ਤੁਸੀਂ ਅਤੇ ਮੈਂ ਦਾ ਸੱਭਿਆਚਾਰ ‘ਅਸੀਂ’ ਵਿੱਚ ਬਦਲੋ: ਕੈਪਟਨ

ਚੰਡੀਗੜ੍ਹ - ਪੰਜਾਬ ਸਰਕਾਰ ਨੇ ਸੂਬੇ ਦੀ ਅਫ਼ਸਰਸ਼ਾਹੀ ਨੂੰ ਸਿੱਧੇ ਸ਼ਬਦਾਂ ਵਿੱਚ ਕਿਹਾ ਹੈ ਕਿ ਵਿਧਾਇਕ ਸਰਕਾਰੀ ਤੰਤਰ ਦਾ ਅਹਿਮ ਅੰਗ ਹਨ ਅਤੇ ਉਨ੍ਹਾਂ ਨਾਲ ਮਸਲਿਆਂ ਬਾਰੇ ਚਰਚਾ ਕਰ ਕੇ ਢੁੱਕਵਾਂ ਹੱਲ ਕੱਢਿਆ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਅਧਿਕਾਰੀਆਂ ਨੂੰ ਕਿਹਾ ਹੈ ਕਿ ‘ਤੁਸੀਂ’ ਅਤੇ ‘ਮੈਂ’ ਦਾ ਸੱਭਿਆਚਾਰ ‘ਅਸੀਂ’ ਵਿੱਚ ਬਦਲੇ ਜਾਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਸਮੇਂ ਤੋਂ ਵਿਧਾਇਕ ਲਗਾਤਾਰ ਸ਼ਿਕਾਇਤਾਂ ਕਰਦੇ ਆ ਰਹੇ ਸਨ ਕਿ ਉਨ੍ਹਾਂ ਦੀ ਸਰਕਾਰੇ-ਦਰਬਾਰੇ ਕੋਈ ਪੁੱਛ-ਪ੍ਰਤੀਤ ਨਹੀਂ ਹੋ ਰਹੀ ਹੈ ਅਤੇ ਅਧਿਕਾਰੀ ਉਨ੍ਹਾਂ ਦੀ ਗੱਲ ਨੂੰ ਤਵੱਜੋ ਨਹੀਂ ਦਿੰਦੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਸ਼ਾਸਕੀ ਸਕੱਤਰਾਂ ਅਤੇ ਡਿਪਟੀ ਕਮਿਸ਼ਨਰਾਂ ਦੀਆਂ ਮੀਟਿੰਗਾਂ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਵਿਸ਼ੇਸ਼ ਤੌਰ ’ਤੇ ਸੱਦਿਆ ਸੀ ਤਾਂ ਜੋ ਕਾਂਗਰਸ ਵਿਧਾਇਕਾਂ ਅਤੇ ਪਾਰਟੀ ਵਰਕਰਾਂ ਦੀ ਸੁਣਵਾਈ ਹੋਣ ਦੇ ਸਪਸ਼ਟ ਸੰਕੇਤ ਜਾਣ। ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਕਾਂਗਰਸ ਪਾਰਟੀ ਨੇ ਮੈਨੀਫੈਸਟੋ ਵਿੱਚ ਜਿਹੜੇ ਵਾਅਦੇ ਕੀਤੇ ਹਨ, ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਲਾਗੂ ਕੀਤਾ ਜਾਵੇ। ਵਿਧਾਇਕਾਂ ਦੀ ਸੁਣਵਾਈ ਦੇ ਸਬੰਧ ਵਿੱਚ ਉਨ੍ਹਾਂ ਕੋਲ ਸ਼ਿਕਾਇਤਾਂ ਨਹੀਂ ਆਉਣੀਆਂ ਚਾਹੀਦੀਆਂ ਅਤੇ ਵਿਧਾਇਕਾਂ ਨਾਲ ਗੱਲਬਾਤ ਕਰ ਕੇ ਮਸਲਿਆਂ ਦਾ ਨਿਪਟਾਰਾ ਹੋਣਾ ਚਾਹੀਦਾ ਹੈ। ਆਮ ਲੋਕਾਂ ਦੀ  ਖੱਜਲ ਖੁਆਰੀ ਵੀ ਨਹੀਂ ਹੋਣੀ ਚਾਹੀਦੀ ਤੇ ਉਨ੍ਹਾਂ ਦੇ ਮਸਲੇ ਹੱਲ ਹੋਣ ਚਾਹੀਦੇ ਹਨ। ਮੁੱਖ ਮੰਤਰੀ ਨੇ ਨਰਮੇ ਅਤੇ ਕਪਾਹ ਦੀ ਬਿਜਾਈ ਦੇ ਸੀਜ਼ਨ ’ਚ ਪਿਛਲੇ ਸਾਲ ਵਾਲੀਆਂ ਸ਼ਿਕਾਇਤਾਂ ਨਾ ਆਉਣ ਦੇਣ ਦੀ ਗੱਲ ਆਖੀ ਅਤੇ ਪਿਛਲੇ ਸਾਲ ਨਕਲੀ ਬੀਜਾਂ ਤੇ ਦਵਾਈਆਂ ਦੀਆਂ ਸ਼ਿਕਾਇਤਾਂ ਬਾਬਤ ਪੁੱਛਿਆ। ਕੈਪਟਨ ਨੇ ਅਧਿਕਾਰੀਆਂ ਨੂੰ ਕਣਕ ਦੀ ਖ਼ਰੀਦ ਚੰਗੇ ਢੰਗ ਨਾਲ ਕਰਨ ਲਈ ਵਧਾਈ ਦਿੰਦਿਆ ਆਸ ਜ਼ਾਹਿਰ ਕੀਤੀ ਕਿ ਉਹ ਵੱਖ-ਵੱਖ ਮਸਲਿਆਂ ਨੂੰ ਬਿਹਤਰ ਢੰਗ ਨਾਲ ਹੱਲ ਕਰਨਗੇ। ਸਰਕਾਰੀ ਮੁਲਾਜ਼ਮਾਂ ਵਿਰੁੱਧ ਬਕਾਇਆ ਪਏ 30 ਹਜ਼ਾਰ ਕੇਸਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਇਹ ਕੇਸ ਖਤਮ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਪਹਿਲੀ ਜੁਲਾਈ ਤੋਂ ਸਾਰੇ ਜ਼ਿਲ੍ਹਿਆਂ ਵਿੱਚ ਸਰਕਾਰ ਦੀ ਸਾਂਝੀ ਰਸੋਈ ਸਕੀਮ ਹੇਠ 10 ਰੁਪਏ ਭੋਜਨ ਦੇਣ ਦੇ ਹੁਕਮ ਜਾਰੀ ਕੀਤੇ। ਪੈਨਸ਼ਨ ਅਤੇ ਆਟਾ-ਦਾਲ ਸਕੀਮ ਦੇ ਲਾਭਪਾਤਰੀਆਂ ਦੀ ਸਾਂਝੀ ਪੜਤਾਲ  31 ਜੁਲਾਈ ਤਕ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਬੇਘਰੇ ਅਨੁਸੂਚਿਤ ਜਾਤਾਂ ਅਤੇ ਪਛੜੀਆਂ ਸ਼੍ਰੇਣੀਆਂ ਲਈ ਮੁਫ਼ਤ ਘਰਾਂ ਵਾਸਤੇ ਦਿਹਾਤੀ ਅਤੇ ਪੰਚਾਇਤ ਵਿਭਾਗ ਨੂੰ  ਯੋਜਨਾ ਤਿਆਰ ਕਰਨ ਲਈ ਆਖਿਆ।  ਪਹਿਲੀ ਜੁਲਾਈ ਤੋਂ ਜੀਐਸਟੀ ਲਾਗੂ ਕਰਨ ਸਬੰਧੀ ਸਰਕਾਰ ਦੀ ਤਿਆਰੀ ’ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਪ੍ਰਸ਼ਾਸਕੀ ਸਕੱਤਰਾਂ ਨੂੰ ਸਕੀਮਾਂ ਅਤੇ ਪ੍ਰੋਗਰਾਮ ਤਿਆਰ ਕਰਨ ਵਾਸਤੇ ਆਖਿਆ।
ਮੰਗਲ ਸਿੰਘ ਸਬੰਧੀ ਰਿਪੋਰਟ ਮਹੀਨੇ ’ਚ
ਖੇਤੀਬਾੜੀ ਵਿਭਾਗ ਦੇ ਸਾਬਕਾ ਡਾਇਰੈਕਟਰ ਮੰਗਲ ਸਿੰਘ ਦੇ ਮਾਮਲੇ ਦੀ ਜਾਂਚ ਸੀਨੀਅਰ ਆਈਏਐਸ ਅਧਿਕਾਰੀ ਜਸਪਾਲ ਸਿੰਘ ਕਰ ਰਹੇ ਹਨ ਅਤੇ ਉਹ ਰਿਪੋਰਟ ਇਕ ਮਹੀਨੇ ਵਿੱਚ ਸਰਕਾਰ ਨੂੰ ਸੌਂਪ ਦੇਣਗੇ। ਮੰਗਲ ਸਿੰਘ ਵਿਰੁੱਧ ਨਕਲੀ ਕੀਟਨਾਸ਼ਕ ਦਵਾਈਆਂ ਕਿਸਾਨਾਂ ਨੂੰ ਦੇਣ ਦੇ ਦੋਸ਼ ਲੱਗੇ ਸਨ ਅਤੇ ਇਨ੍ਹਾਂ ਦੋਸ਼ਾਂ ਤਹਿਤ ਹੀ ਉਸ ਨੂੰ ਮੁਅੱਤਲ ਤੇ ਚਾਰਜਸ਼ੀਟ ਕੀਤਾ ਗਿਆ ਸੀ।

 

 

fbbg-image

Latest News
Magazine Archive