ਖੱਡਾਂ ਦੀ ਨਿਲਾਮੀ ਰੱਦ ਨਹੀਂ ਕਰਾਂਗੇ: ਅਮਰਿੰਦਰ

ਸਿਆਸੀ ਦਬਾਅ ਤੇ ਮੀਡੀਆ ਦੀ ਨੁਕਤਾਚੀਨੀ ਅੱਗੇ ਝੁਕਣ ਤੋਂ ਇਨਕਾਰ
ਚੰਡੀਗੜ੍ਹ - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਆਸੀ ਪਾਰਟੀਆਂ ਦੇ ਦਬਾਅ ਹੇਠ ਜਾਂ ਮੀਡੀਆ ਦੀ ਨੁਕਤਾਚੀਨੀ ਕਾਰਨ ਰੇਤ ਦੀਆਂ ਖੱਡਾਂ ਦੀ ਹਾਲ ਹੀ ਵਿੱਚ ਕੀਤੀ ਬੋਲੀ ਨੂੰ ਰੱਦ ਕਰਨ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਨਾ ਤਾਂ ਉਹ ਸਿਆਸੀ ਦਬਾਅ ਅੱਗੇ ਝੁਕਣਗੇ ਅਤੇ ਨਾ ਹੀ ਮੀਡੀਆ ਦੀ ਆਲੋਚਨਾ ਤੋਂ ਪ੍ਰਭਾਵਿਤ ਹੋ ਕੇ ਕੋਈ ਫੈ਼ਸਲਾ ਲੈਣਗੇ। ਇਸ ਬਾਰੇ ਫੈਸਲਾ ਕਾਨੂੰਨੀ ਪੱਖ ਨੂੰ ਧਿਆਨ ’ਚ ਰੱਖ ਕੇ ਲਿਆ ਜਾਵੇਗਾ, ਜੋ ਨਿਆਂ ਦੇ ਹਿੱਤ ਵਿੱਚ ਹੋਵੇ।
ਮੁੱਖ ਮੰਤਰੀ ਨੇ ਕਿਹਾ ਕਿ  ਨਿਲਾਮੀ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਹਾਈ ਕੋਰਟ ਦੇ ਇੱਕ ਸਾਬਕਾ ਜੱਜ ਅਤੇ ਦੋ ਸੀਨੀਅਰ ਆਈਏਐਸ ਅਫ਼ਸਰਾਂ ਦੀ ਕਮੇਟੀ ਦੀ ਨਿਗਰਾਨੀ ਹੇਠ ਕਰਾਈ ਗਈ ਹੈ। ਮੁੱਖ ਮੰਤਰੀ ਨੇ ਮੀਡੀਆ ਰਿਪੋਰਟਾਂ ਬਾਅਦ ਖਣਨ ਵਿਭਾਗ ਕੋਲੋਂ ਜਾਣਕਾਰੀ ਪ੍ਰਾਪਤ ਕੀਤੀ ਹੈ। ਇਨ੍ਹਾਂ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਈ-ਨਿਲਾਮੀ ਦੌਰਾਨ ਕੁਝ ਵਿਅਕਤੀਆਂ ਨੂੰ ਲਾਭ ਪਹੁੰਚਾਇਆ ਗਿਆ ਹੈ। ਪਰ ਮੁੱਖ ਮੰਤਰੀ ਨੂੰ ਲੱਗਦਾ ਹੈ ਕਿ ਇਨ੍ਹਾਂ ਦੋਸ਼ਾਂ ਵਿੱਚ ਮੁੱਢਲੇ ਰੂਪ ’ਚ ਕੋਈ ਦਮ ਨਹੀਂ ਹੈ। ਸਿੰਜਾਈ ਤੇ ਬਿਜਲੀ ਮੰਤਰੀ ਰਾਣਾ ਗੁਰਜੀਤ ਸਿੰਘ ਖ਼ਿਲਾਫ਼ ਦੋਸ਼ਾਂ ਦੇ ਮਾਮਲੇ ਵਿੱਚ ਸਰਕਾਰ ਵੱਲੋਂ ਜਾਂਚ ਲਈ ਕਾਇਮ ਕੀਤੇ ਨਿਆਂਇਕ ਕਮਿਸ਼ਨ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤਕ ਸਪੱਸ਼ਟ ਤੌਰ ’ਤੇ ਸਿੱਧ ਨਹੀਂ ਹੁੰਦਾ, ਉਦੋਂ ਤਕ ਭਾਰਤ ਸਰਕਾਰ ਦੇ ਅਦਾਰੇ ਆਈਟੀਆਈ ਲਿਮ. ਵੱਲੋਂ ਈ-ਨਿਲਾਮੀ ਰਾਹੀਂ 102 ਖੱਡਾਂ ਦੀ ਬੋਲੀ ਪ੍ਰਕਿਰਿਆ ਵਿੱਚ ਪਾਦਰਸ਼ਤਾ ਦੀ ਘਾਟ ਨੂੰ ਮੰਨਣ ਦੀ ਕੋਈ ਤੁਕ ਨਹੀਂ ਬਣਦੀ।
ਸਰਕਾਰੀ ਬੁਲਾਰੇ ਮੁਤਾਬਕ ਖੱਡਾਂ ਲਈ ਤਕਰੀਬਨ 1026 ਬੋਲੀਕਾਰਾਂ ਨੇ ਅਪਲਾਈ ਕੀਤਾ ਸੀ ਅਤੇ  ਇਸ ਪ੍ਰਕਿਰਿਆ ਦੌਰਾਨ ਪੂਰੀ ਪਾਰਦਰਸ਼ਤਾ ’ਤੇ ਜ਼ੋਰ ਦਿੱਤਾ ਗਿਆ ਸੀ। ਬੋਲੀ ਦੌਰਾਨ ਅੱਠ ਖੱਡਾਂ ਵਾਸਤੇ ਈਐਮਡੀ ਪ੍ਰਾਪਤ ਨਹੀਂ ਹੋਈ, ਜਿਸ ਕਰਕੇ ਉਨ੍ਹਾਂ ਦੀ ਨਿਲਾਮੀ ਨਹੀਂ ਕੀਤੀ ਜਾ ਸਕੀ। 18 ਖੱਡਾਂ ਵਾਸਤੇ ਸਿਰਫ ਇਕ ਬੋਲੀਕਾਰ ਨੇ ਹੀ ਈਐਮਡੀ ਜਮ੍ਹਾਂ ਕਰਵਾਈ ਜਦੋਂ ਕਿ ਹੋਰ ਖੱਡਾਂ ਲਈ ਇਕ ਤੋਂ ਵੱਧ ਬੋਲੀਕਾਰ ਸ਼ਾਮਲ ਹੋਏ ਸਨ। 18 ਖੱਡਾਂ ਲਈ ਇਕ ਬੋਲੀਕਾਰ ਨੇ ਬਿਆਨਾ ਰਕਮ ਜਮ੍ਹਾਂ ਕਰਾਈ ਸੀ ਅਤੇ ਵਿਚਾਰ-ਵਟਾਂਦਰੇ ਬਾਅਦ ਫੈਸਲਾ ਕੀਤਾ ਗਿਆ ਕਿ ਉਸ ਇਕੋ-ਇਕ ਬੋਲੀਕਾਰ ਨੂੰ ਇਨ੍ਹਾਂ 18 ਖੱਡਾਂ ਦੀ ਬੋਲੀ ਦੇਣ ਦੀ ਆਗਿਆ ਦਿੱਤੀ ਜਾਵੇ ਪਰ ਇਨ੍ਹਾਂ 18 ਖੱਡਾਂ ਵਿੱਚੋਂ ਇਕ ਵੀ ਬੋਲੀਕਾਰ ਨੇ ਅੰਤ ਵਿੱਚ ਹੁਸ਼ਿਆਰਪੁਰ ਦੀਆਂ 2 ਖੱਡਾਂ ਲਈ ਈ-ਨਿਲਾਮੀ ਵਿੱਚ ਹਿੱਸਾ ਨਹੀਂ ਲਿਆ। ਇਸ ਕਰਕੇ 16 ਖੱਡਾਂ ਲਈ ਐਚ-1 ਬੋਲੀ ਰਹਿ ਗਈ। ਜ਼ਿਕਰਯੋਗ ਹੈ ਕਿ 94 ਖੱਡਾਂ ’ਚੋਂ 5 ਖੱਡਾਂ ਲਈ ਕੋਈ ਬੋਲੀ ਪ੍ਰਾਪਤ ਨਹੀਂ ਹੋਈ।

 

 

fbbg-image

Latest News
Magazine Archive