ਬੰਬ ਬਣਾਉਣ ਦੇ ਦੋਸ਼ ਹੇਠ ਪਿਤਾ ਕਾਬੂ; ਪੁੱਤ ਵੱਲੋਂ ਖੁਦਕੁਸ਼ੀ

ਪਟਿਆਲਾ - ਇੱਥੋਂ ਦੇ ਦਰਸ਼ਨ ਨਗਰ ਦੇ ਵਸਨੀਕ ਕੰਪਿਊਟਰ ਇੰਜਨੀਅਰ ਰਜਤਵੀਰ ਸਿੰਘ ਸੋਢੀ ਅਤੇ ਉਸ ਦੇ ਪਿਤਾ ਤੇ ਮਾਰਕੀਟ ਕਮੇਟੀ ਦੇ ਸੇਵਾਮੁਕਤ ਸਕੱਤਰ ਹਰਪ੍ਰੀਤ ਸਿੰਘ ਵੱਲੋਂ ਘਰ ਵਿੱਚ ਹੀ ਬੰਬ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ|
ਇਨ੍ਹਾਂ ਬੰਬਾਂ ਦੀ ਪਰਖ ਲਈ ਉਨ੍ਹਾਂ ਵੱਲੋਂ ਅਰਬਨ ਅਸਟੇਟ ਨੇੜਲੀ ਪਾਰਕ ਵਿੱਚ ਧਮਾਕੇ ਵੀ  ਕੀਤੇ ਜਾਂਦੇ ਸਨ| ਪੁਲੀਸ ਨੇ ਇਨ੍ਹਾਂ ਵਿੱਚੋਂ ਪਿਤਾ ਨੂੰ ਕਾਬੂ ਕਰ ਲਿਆ ਪਰ ਰਜਤਵੀਰ ਸੋਢੀ  ਨੇ ਮੱਥੇ ‘ਤੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ| ਪੁਲੀਸ ਨੇ ਉਨ੍ਹਾਂ ਦੇ ਘਰੋਂ ਵੱਡੀ ਮਾਤਰਾ ਵਿੱਚ ਹਥਿਆਰ ਤੇ ਹੋਰ ਗੋਲੀ ਸਿੱਕਾ ਵੀ ਬਰਾਮਦ ਕੀਤਾ  ਹੈ, ਜਿਸ ਵਿੱਚ ਕੁੱਕਰ ਬੰਬ, ਕੁਝ ਪਾਈਪ ਬੰਬ ਅਤੇ ਬੰਬ ਬਣਾਉਣ ਵਾਲੀ ਧਮਾਕਾਖੇਜ਼ ਸਮੱਗਰੀ, ਦੋ ਪਿਸਤੌਲ, 12 ਬੋਰ ਦੀਆਂ ਤਿੰਨ ਰਾਈਫਲਾਂ ਅਤੇ ਭਾਰੀ ਮਾਤਰਾ ਵਿੱਚ ਕਾਰਤੂਸ ਸ਼ਾਮਲ ਹਨ। ਦੋਵਾਂ ਖ਼ਿਲਾਫ਼ ਥਾਣਾ ਸਦਰ ਪਟਿਆਲਾ ਵਿੱਚ ਕੇਸ ਦਰਜ ਕੀਤਾ ਗਿਆ ਹੈ|
ਇਸ ਮਾਮਲੇ ਨੂੰ ਲੈ ਕੇ ਅੱੱਜ ਦਿਨ ਭਰ ਦਰਸ਼ਨ ਨਗਰ ਦੀਆਂ ਗਲੀਆਂ ਵਿੱਚ ਪੁਲੀਸ ਦੀਆਂ ਗੱਡੀਆਂ ਘੁੰਮਦੀਆਂ ਰਹੀਆਂ| ਆਈਜੀ ਅਮਰਦੀਪ ਸਿੰਘ ਰਾਏ, ਡੀਆਈਜੀ ਡਾ. ਸੁਖਚੈਨ ਸਿੰਘ ਗਿੱਲ, ਐਸਪੀ (ਡੀ) ਹਰਵਿੰਦਰ ਵਿਰਕ, ਕੇਸਰ ਸਿੰਘ ਧਾਲੀਵਾਲ, ਡੀਐਸਪੀ ਗੁਰਦੇਵ ਧਾਲੀਵਾਲ ਤੇ ਸੁਖਮਿੰਦਰ ਚੌਹਾਨ ਸਮੇਤ ਇੰਸਪੈਕਟਰ ਦਲਜੀਤ ਸਿੰਘ ਵਿਰਕ ਤੇ ਜਸਵਿੰਦਰ ਟਿਵਾਣਾ ਵੀ ਮੌਕੇ ਉਤੇ ਮੌਜੂਦ ਸਨ| ਸ਼ਾਮ ਨੂੰ ਚੰਡੀਗੜ੍ਹ ਤੋਂ ਪੁੱਜੀ ਬੰਬ ਮਾਹਿਰਾਂ ਦੀ ਟੀਮ ਨੇ ਜਾਂਚ ਮਗਰੋਂ ਹੀ ਲਾਸ਼ ਪੋਸਟ ਮਾਰਟਮ ਲਈ ਹਸਪਤਾਲ ਭੇਜੀ| ਡੀਆਈਜੀ ਡਾ. ਸੁਖਚੈਨ ਸਿੰਘ ਗਿੱਲ ਤੇ ਐਸਐਸਪੀ ਡਾ. ਐਸ. ਭੂਪਤੀ ਨੇ ਦੱਸਿਆ ਕਿ ਕੱਲ੍ਹ ਰਾਤੀ ਪਿੰਡ ਫਲੌਲੀ ਕੋਲੋਂ ਭਾਵੇਂ ਰਜਤਵੀਰ ਫਰਾਰ ਹੋ ਗਿਆ ਸੀ ਪਰ ਐਸਪੀ (ਡੀ) ਹਰਵਿੰਦਰ ਵਿਰਕ ਦੀ ਅਗਵਾਈ ਹੇਠਲੀ ਟੀਮ ਨੇ ਹਰਪ੍ਰੀਤ ਸਿੰਘ ਨੂੰ ਦਬੋਚ ਲਿਆ, ਜਿਸ ਦੀ ਰਿਟਜ਼ ਕਾਰ ਵਿੱਚੋਂ ਕੁੱਕਰਨੁਮਾ ਧਮਾਕਾਖੇਜ਼ ਸਮੱਗਰੀ ਬਰਾਮਦ ਹੋਈ, ਜਦੋਂ ਕਿ ਰਜਤਵੀਰ ਸਿੰਘ ਸਕਾਰਪੀਓ ਗੱੱਡੀ ਰਾਹੀਂ ਫਰਾਰ ਹੋ ਗਿਆ| ਜਦੋਂ ਹਰਪ੍ਰੀਤ ਸਿੰਘ ਦੀ  ਪਤਨੀ ਨੂੰ ਨਾਲ ਲੈ ਕੇ ਪੁਲੀਸ ਨੇ ਦਰਸ਼ਨ ਨਗਰ ਵਿਚਲੇ ਇਨ੍ਹਾਂ ਦੇ ਇਕ ਹੋਰ ਮਕਾਨ ਉਤੇ ਛਾਪਾ ਮਾਰਿਆ ਤਾਂ  ਇਸ ਦੇ ਉਪਰਲੇ ਕਮਰੇ ਵਿੱਚ ਰਜਤਵੀਰ ਸਿੰਘ ਦੀ ਲਾਸ਼ ਪਈ ਮਿਲੀ, ਜਿਸ ਦੇ  ਮੱਥੇ ‘ਤੇ ਗੋਲੀ  ਲੱਗੀ ਹੋਈ ਸੀ ਤੇ ਪਿਸਤੌਲ ਵੀ ਕੋਲ ਪਿਆ ਸੀ| ਪੁਲੀਸ ਦਾ ਕਹਿਣਾ ਹੈ ਕਿ ਉਸ ਨੇ ਕਾਨੂੰਨੀ ਕਾਰਵਾਈ ਦੇ ਡਰੋਂ ਖ਼ੁਦਕੁਸ਼ੀ ਕਰ ਲਈ|
ਇਸ ਮਾਮਲੇ ਨੂੰ ਆਈਐਸਆਈ ਤੇ ਮੁਹਾਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਚਾਰ ਮੁਲਜ਼ਮਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਪਰ ਡੀਆਈਜੀ ਦਾ ਕਹਿਣਾ ਹੈ ਕਿ ਅਜੇ ਜਾਂਚ ਕੀਤੀ ਜਾ ਰਹੀ ਹੈ|
ਪਾਰਕ ਵਿੱਚ ਹੁੰਦੀ ਸੀ ਬੰਬਾਂ ਦੀ ਪਰਖ
ਪਿੰਡ ਫਲੌਲੀ ਕੋਲ ਸਥਿਤ ਪੁੱਡਾ ਦੇ ਪਾਰਕ ਵਿੱਚ ਰਜਤਵੀਰ ਸਿੰਘ ਸੋਢੀ ਤੇ ‘ਹੋਰਾਂ’ ਵੱਲੋਂ ਕਈ ਦਿਨਾਂ ਤੋਂ ਬੰਬਾਂ ਦੀ ਪਰਖ ਕੀਤੀ ਜਾ ਰਹੀ ਸੀ| ਇਸ ਕਾਰਵਾਈ ਨੂੰ ਉਹ ਤਕਰੀਬਨ ਅੱਧੀ ਰਾਤ ਨੂੰ  ਹੀ ਅੰਜ਼ਾਮ ਦਿੰਦੇ ਸਨ| ਇਸ ਇਲਾਕੇ ਦੇ ਵਸਨੀਕ ਸਤਨਾਮ ਸਿੰਘ ਨਾਮ ਦੇ ਇਕ ਵਿਅਕਤੀ ਨੇ ਰਾਤ ਨੂੰ ਇਸ ਪਾਸੇ ਟਾਰਚ ਨਾਲ ਰੌਸ਼ਨੀ ਕੀਤੀ ਤਾਂ ਉਸ ਉਤੇ ਗੋਲੀ  ਵੀ  ਚਲਾ ਦਿੱਤੀ ਗਈ ਸੀ| ਇਸ ਪਾਰਕ ਦੀ ਕੰਧ ਦਾ ਕੁਝ ਹਿੱਸਾ ਵੀ ਟੁੱਟਿਆ ਹੋਇਆ ਹੈ| ਲੋਕਾਂ ਦਾ ਕਹਿਣਾ ਸੀ ਕਿ ਪਹਿਲਾਂ ਵੀ ਪੁਲੀਸ ਨੂੰ ਇਤਲਾਹ ਦਿੱਤੀ ਗਈ ਸੀ ਪਰ ਕੱਲ੍ਹ ਰਾਤ ਤਾਂ ਪੁਲੀਸ ਨੇ ਇੱਥੇ ਪੱਕੇ ਡੇਰੇ ਲਾ ਲਏ|
 

 

 

fbbg-image

Latest News
Magazine Archive