ਪੰਜਾਬ ਪੁਲੀਸ ਵਲੋਂ ਪੰਜ ਅਤਿਵਾਦੀ ਗ੍ਰਿਫ਼ਤਾਰ

ਗੁਪਤ ਸੂਚਨਾ ’ਤੇ ਕੀਤਾ ਕਾਬੂ; ਹਥਿਆਰ ਬਰਾਮਦ
ਚੰਡੀਗੜ੍ਹ - ਪੰਜਾਬ ਪੁਲੀਸ ਨੇ ਵੱਡੀ ਕਾਰਵਾਈ ਕਰਦਿਆਂ ਤਿੰਨ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਗਰੋਹ ਦਾ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐਸ.ਆਈ. ਦੀ ਹਮਾਇਤ ਹਾਸਲ ਪਾਬੰਦੀਸ਼ੁਦਾ ਅਤਿਵਾਦੀ ਜਥੇਬੰਦੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ (ਆਈ.ਐਸ.ਵਾਈ.ਐਫ.) ਨਾਲ ਸਿੱਧਾ ਸਬੰਧ ਸੀ। ਗ੍ਰਿਫਤਾਰ ਕੀਤੇ ਅਤਿਵਾਦੀਆਂ ਦੀ ਪਛਾਣ ਗੁਰਦਿਆਲ ਸਿੰਘ, ਜਗਰੂਪ ਸਿੰਘ ਅਤੇ ਸਤਵਿੰਦਰ ਸਿੰਘ ਵਜੋਂ ਹੋਈ ਹੈ। ਇਨ੍ਹਾਂ ਨੂੰ ਪਾਕਿਸਤਾਨ ਅਧਾਰਤ ਆਈ.ਐਸ.ਵਾਈ.ਐਫ. ਦੇ ਮੁਖੀ ਲਖਬੀਰ ਰੋਡੇ ਅਤੇ ਹਰਮੀਤ ਸਿੰਘ ਉਰਫ ਹੈਪੀ ਉਰਫ ਪੀਐਚ.ਡੀ. ਅਤੇ ਆਈ.ਐਸ.ਆਈ. ਨੇ ਸਿਖਲਾਈ ਦੇ ਕੇ ਹਮਲੇ ਕਰਨ ਅਤੇ ‘ਪੰਥ ਵਿਰੋਧੀ’ ਤੇ ‘ਸਿੱਖ ਵਿਰੋਧੀ ਤਾਕਤਾਂ/ਵਿਅਕਤੀਆਂ’ ਨੂੰ ਨਿਸ਼ਾਨਾ ਬਣਾਉਣ ਦਾ ਕਾਰਜ ਸੌਂਪਿਆ ਸੀ। ਮੁਢਲੀ ਪੜਤਾਲ ਵਿੱਚ ਜਾਣਕਾਰੀ ਮਿਲੀ ਹੈ ਕਿ 21 ਮਈ ਨੂੰ ਅੰਮ੍ਰਿਤਸਰ ਵਿੱਚ ਅੰਤਰਰਾਸ਼ਟਰੀ ਸਰਹੱਦ ਨੇੜਿਓਂ ਬੀ.ਐਸ.ਐਫ. ਵੱਲੋਂ ਫੜੀ ਗਈ ਹਥਿਆਰ ਤੇ ਗੋਲੀ-ਸਿੱਕੇ ਦੀ ਖੇਪ ਆਈ.ਐਸ.ਵਾਈ.ਐਫ. ਵੱਲੋਂ ਸਪਲਾਈ ਕੀਤੀ ਗਈ ਸੀ। ਬੀ.ਐਸ.ਐਫ. ਨੇ ਪਿਛਲੇ ਮਹੀਨੇ ਮਾਨ ਸਿੰਘ ਅਤੇ ਸ਼ੇਰ ਸਿੰਘ ਨਾਂ ਦੇ ਦੋ ਅਤਿਵਾਦੀਆਂ ਨੂੰ ਉਦੋਂ ਗ੍ਰਿਫ਼ਤਾਰ ਕਰ ਲਿਆ ਸੀ ਜਦੋਂ ਉਹ ਇਹ ਖੇਪ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਪੁਲੀਸ ਅਨੁਸਾਰ ਗੁਰਦਿਆਲ ਸਿੰਘ, ਰੋਡ ਮਾਜਰਾ, ਥਾਣਾ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਦਾ ਵਾਸੀ ਹੈ। ਜਗਰੂਪ ਅਤੇ ਸਤਵਿੰਦਰ ਵਾਸੀ ਚਾਂਦਪੁਰ ਰੁੜਕੀ, ਥਾਣਾ ਪੇਜੋਵਾਲ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਾਸੀ ਹਨ। ਇਨ੍ਹਾਂ ਪਾਸੋਂ .32 ਬੋਰ ਦਾ ਇਕ ਪਿਸਤੌਲ, ਇਕ ਮੈਗਜ਼ੀਨ ਤੇ ਕਾਰਤੂਸ ਅਤੇ ਇਕ .38 ਬੋਰ ਰਿਵਾਲਵਰ, ਸੱਤ ਕਾਰਤੂਸ ਬਰਾਮਦ ਹੋਏ ਹਨ। ਗੁਰਦਿਆਲ ਤੇ ਜਗਰੂਪ ਨੂੰ ਉਨ੍ਹਾਂ ਦੇ ਜੱਦੀ ਘਰਾਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਜਦਕਿ ਸਤਵਿੰਦਰ ਨੂੰ ਬਲਾਚੌਰ ਸਬ-ਡਿਵੀਜ਼ਨ ਵਿੱਚ ਉਸ ਦੇ ਪਿੰਡ ਨੇੜੇ ਲੱਗੇ ਨਾਕੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਗੁਰਦਿਆਲ ਸਿੰਘ ਗਰੋਹ ਦਾ ਮੁਖੀ ਹੈ ਅਤੇ ਜਰਮਨ ਦੇ ਬਲਵੀਰ ਸਿੰਘ ਸੰਧੂ ਨੇ ਲਖਬੀਰ ਸਿੰਘ ਰੋਡੇ ਨਾਲ ਉਸ ਦੀ ਮੁਲਾਕਾਤ ਕਰਵਾਈ ਸੀ। ਗੁਰਦਿਆਲ ਤੇ ਜਗਰੂਪ ਨੂੰ ਭਾਰਤ ਵਿੱਚ ਅਤਿਵਾਦੀ ਹਮਲੇ ਕਰਨ ਦਾ ਕਾਰਜ ਸੌਂਪਿਆ ਗਿਆ ਸੀ ਅਤੇ ਉਨ੍ਹਾਂ ਨੂੰ ‘ਪੰਥ ਵਿਰੋਧੀ ਅਤੇ ਸਿੱਖ ਵਿਰੋਧੀ ਸ਼ਕਤੀਆਂ/ਵਿਅਕਤੀਆਂ’ ਨੂੰ ਨਿਸ਼ਾਨਾ ਬਣਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ ਸੀ। ਸ਼ਹੀਦ ਭਗਤ ਸਿੰਘ ਨਗਰ ਪੁਲੀਸ ਨੇ ਗੁਪਤ ਸੂਚਨਾ ’ਤੇ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਖਿਲਾਫ਼ ਵੱਖ ਵੱਖ ਧਾਰਾਵਾਂ ਹੇਠ  ਕੇਸ ਦਰਜ ਕੀਤਾ ਗਿਆ ਹੈ।
ਮੁਹਾਲੀ ਪੁਲੀਸ ਵੱਲੋਂ ਬੱਬਰ ਖਾਲਸਾ ਦੇ ਦੋ ਕਾਰਕੁਨ ਗ੍ਰਿਫ਼ਤਾਰ
ਐਸ.ਏ.ਐਸ. ਨਗਰ (ਮੁਹਾਲੀ)- ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਬੱਬਰ ਖਾਲਸਾ ਨਾਲ ਸਬੰਧਤ ਦੋ ਹੋਰ ਅਤਿਵਾਦੀ ਰਮਨਦੀਪ ਸਿੰਘ ਅਤੇ ਪਰਮਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਕੋਲੋਂ .32 ਬੋਰ ਦਾ ਪਿਸਤੌਲ ਤੇ ਦੋ ਕਾਰਤੂਸ ਅਤੇ .9 ਐਮਐਮ ਦੇ 3 ਕਾਰਤੂਸ ਬਰਾਮਦ ਹੋਏ ਹਨ। ਇਹ ਗ੍ਰਿਫਤਾਰੀ ਪਹਿਲਾਂ ਫੜੇ ਅਤਿਵਾਦੀਆਂ ਦੀ ਨਿਸ਼ਾਨਦੇਹੀ ’ਤੇ ਕੀਤੀ ਗਈ ਹੈ।  