ਪੰਜਾਬ ਦੇ ਅਰਮਾਨ ਹੋਏ ਖੇਰੂੰ ਖੇਰੂੰ

ਪੁਣੇ - ਤੇਜ਼ ਗੇਂਦਬਾਜ਼ ਸ਼ਾਰਦੁਲ ਠਾਕੁਰ ਦੀ ਅਗਵਾਈ ਵਿੱਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਨੇ ਆਈਪੀਐਲ ਦੇ ਕਰੋ ਜਾਂ ਮਰੋ ਮੈਚ ਵਿੱਚ ਇੱਥੇ ਕਿੰਗਜ਼ ਇਲੈਵਨ ਪੰਜਾਬ ਨੂੰ 48 ਗੇਂਦਾਂ ਰਹਿੰਦਿਆਂ ਨੌਂ ਵਿਕਟਾਂ ਦੀ ਕਰਾਰੀ ਹਾਰ ਦੇ ਕੇ ਸ਼ਾਨ ਨਾਲ ਆਈਪੀਐਲ ਦਸ ਦੇ ਪਲੇਅ-ਔਫ਼ ਵਿੱਚ ਥਾਂ ਬਣਾਈ, ਜਿੱਥੇ ਫਾਈਨਲ ਵਿੱਚ ਪੁੱਜਣਦੇ ਉਸ ਨੂੰ ਦੋ ਮੌਕੇ ਮਿਲਣਗੇ।
ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਮਿਲਣ ’ਤੇ 15.5 ਓਵਰਾਂ ਵਿੱਚ 73 ਦੌੜਾਂ ’ਤੇ ਢੇਰ ਹੋ ਗਈ, ਜਿਹੜਾ ਉਸ ਦਾ ਇਸ ਟੀ-20 ਟੂਰਨਾਮੈਂਟ ਵਿੱਚ ਸਭ ਤੋਂ ਘੱਟ ਸਕੋਰ ਹੈ। ਪੁਣੇ ਨੇ 12 ਓਵਰਾਂ ਵਿੱਚ ਇੱਕ ਵਿਕਟ ਦੇ ਨੁਕਸਾਨ ’ਤੇ 78 ਦੌੜਾਂ ਬਣਾ ਕੇ ਅੰਕ ਸੂਚੀ ਵਿੱਚ ਦੂਜਾ ਸਥਾਨ ਹਾਸਲ ਕੀਤਾ।
ਇਸ ਤਰ੍ਹਾਂ ਪੁਣੇ (18 ਅੰਕ) ਅਤੇ ਮੁੰਬਈ ਇੰਡੀਅਨਜ਼ (20 ਅੰਕ) ਦੋਹੇਂ 16 ਮਈ ਨੂੰ ਪਹਿਲੇ ਕੁਆਲੀਫਾਇਰ ਵਿੱਚ ਭਿੜਨਗੀਆਂ।
ਇਸ ਵਿੱਚ ਹਾਰਨ ਵਾਲੀ ਟੀਮ ਨੂੰ ਦੂਜੇ ਕੁਆਲੀਫਾਇਰ ਵਿੱਚ ਖੇਡਣ ਦਾ ਮੌਕਾ ਮਿਲੇਗਾ ਜਿਹੜਾ 19 ਮਈ ਨੂੰ ਖੇਡਿਆ ਜਾਵੇਗਾ। ਪਲੇਅ-ਔਫ਼ ਵਿੱਚ ਪੁੱਜਣ ਵਾਲੀਆਂ ਦੋ ਹੋਰ ਟੀਮਾਂ ਸਨਰਾਈਜ਼ਰਜ਼ ਹੈਦਰਾਬਾਦ (17 ਅੰਕ) ਅਤੇ ਕੋਲਕਾਤਾ ਨਾਈਟਰਾਈਡਰਜ਼ (16 ਅੰਕ) ਨੂੰ 17 ਮਈ ਨੂੰ ਹੋਣ ਵਾਲੇ ਅਲਿਮੀਨੇਟਰ ਜ਼ਰੀਏ ਕੁਆਲੀਫਾਇਰ ਵਿੱਚ ਥਾਂ ਬਨਾਉਣੀ ਪਵੇਗੀ। ਅੱਜ ਠਾਕੁਰ ਨੇ ਚਾਰ ਓਵਰਾਂ ਵਿੱਚ 19 ਦੌੜਾਂ ਦੇ ਕੇ ਤਿੰਨ ਵਿਕਟਾਂ ਝਟਕਾਈਆਂ। ਉਨਾਦਕਟ (12 ਦੌੜਾਂ ਦੇ ਕੇ ਦੋ), ਡੈਨ ਕ੍ਰਿਸਟੀਅਨ (10 ਦੌੜਾਂ ਦੇ ਕੇ ਦੋ ਵਿਕਟਾਂ) ਅਤੇ ਐਡਮ ਜੰਪਾ (22 ਦੌੜਾਂ ਦੇ ਕੇ ਦੋ ਵਿਕਟਾਂ) ਨੇ ਉਸ ਦਾ ਚੰਗਾ ਸਾਥ ਦਿੱਤਾ।
ਕਿੰਗਜ਼ ਇਲੈਵਨ ਦੇ ਚਾਰ ਬੱਲੇਬਾਜ਼ ਦੋਹਰੇ ਅੰਕ ਵਿੱਚ ਪੁੱਜੇ ਜਿਨ੍ਹਾਂ ਵਿੱਚ ਅਕਸ਼ਰ ਪਟੇਲ ਨੇ ਸਭ ਤੋਂ ਵੱਧ 22 ਦੌੜਾਂ ਬਣਾਈਆਂ। ਪੁਣੇ ਦੀ ਜਿੱਤ ਲਗਭਗ ਪੱਕੀ ਸੀ ਇਸ ਲਈ ਉਸ ਨੇ ਟੀਚੇ ਤੱਕ ਪੁੱਜਣ ਲਈ ਕੋਈ ਕਾਹਲੀ ਨਹੀਂ ਕੀਤੀ ਕਿਉਂਕਿ ਮੈਚ ਜਿੱਤਣ ’ਤੇ ਹੀ ਉਸ ਦਾ ਅੰਕ ਸੂਚੀ ਵਿੱਚ ਦੂਜਾ ਸਥਾਨ ਤੈਅ ਸੀ। ਪਹਿਲੇ ਪੰਜ ਓਵਰਾਂ ਵਿੱਚ ਸਿਰਫ਼ ਰਾਹੁਲ ਤ੍ਰਿਪਾਠੀ (20 ਗੇਂਦਾਂ ਵਿੱਚ 28 ਦੌੜਾਂ) ਦਾ ਬੱਲਾ ਚੱਲਿਆ ਜਿਸ ਨੇ ਚਾਰ ਚੌਕਿਆਂ ਤੋਂ ਇਲਾਵਾ ਰਾਹੁਲ ਟਿਵਾਤੀਆ ਨੂੰ ਮਿਡਵਿਕਟ ’ਤੇ ਛੱਕਾ ਵੀ ਜੜਿਆ। ਤ੍ਰਿਪਾਠੀ ਪਾਵਰਪਲੇਅ ਦੇ ਆਖਰੀ ਓਵਰ ਵਿੱਚ ਅਕਸ਼ਰ ਪਟੇਲ ਦੀ ਗੇਂਦ ਨੂੰ ਸਵੀਪ ਕਰਨ ਦੇ ਚੱਕਰ ਵਿੱਚ ਬੋਲਡ ਹੋ ਗਿਆ, ਜਿਸ ਤੋਂ ਬਾਅਦ ਅਜਿੰਕਿਆ ਰਹਾਣੇ (34 ਗੇਂਦਾਂ ਵਿੱਚ ਨਾਬਾਦ 34) ਅਤੇ ਕਪਤਾਨ ਸਟੀਵਨ ਸਮਿੱਥ (18 ਗੇਂਦਾਂ ਵਿੱਚ ਨਾਬਾਦ 15) ਨੇ ਸਹਿਜੇ ਸਹਿਜੇ ਦੌੜਾਂ ਬਣਾਈਆਂ।
ਇਸੇ ਦੌਰਾਨ ਜਦੋਂ ਰਹਾਣੇ 20 ਦੌੜਾਂ ’ਤੇ ਸੀ ਤਾਂ ਮਾਰਟਿਨ ਗੁਪਟਿਲ ਨੇ ਉਸ ਨੂੰ ਜੀਵਨਦਾਨ ਵੀ ਦਿੱਤਾ। ਰਹਾਣੇ ਨੇ ਗਲੈਨ ਮੈਕਸਵੈੱਲ ਦੀ ਗੇਂਦ ’ਤੇ ਜੇਤੂ ਛੱਕਾ ਜੜਿਆ। ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਪਿਛਲੇ ਤਿੰਨ ਮੈਚਾਂ ਤੋਂ ਕਰੋ ਜਾਂ ਮਰੋ ਦੀ ਹਾਲਤ ਵਿੱਚ ਸੀ। ਉਸ ਨੇ ਪਿਛਲੇ ਦੋਹੇਂ ਮੈਚ ਜਿੱਤ ਕੇ ਪਲੇਅ-ਔਫ਼ ਵਿੱਚ ਪੁੱਜਣ ਦੀ ਆਪਣੀ ਆਸ ਕਾਇਮ ਰੱਖੀ, ਪਰ ਅੱਜ ਜਦੋਂ ਪੁਣੇ ਖ਼ਿਲਾਫ਼ ਉਸ ਦਾ ਮੈਚ ਨਾਕਆਊਟ ਵਰਗਾ ਸੀ ਤਾਂ ਉਸ ਦੇ ਬੱਲੇਬਾਜ਼ਾਂ ਨੇ ਸ਼ਮਰਨਾਕ ਪ੍ਰਦਰਸ਼ਨ ਕੀਤਾ।

 

 

fbbg-image

Latest News
Magazine Archive