੰਮੂ ਵਿੱਚ ਚੱਕਾਂ-ਦਾ-ਬਾਗ ਨੂੰ ਸਰਹੱਦ ਪਾਰ ਕੰਟਰੋਲ ਵਪਾਰ, ਜੋ ਵਟਾਂਦਰਾ ਪ੍ਰਣਾਲੀ ਉਤੇ ਆਧਾਰਤ ਹੈ, ਦੇ ਕੇਂਦਰ ਬਣਾਏ ਜਾਣ ਬਾਅਦ ਕੁੱਝ ਵਪਾਰੀਆਂ ਨੇ ‘ਵੱਧ-ਘੱਟ ਬਿੱਲ’ ਦਿਖਾਏ ਅਤੇ ਬਿੱਲਾਂ ਵਿੱਚ ਫਰਕ ਨੂੰ ਬਾਅਦ ਵਿੱਚ ਸਰਕਾਰ ਵਿਰੋਧੀ ਗਤੀਵਿਧੀਆਂ ਲਈ ਵਰਤਿਆ ਗਿਆ।
ਦਿੱਲੀ ਵਿੱਚ ਐਨਆਈਏ ਦੇ ਇਕ ਤਰਜਮਾਨ ਨੇ ਕਿਹਾ ਕਿ ਕਸ਼ਮੀਰ, ਦਿੱਲੀ ਅਤੇ ਹਰਿਆਣਾ ਵਿੱਚ ਵੱਖ ਵੱਖ ਥਾਵਾਂ ਉਤੇ ਕੱਲ੍ਹ ਮਾਰੇ ਛਾਪਿਆਂ ਨੂੰ ਜਾਰੀ ਰੱਖਦਿਆਂ ਅੱਜ ਵੱਖਵਾਦੀ ਆਗੂਆਂ ਤੇ ਵਪਾਰੀਆਂ, ਹਵਾਲਾ ਗਤੀਵਿਧੀਆਂ ਦੇ ਸ਼ੱਕੀਆਂ ਅਤੇ ਜੰਮੂ ਕਸ਼ਮੀਰ ਵਿੱਚ ਅਤਿਵਾਦ ਲਈ ਫੰਡ ਦੇਣ ਵਾਲਿਆਂ ਨਾਲ ਸਬੰਧਤ ਥਾਵਾਂ ਉਤੇ ਛਾਪੇ ਮਾਰੇ ਗਏ ਹਨ। ਤਰਜਮਾਨ ਨੇ ਕਿਹਾ, ‘ਛਾਪੇ ਜਾਰੀ ਹਨ ਅਤੇ ਸਬੰਧਤ ਵਿਅਕਤੀਆਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ।’ ਦੱਸਣਯੋਗ ਹੈ ਕਿ ਵਾਦੀ ਵਿੱਚ ਸਰਕਾਰ ਵਿਰੋਧੀ ਗਤੀਵਿਧੀਆਂ ਲਈ ਕਥਿਤ ਤੌਰ ’ਤੇ ਫੰਡ ਹਾਸਲ ਕਰਨ ਵਾਲੇ ਵੱਖਵਾਦੀ ਗੁੱਟਾਂ ਉਤੇ ਸ਼ਿਕੰਜਾ ਕੱਸਦਿਆਂ ਐਨਆਈਏ ਨੇ ਕੱਲ੍ਹ 29 ਥਾਵਾਂ ਉਤੇ ਛਾਪੇ ਮਾਰੇ ਸਨ।
‘ਬੈਂਕ ਖਾਤੇ ਤੇ ਲਾਕਰ ਜਾਮ’
ਐਨਆਈਏ ਦੇ ਬੁਲਾਰੇ ਨੇ ਕਿਹਾ ਕਿ ਸੁਰੱਖਿਆ ਬਲਾਂ ਉਤੇ ਪਥਰਾਅ ਕਰਨ ਵਾਲਿਆਂ, ਸਕੂਲ ਸਾੜਨ ਵਾਲਿਆਂ ਅਤੇ ਸਰਕਾਰੀ ਅਦਾਰਿਆਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਸਮੇਤ ਅਤਿਵਾਦੀ ਗਤੀਵਿਧੀਆਂ ਲਈ ਵਿੱਤੀ ਸਹਾਇਤਾ ਦੇਣ ਵਾਲਿਆਂ ਦੀ ਪੂਰੀ ਲੜੀ ਬਾਰੇ ਪਤਾ ਲਗਾਉਣ ਲਈ ਪੜਤਾਲ ਜਾਰੀ ਹੈ। ਜਾਂਚ ਦੌਰਾਨ ਮਿਲੇ ਬੈਂਕ ਖਾਤੇ ਅਤੇ ਲਾਕਰ ਫਰੀਜ਼ ਕਰ ਦਿੱਤੇ ਗਏ ਹਨ।

 

 

fbbg-image

Latest News
Magazine Archive