ਇਸ ਤੋਂ ਪਹਿਲਾਂ ਮੁਹਾਲੀ ਪੁਲੀਸ ਨੇ ਗੁਪਤ ਸੂਚਨਾ ਦੇ ਅਧਾਰ ’ਤੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੀ ਇੱਕ ਔਰਤ ਅੰਮ੍ਰਿਤਪਾਲ ਕੌਰ ਉਰਫ਼ ਅੰਮ੍ਰਿਤ ਵਾਸੀ ਅਕਾਲ ਨਗਰ, ਸਲੇਮ ਟਾਬਰੀ ਲੁਧਿਆਣਾ; ਜਰਨੈਲ ਸਿੰਘ ਵਾਸੀ ਮੁਹੱਲਾ ਸ਼ਿਵ ਮੰਦਿਰ,  ਕਲਾਨੌਰ, ਜ਼ਿਲ੍ਹਾ ਗੁਰਦਾਸਪੁਰ; ਰਣਦੀਪ ਸਿੰਘ ਵਾਸੀ ਜਿੰਦੜ, ਜ਼ਿਲ੍ਹਾ ਗੁਰਦਾਸਪੁਰ; ਸਤਨਾਮ ਸਿੰਘ ਉਰਫ਼ ਸੱਤਾ ਵਾਸੀ ਪਿੰਡ ਦੋਧਾ, ਜ਼ਿਲ੍ਹਾ ਮੁਕਤਸਰ ਅਤੇ ਹਰਬਰਿੰਦਰ ਸਿੰਘ ਵਾਸੀ ਪ੍ਰਤਾਪ ਨਗਰ, ਜੀ.ਟੀ ਰੋਡ, ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਹੈ। ਹਰਬਰਿੰਦਰ ਇਸ ਵੇਲੇ ਚੰਡੀਗੜ੍ਹ ਦੇ ਸੈਕਟਰ-44 ਵਿੱਚ ਰਹਿ ਰਿਹਾ ਸੀ। ਇਹ ਸਾਰੇ ਅਤਿਵਾਦੀ ਇਸ ਸਮੇਂ ਪੁਲੀਸ ਰਿਮਾਂਡ ’ਤੇ ਹਨ।  ਇਸ ਤੋਂ ਇਲਾਵਾ ਕੁੱਝ ਸ਼ਰਾਰਤੀ ਤੱਤਾਂ ਅਤੇ ਗਰਮ ਖਿਆਲੀ ਆਗੂਆਂ ਦੀ ਕਥਿਤ ਫੜੋਫੜੀ ਜਾਰੀ ਹੈ, ਜਿਨ੍ਹਾਂ ਨੂੰ ਛੇ ਜੂਨ ਤੱਕ ਆਪਣੇ ਟੀਚੇ ਪੂਰੇ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ ਸੀ। ਇਹ ਵੀ ਪਤਾ ਲੱਗਾ ਹੈ ਕਿ ਪੁਲੀਸ ਸੱਤੇ ਦੇ ਸਾਥੀ ਗੌਰਵ ਕੁਮਾਰ ਵਾਸੀ ਬਿਹਾਰ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਹੋਰਨਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਮੁੱਢਲੀ ਪੁੱਛਗਿੱਛ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਭਾਰਤ ਅਤੇ ਵਿਦੇਸ਼ਾਂ ਵਿੱਚ ਬੈਠ ਕੇ ਅਤਿਵਾਦੀ ਗਤੀਵਿਧੀਆਂ ਚਲਾ ਰਹੇ ਖਾੜਕੂਆਂ ਦੇ ਪੂਰੀ ਤਰ੍ਹਾਂ ਸੰਪਰਕ ਵਿੱਚ ਸਨ।

 

 

fbbg-image

Latest News
Magazine Archive